ਲ਼ੋਕਾਂ ਦਾ ਵਿਸ਼ਵਾਸ ਹੀ ਆਪ ਦੀ ਤਾਕਤ : ਦੀਪਾ
ਲ਼ੋਕਾਂ ਦਾ ਵਿਸ਼ਵਾਸ ਹੀ ਆਪ ਦੀ ਤਾਕਤ ,ਗੁਰਦੀਪ ਦੀਪਾ
Publish Date: Tue, 16 Jun 2026 07:34 PM (IST)
Updated Date: Tue, 16 Jun 2026 07:36 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਸਾਢੇ ਚਾਰ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ। ਉਨ੍ਹਾਂ ਦੇ ਸਾਢੇ ਚਾਰ ਸਾਲ ਦੇ ਸਫ਼ਰ ਵੱਲ ਝਾਤ ਮਾਰੀਏ ਤਾਂ ਪੰਜਾਬ ਅੰਦਰ ਕਈ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ ਜਿਵੇਂ ਇਕ ਕਲਾਸ ਵਿਚ ਨਵੇਂ ਆਏ ਬੱਚੇ ਨੂੰ ਪੁਰਾਣੇ ਵਿਦਿਆਰਥੀ ਤੰਗ-ਪ੍ਰੇਸ਼ਾਨ ਕਰਦੇ ਹਨ, ਅਜਿਹੇ ਹਾਲਾਤ ਪੰਜਾਬ ਵਿਚ ਵੀ ਦੇਖਣ ਨੂੰ ਮਿਲੇ। ਉਸਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਨੂੰ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ ਹੈ। ਇਸ ਸਫਰ ਸਬੰਧੀ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਜੋ ਵਾਅਦੇ ਕੀਤੇ, ਚਾਰ ਸਾਲਾਂ ’ਚ ਪੂਰੇ ਕੀਤੇ ਆਮ ਆਦਮੀ ਪਾਰਟੀ ਦੇ ਫਗਵਾੜਾ ਦੇ ਸੰਗਠਨ ਇੰਚਾਰਜ ਗੁਰਦੀਪ ਸਿੰਘ ਦੀਪਾ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਸਮੇਂ ਜਦੋਂ ਚੋਣਾਂ ਦੇ ਛੇ ਕੁ ਮਹੀਨੇ ਬਚਦੇ ਸਨ, ਉਦੋਂ ਲੋਕਾਂ ਨੂੰ ਨਵੇਂ-ਨਵੇਂ ਸ਼ਿਗੂਫ਼ੇ ਵੰਡੇ ਜਾਂਦੇ ਸਨ ਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਚਾਰ ਸਾਲਾਂ ਵਿਚ ਹੀ ਪੂਰੇ ਕਰਕੇ ਦਿਖਾਏ ਹਨ। ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿੰਦ ਰਹੇ ਸਨ, ਉਨ੍ਹਾਂ ਵਲੋਂ ਪੰਜਾਬ ਦੀਆਂ ਬੇੜੀਆਂ ਵਿਚ ਪਾਏ ਵੱਟਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਗੀ ਤਰਾਂ ਚੁਗਿਆ ਗਿਆ ਤੇ ਵਿਕਾਸ ਨਾਲ ਮੁੰਹ-ਤੋੜ ਜਵਾਬ ਦਿੱਤਾ ਗਿਆ। ਲਗਪਗ ਹਰ ਖੇਤਰ ਵਿਚ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਆਪ ਸਰਕਾਰ ਵੱਲੋਂ ਬਿਹਤਰੀਨ ਕੰਮ ਕੀਤਾ ਗਿਆ ਹੈ ਤੇ ਅਗਲੇ ਸਾਲਾਂ ਵਿਚ ਹੋਰ ਵੀ ਜ਼ਿਆਦਾ ਬਿਹਤਰ ਕੰਮ ਕਰਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਵੱਲ ਚੁੱਕੇ ਗਏ ਕਦਮਾਂ ਨੂੰ ਬੂਰ ਪੈਂਦਾ ਵੀ ਦਿਖਾਈ ਦੇਵੇਗਾ। ਬਿਜਲੀ ਮੁਫਤ, ਇਲਾਜ ਮੁਫਤ, ਰਾਸ਼ਨ ਮੁਫਤ, ਸਿੱਖਿਆ ਮੁਫਤ ਹਰ ਖੇਤਰ ਵਿਚ ਲੋਕਾਂ ਦਾ ਜੀਵਨ ਸੁਧਾਰ ਕਰਨ ਵਾਲੇ ਫੈਸਲੇ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੜ ਤੋਂ ਪੰਜਾਬ ਅੰਦਰ 2027 ਵਿਚ ਸਰਕਾਰ ਬਣਾਉਣ ਜਾ ਰਹੇ ਹਨ। ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ ਬਲਾਕ ਇੰਚਾਰਜ ਸਮਰ ਗੁਪਤਾ ਨੇ ਕਿਹਾ ਕਿ ਚਾਰ ਸਾਲਾਂ ਵਿਚ ਹੀ ਲਗਭਗ 40,000 ਨਵੀਆਂ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ ਜਦ ਕਿ 90 ਫ਼ੀਸਦੀ ਘਰਾਂ ਦਾ ਬਿਲ ਜ਼ੀਰੋ ਆ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਚੁੱਕਣ ਵਾਲੇ ਸਿਆਸੀ ਆਗੂਆਂ ਨੇ ਆਪਣੇ ਸਮੇਂ ਅਜਿਹੇ ਉਪਰਾਲੇ ਕਿਉਂ ਨਹੀਂ ਕੀਤੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਪੰਜਾਬ ਦੇ ਲੋਕ ਬਹੁਤ ਸਿਆਣੇ ਹਨ, ਉਹ ਸਮਝਦੇ ਹਨ ਕਿ ਆਮ ਆਦਮੀ ਪਾਰਟੀ ਦੀ ਛਵੀ ਖਰਾਬ ਕਰਨ ਲਈ ਝੂਠਾ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੇ ਸਾਲ ਵਿਚ ਹੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ, ਬਿਜਲੀ ਬਿਲ ਮੁਆਫ਼ ਕੀਤੇ ਹਨ, ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ 380 ਤੋਂ ਵਧ ਭ੍ਰਿਸ਼ਟਾਚਾਰੀਆਂ ਨੂੰ ਗ੍ਰਿਫਤਾਰ ਕਰਨਾ, ਜਿਸ ਵਿਚ ਆਪਣੇ-ਬੇਗਾਨੇ ਦਾ ਭੇਦਭਾਵ ਨਾ ਕਰਕੇ ਜੋ ਵੀ ਭ੍ਰਿਸ਼ਟਾਚਾਰੀ ਹੈ, ਉਸ ਨੂੰ ਜੇਲ੍ਹ ਵਿਚ ਡੱਕਣਾ ਸਿਰਫ ਆਪ ਦੀ ਸਰਕਾਰ ਵਿਚ ਹੀ ਮੁਮਕਿਨ ਹੋ ਸਕਦਾ ਸੀ। ਪਹਿਲੀਆਂ ਸਰਕਾਰਾਂ ਤਾ ਆਪਣੀ ਬਦਨਾਮੀ ਦੇ ਡਰ ਕਾਰਨ ਆਪਣੇ ਲੀਡਰਾਂ ਦੇ ਭ੍ਰਿਸ਼ਟਾਚਾਰ ਨੂੰ ਲੁਕਾਉਣ ਦਾ ਯਤਨ ਕਰਦੀਆਂ ਸਨ। ਆਪ ਦੀ ਸਰਕਾਰ ਦਾ ਇਕੋ-ਇਕ ਮੰਤਵ ਹੈ ਜਿਸਨੇ ਵੀ ਪੰਜਾਬ ਦਾ ਪੈਸਾ ਖਾਧਾ ਹੈ, ਬੇਈਮਾਨੀ ਕੀਤੀ ਹੈ ਉਸ ਨੂੰ ਜੇਲ੍ਹ ਵਿਚ ਜਾਣਾ ਚਾਹੀਦਾ ਹੈ। ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਬਲਾਕ ਇੰਚਾਰਜ ਬਲਵੀਰ ਠਾਕੁਰ ਨੇ ਕਿਹਾ ਕਿ ਸਕੂਲ ਆਫ ਐਮੀਨੈਂਸ ਤਹਿਤ 117 ਸਕੂਲਾਂ ਨੂੰ ਉੱਚ ਪੱਧਰੀ ਦਰਜਾ ਦੇ ਕੇ ਬੱਚਿਆਂ ਦੀ ਪੜ੍ਹਾਈ ਨੂੰ ਬਿਹਤਰ ਬਣਾਉਣ ਲਈ ਕੀਤੇ ਯਤਨ ਸ਼ਲਾਘਾਯੋਗ ਹਨ। ਸਿੱਖਿਆ ਦੇ ਨਾਲ-ਨਾਲ ਜੋ ਬੱਚੇ ਖੇਡਾਂ ਜਾਂ ਹੋਰ ਖੇਤਰਾਂ ਵਿਚ ਆਪਣਾ ਨਾਮ ਚਮਕਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਿੱਖਿਆ ਦੇ ਨਾਲ-ਨਾਲ ਖੇਡਾਂ ਖਿਡਾਉਣ ਲਈ ਸਕੂਲ ਆਫ ਐਮੀਨੈਂਸ ਰਾਹੀਂ ਯਤਨ ਕੀਤੇ ਗਏ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕੋ-ਇਕ ਮਕਸਦ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣਾ ਹੈ ਇਸੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੂਰੀ ਟੀਮ ਦਿਨ-ਰਾਤ ਯਤਨ ਕਰ ਰਹੀ ਹੈ। ਜਿਵੇਂ ਲੋਕਾਂ ਨੇ ਪਹਿਲਾਂ ਆਪਣਾ ਭਰੋਸਾ ਦਿਖਾਇਆ ਇਸੇ ਤਰ੍ਹਾਂ ਆਪਣਾ ਵਿਸ਼ਵਾਸ਼ ਬਣਾਈ ਰੱਖਣ ਕਿਉਂਕਿ ਪੰਜਾਬ ਦਾ ਆਉਣ ਵਾਲਾ ਭਵਿੱਖ ਵਧੀਆ ਹੱਥਾਂ ਵਿਚ ਆ ਚੁੱਕਾ ਹੈ। ਪੰਜਾਬ ਦੇ ਲੋਕ 70 ਸਾਲਾਂ ਤੋਂ ਅਕਾਲੀ ਤੇ ਕਾਂਗਰਸੀਆਂ ਦੇ ਸ਼ਾਸਨ ਨੂੰ ਹੀ ਦੇਖ ਰਹੇ ਸਨ ਤੇ ਉਹ ਵੀ ਥੱਕ ਹਾਰ ਕੇ ਬਹਿ ਚੁੱਕੇ ਸਨ ਕਿ ਪੰਜਾਬ ਦਾ ਕੁਝ ਨਹੀਂ ਹੋਣ ਵਾਲਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਲੋਕਾਂ ਨੂੰ ਵੀ ਵਿਸ਼ਵਾਸ਼ ਹੋ ਗਿਆ ਹੈ ਕਿ ਹੁਣ ਪੰਜਾਬ ਦਾ ਨਕਸ਼ਾ ਜ਼ਰੂਰ ਬਦਲੇਗਾ। ਪਹਿਲੀਆਂ ਸਰਕਾਰਾਂ ਵਿਚ ਵਾਅਦੇ ਕੀਤੇ ਜਾਂਦੇ ਸਨ। ਆਪ ਸਰਕਾਰ ਵਾਅਦਿਆਂ ਨੂੰ ਪੂਰੇ ਕਰਕੇ ਲੋਕਾਂ ਨੂੰ ਬੁਨਿਆਦੀ ਲੋੜਾਂ ਪੂਰੀਆ ਕਰਵਾ ਰਹੀ ਹੈ। ਪੰਜਾਬ ਦੇ ਹਰ ਖੇਤਰ ਵਿਚ ਨੌਜਵਾਨਾਂ ਨੂੰ ਨੌਕਰੀਆਂ, ਮੱਧ ਵਰਗ ਲਈ ਬਿਜਲੀ ਮੁਆਫੀ, ਕਿਸਾਨਾਂ ਨੂੰ ਮੁਫਤ ਬਿਜਲੀ ਦਾ ਲਾਭ, ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਗੰਨੇ ਦੀ ਸਰਬਉੱਚ ਕੀਮਤ, ਭ੍ਰਿਸ਼ਟਾਚਾਰ ਵਿਰੁਧ ਕਾਰਵਾਈ, ਸ਼ਹੀਦਾਂ ਦੇ ਪਰਿਵਾਰਾਂ ਲਈ 1 ਕਰੋੜ ਐਕਸ ਗਰੇਸ਼ੀਆ ਆਦਿ ਸਾਰੇ ਕੰਮ ਪੂਰੇ ਕੀਤੇ ਗਏ ਹਨ। ਕੂੜ ਪ੍ਰਚਾਰ ਕਰਨ ਵਾਲਿਆਂ ਦਾ ਕੰਮ ਸਿਰਫ ਕੂੜ ਪ੍ਰਚਾਰ ਕਰਨਾ ਹੈ। ਆਪ ਦੀ ਸਰਕਾਰ ਨੇ ਕੀਤੇ ਵਿਕਾਸ ਕਾਰਜਾਂ ਨੂੰ ਲੋਕੀ ਸਿਰ-ਮੱਥੇ ਲੈ ਰਹੇ ਹਨ ਤੇ ਪੂਰੇ ਪੰਜਾਬ ਅੰਦਰ ਮੁਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਹੋ ਰਹੀ ਹੈ।