ਜੀਟੀ ਰੋਡ ਫਲਾਈਓਵਰ ਹੇਠਾਂ ਹਰ ਸਾਲ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝਦੇ ਹਨ ਲੋਕ : ਬੰਟੀ ਵਾਲੀਆ ਜੀ.ਟੀ. ਰੋਡ ਫਲਾਈਓਵਰ ਹੇਠਾਂ ਹਰ ਸਾਲ ਬਰਸਾਤੀ ਪਾਣੀ ਦੀ ਸਮੱਸਿਆ ਨਾਲ ਜੂਝਦੇ ਹਨ ਲੋਕ : ਬੰਟੀ ਵਾਲੀਆ
Publish Date: Thu, 09 Jul 2026 09:11 PM (IST)
Updated Date: Thu, 09 Jul 2026 09:12 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ ਨੈਸ਼ਨਲ ਹਾਈਵੇ-1 ’ਤੇ ਜੇਸੀਟੀ ਮਿੱਲ ਅਤੇ ਮਾਡਲ ਟਾਊਨ ਦੇ ਵਿਚਕਾਰ ਬਣੇ ਫਲਾਈਓਵਰ ਹੇਠਾਂ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਖੜ੍ਹਾ ਰਹਿਣ ਵਾਲਾ ਪਾਣੀ ਇੱਕ ਵਾਰ ਫਿਰ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਬਰਸਾਤ ਦਾ ਮੌਸਮ ਸ਼ੁਰੂ ਹੁੰਦੇ ਹੀ ਸਥਾਨਕ ਲੋਕਾਂ ਨੂੰ ਇਹ ਚਿੰਤਾ ਸਤਾਉਣ ਲੱਗ ਪਈ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਫਲਾਈਓਵਰ ਹੇਠਾਂ ਕਈ-ਕਈ ਦਿਨਾਂ ਤੱਕ ਪਾਣੀ ਖੜ੍ਹਾ ਰਹੇਗਾ ਅਤੇ ਆਉਣ-ਜਾਣ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸਮੱਸਿਆ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਨਗਰ ਨਿਗਮ ਫਗਵਾੜਾ ਦੇ ਕਾਂਗਰਸੀ ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਇਹ ਕੋਈ ਨਵੀਂ ਸਮੱਸਿਆ ਨਹੀਂ ਹੈ। ਕਈ ਸਾਲਾਂ ਤੋਂ ਹਰ ਬਰਸਾਤ ਵਿੱਚ ਫਲਾਈਓਵਰ ਹੇਠਾਂ ਪਾਣੀ ਭਰ ਜਾਂਦਾ ਹੈ ਅਤੇ ਕਈ ਹਫ਼ਤਿਆਂ ਤੱਕ ਉੱਥੇ ਹੀ ਖੜ੍ਹਾ ਰਹਿੰਦਾ ਹੈ। ਜਦੋਂ ਤੱਕ ਪਾਣੀ ਆਪਣੇ ਆਪ ਨਹੀਂ ਸੁੱਕ ਜਾਂਦਾ, ਉਦੋਂ ਤੱਕ ਪ੍ਰਸ਼ਾਸਨ ਵੱਲੋਂ ਇਸ ਦੀ ਨਿਕਾਸੀ ਲਈ ਸ਼ਾਇਦ ਹੀ ਕੋਈ ਠੋਸ ਉਪਰਾਲਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਦੋਪਹੀਆ ਵਾਹਨ ਚਾਲਕਾਂ, ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਪੈਦਲ ਰਾਹਗੀਰਾਂ ਨੂੰ ਝੱਲਣੀ ਪੈਂਦੀ ਹੈ। ਲੋਕ ਵਾਹਨ ਖਰੀਦਦੇ ਸਮੇਂ ਰੋਡ ਟੈਕਸ ਅਦਾ ਕਰਦੇ ਹਨ, ਪਰ ਇਸ ਦੇ ਬਾਵਜੂਦ ਸੜਕਾਂ ’ਤੇ ਹਾਦਸਿਆਂ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। ਬਰਸਾਤ ਦੇ ਮੌਸਮ ਵਿੱਚ ਖੜ੍ਹਾ ਪਾਣੀ ਡੇਂਗੂ ਮੱਛਰਾਂ ਅਤੇ ਹੋਰ ਗੰਭੀਰ ਬਿਮਾਰੀਆਂ ਨੂੰ ਵੀ ਵਧਾਵਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦਾ ਸਮਾਂ ਹੋਵੇ ਜਾਂ ਕਿਸੇ ਵਿਕਾਸ ਕਾਰਜ ਦੀ ਗੱਲ, ਲਗਭਗ ਹਰ ਸਰਕਾਰ ਅਤੇ ਇਲਾਕੇ ਦੇ ਵੱਡੇ ਸਿਆਸਤਦਾਨ ਇਸ ਫਲਾਈਓਵਰ ਦੀ ਉਸਾਰੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰਦੇ ਹਨ। ਕੋਈ ਇਸ ਨੂੰ ਆਪਣੀ ਪ੍ਰਾਪਤੀ ਦੱਸਦਾ ਹੈ ਤਾਂ ਕੋਈ ਆਪਣੇ ਯਤਨਾਂ ਦਾ ਨਤੀਜਾ। ਪਰ ਸਵਾਲ ਇਹ ਹੈ ਕਿ ਜਿਸ ਫਲਾਈਓਵਰ ਦਾ ਸਿਹਰਾ ਲੈਣ ਦੀ ਹੋੜ ਰਹਿੰਦੀ ਹੈ, ਉਸ ਦੀ ਦੇਖਭਾਲ ਅਤੇ ਉਸ ਦੇ ਉੱਪਰ-ਹੇਠਾਂ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦੀ ਜ਼ਿੰਮੇਵਾਰੀ ਆਖ਼ਰ ਕੌਣ ਲਵੇਗਾ? ਬੰਟੀ ਵਾਲੀਆ ਨੇ ਕਿਹਾ ਕਿ ਵਿਕਾਸ ਕਾਰਜ ਸਿਰਫ਼ ਨਿਰਮਾਣ ਤੱਕ ਹੀ ਸੀਮਤ ਨਹੀਂ ਹੋਣੇ ਚਾਹੀਦੇ, ਸਗੋਂ ਉਨ੍ਹਾਂ ਦੀ ਨਿਯਮਤ ਦੇਖਭਾਲ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨਾ ਵੀ ਉਨ੍ਹਾਂ ਹੀ ਜ਼ਰੂਰੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਫਲਾਈਓਵਰ ਹੇਠਾਂ ਜਲ ਭਰਾਅ ਨੂੰ ਰੋਕਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ, ਸੜਕ ਸੁਰੱਖਿਆ ਅਤੇ ਆਵਾਜਾਈ ਦੀ ਸੁਚਾਰੂ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪੁਰਾਣੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਨਿਯਮਤ ਜਲ ਨਿਕਾਸੀ ਦੀ ਵਿਵਸਥਾ ਕਰਨ ਅਤੇ ਭਵਿੱਖ ਵਿੱਚ ਅਜਿਹੀ ਸਥਿਤੀ ਦੁਬਾਰਾ ਪੈਦਾ ਨਾ ਹੋਵੇ, ਇਸ ਲਈ ਵਿਗਿਆਨਕ ਡਰੇਨੇਜ ਸਿਸਟਮ ਵਿਕਸਿਤ ਕਰਨ ਦੀ ਵੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਐੱਨਐੱਚਏਆਈ ਤੋਂ ਵੀ ਮੰਗ ਕਰਦਿਆਂ ਕਿਹਾ ਕਿ ਟੋਲ ਟੈਕਸ ਵਸੂਲਣ ਦੇ ਨਾਲ-ਨਾਲ ਫਲਾਈਓਵਰ ਦੇ ਉੱਪਰ ਉੱਗੀ ਘਾਹ-ਬੂਟੀ ਅਤੇ ਗੰਦਗੀ ਦੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ।