- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਿਸ ਪੰਜਾਬ ਦੇ ਵਿੱਚ ਸੰਗਠਨਾਤਮਕ ਫੇਰਬਦਲ ਅਤੇ ਆਗੂਆਂ ਵਿਚਾਲੇ ਮਤਭੇਦ ਸਾਹਮਣੇ ਆਉਂਦੇ ਰਹੇ ਹਨ। ਬੀਬੀ ਦੀ ਬਾਦਲ ਦਲ ਵਿੱਚ ਵਾਪਸੀ ਨਾਲ ਇਸ ਜਥੇਬੰਦੀ ਅਤੇ ਪੁਨਰ ਸੁਰਜੀਤ ਅਕਾਲੀ ਦਲ ਵਿਚਾਲੇ ਸੰਭਾਵੀ ਤਾਲਮੇਲ ਪ੍ਰਭਾਵਿਤ ਹੋ ਸਕਦਾ ਹੈ। ਦੋਆਬੇ ਵਿੱਚ ਭੁਲੱਥ, ਕਪੂਰਥਲਾ ਅਤੇ ਜਲੰਧਰ ਦੀ ਸਿਆਸਤ ’ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਬੀਬੀ ਦੀ ਸਿਆਸੀ ਪਛਾਣ ਬਾਦਲ ਦਲ ਲਈ ਅਹਿਮ ਹੋ ਸਕਦੀ ਹੈ।

ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਬੀਬੀ ਜਾਗੀਰ ਕੌਰ ਦੀ ਵਾਪਸੀ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਖਬੀਰ ਬਾਦਲ ਵੱਲੋਂ ਪੰਥਕ ਤਾਕਤ ਇਕੱਠੀ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰੇਮ ਸਿੰਘ ਚੰਦੂਮਾਜਰਾ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਪਾਰਟੀ ਤੋਂ ਵੱਖ ਹੋਏ ਸੀਨੀਅਰ ਆਗੂਆਂ ਨੂੰ ਮੁੜ ਨਾਲ ਜੋੜਨ ਦੀ ਕੜੀ ਹੈ। ਦੋ ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਪੁਨਰ ਸੁਰਜੀਤ ਅਕਾਲੀ ਦਲ ਨਾਲ ਜੁੜੀ ਰਹੀ ਬੀਬੀ ਦੇ ਇਸ ਫ਼ੈਸਲੇ ਨਾਲ ਇਸ ਧੜੇ ਦੀ ਏਕਤਾ ’ਤੇ ਵੀ ਸਵਾਲ ਖੜ੍ਹੇ ਹੋਏ ਹਨ।
ਪੁਨਰ ਸੁਰਜੀਤ ਅਕਾਲੀ ਦਲ ਨੂੰ ਝਟਕਾ
ਬੀਬੀ ਦੀ ਵਾਪਸੀ ਨਾਲ ਪੁਨਰ ਸੁਰਜੀਤ ਅਕਾਲੀ ਦਲ ਨੂੰ ਦੋਆਬੇ ਵਿੱਚ ਸਿਆਸੀ ਨੁਕਸਾਨ ਹੋ ਸਕਦਾ ਹੈ। ਗੁਰਪ੍ਰਤਾਪ ਸਿੰਘ ਵਡਾਲਾ ਅਤੇ ਮਨਪ੍ਰੀਤ ਸਿੰਘ ਇਆਲੀ ਵਰਗੇ ਆਗੂਆਂ ਦੇ ਵਾਰਿਸ ਪੰਜਾਬ ਦੇ ਨਾਲ ਜੁੜਨ ਮਗਰੋਂ ਇਹ ਧੜਾ ਪਹਿਲਾਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਹੁਣ ਇਸ ਲਈ ਆਪਣੀ ਵੱਖਰੀ ਪਛਾਣ ਕਾਇਮ ਰੱਖਣਾ ਮੁਸ਼ਕਲ ਹੋ ਸਕਦਾ ਹੈ।
ਐੱਸਜੀਪੀਸੀ ਦੀ ਪ੍ਰਧਾਨਗੀ ’ਤੇ ਨਜ਼ਰਾਂ
20 ਨਵੰਬਰ ਦੇ ਸਾਲਾਨਾ ਜਨਰਲ ਇਜਲਾਸ ਵਿੱਚ ਐੱਸਜੀਪੀਸੀ ਦੇ ਅਗਲੇ ਪ੍ਰਧਾਨ ਦੀ ਚੋਣ ਹੋਣੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮੁੜ ਦਾਅਵੇਦਾਰੀ ਵਿਚਕਾਰ ਤਿੰਨ ਵਾਰ ਪ੍ਰਧਾਨ ਰਹਿ ਚੁੱਕੀ ਬੀਬੀ ਜਾਗੀਰ ਕੌਰ ਦਾ ਨਾਂ ਵੀ ਚਰਚਾ ਵਿੱਚ ਹੈ। ਉਨ੍ਹਾਂ ਕੋਲ ਸੰਸਥਾ ਦੇ ਪ੍ਰਬੰਧਕੀ ਕੰਮਕਾਜ ਦਾ ਲੰਮਾ ਤਜਰਬਾ ਹੈ। ਐੱਸਜੀਪੀਸੀ ਦੇ ਪ੍ਰਬੰਧਾਂ ਨੂੰ ਲੈ ਕੇ ਪੰਥ ਵਿੱਚ ਉੱਠਦੇ ਸਵਾਲਾਂ ਦਰਮਿਆਨ ਜੇ ਸੁਖਬੀਰ ਬਾਦਲ ਉਨ੍ਹਾਂ ਦੀ ਉਮੀਦਵਾਰੀ ਦਾ ਸਮਰਥਨ ਕਰਦੇ ਹਨ ਤਾਂ ਇਸ ਨੂੰ ਮਹਿਲਾ ਆਗੂ ਨੂੰ ਅਹਿਮੀਅਤ ਦੇਣ ਅਤੇ ਸੰਸਥਾ ਦੀ ਭਰੋਸੇਯੋਗਤਾ ਬਹਾਲ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ। ਹਾਲਾਂਕਿ ਪ੍ਰਧਾਨ ਦੀ ਚੋਣ ਜਨਰਲ ਹਾਊਸ ਦੇ ਮੈਂਬਰਾਂ ਨੇ ਕਰਨੀ ਹੈ, ਇਸ ਲਈ ਉਨ੍ਹਾਂ ਦੀ ਵਾਪਸੀ ਜਿੱਤ ਦੀ ਗਾਰੰਟੀ ਨਹੀਂ ਹੈ।
ਵਾਰਿਸ ਪੰਜਾਬ ਦੇ ਦੀ ਰਣਨੀਤੀ ’ਤੇ ਅਸਰ
ਵਾਰਿਸ ਪੰਜਾਬ ਦੇ ਵਿੱਚ ਸੰਗਠਨਾਤਮਕ ਫੇਰਬਦਲ ਅਤੇ ਆਗੂਆਂ ਵਿਚਾਲੇ ਮਤਭੇਦ ਸਾਹਮਣੇ ਆਉਂਦੇ ਰਹੇ ਹਨ। ਬੀਬੀ ਦੀ ਬਾਦਲ ਦਲ ਵਿੱਚ ਵਾਪਸੀ ਨਾਲ ਇਸ ਜਥੇਬੰਦੀ ਅਤੇ ਪੁਨਰ ਸੁਰਜੀਤ ਅਕਾਲੀ ਦਲ ਵਿਚਾਲੇ ਸੰਭਾਵੀ ਤਾਲਮੇਲ ਪ੍ਰਭਾਵਿਤ ਹੋ ਸਕਦਾ ਹੈ। ਦੋਆਬੇ ਵਿੱਚ ਭੁਲੱਥ, ਕਪੂਰਥਲਾ ਅਤੇ ਜਲੰਧਰ ਦੀ ਸਿਆਸਤ ’ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਬੀਬੀ ਦੀ ਸਿਆਸੀ ਪਛਾਣ ਬਾਦਲ ਦਲ ਲਈ ਅਹਿਮ ਹੋ ਸਕਦੀ ਹੈ।
ਪੁਰਾਣੇ ਮਤਭੇਦਾਂ ਦੀ ਚੁਣੌਤੀ
ਬੀਬੀ ਜਾਗੀਰ ਕੌਰ ਪਹਿਲਾਂ ਸੁਖਬੀਰ ਬਾਦਲ ਦੀ ਅਗਵਾਈ ਅਤੇ ਪਾਰਟੀ ਦੀ ਕਾਰਜਸ਼ੈਲੀ ’ਤੇ ਸਵਾਲ ਉਠਾ ਚੁੱਕੇ ਹਨ। ਉਨ੍ਹਾਂ ਦੀ ਵਾਪਸੀ ਮਗਰੋਂ ਇਹ ਦੇਖਣਾ ਅਹਿਮ ਹੋਵੇਗਾ ਕਿ ਪਾਰਟੀ ਦੀ ਕਾਰਜਸ਼ੈਲੀ ਵਿੱਚ ਤਬਦੀਲੀ ਆਈ ਹੈ ਜਾਂ ਉਨ੍ਹਾਂ ਨੇ ਅੰਦਰ ਰਹਿ ਕੇ ਸੁਧਾਰ ਦੀ ਕੋਸ਼ਿਸ਼ ਕਰਨ ਦਾ ਰਾਹ ਚੁਣਿਆ ਹੈ। ਇਸ ਦਾ ਅਸਲ ਅਸਰ 2027 ਦੀਆਂ ਚੋਣਾਂ ਅਤੇ ਐੱਸਜੀਪੀਸੀ ਦੇ ਪ੍ਰਬੰਧਾਂ ਵਿੱਚ ਸੁਧਾਰ ਦੇ ਮਾਮਲੇ ਵਿੱਚ ਸਾਹਮਣੇ ਆਵੇਗਾ।