ਸਰਕਾਰ ਆਪਣੇ ਵਾਅਦੇ ਪੂਰੇ ਕਰੇ : ਘੁੰਮਣ
ਦਿਹਾਤੀ ਖੇਤਰਾਂ ਵਿੱਚ ਬਿਜਲੀ ਸੰਕਟ ਕਾਰਨ ਸੁੱਕਣ ਦੀ ਕਗਾਰ 'ਤੇ ਝੋਨਾ, ਸਰਕਾਰ ਆਪਣੇ ਵਾਅਦੇ ਪੂਰੇ ਕਰੇ: ਜਸਵਿੰਦਰ ਸਿੰਘ ਘੁੰਮਣ
Publish Date: Sat, 27 Jun 2026 08:21 PM (IST)
Updated Date: Sun, 28 Jun 2026 04:10 AM (IST)

ਕੈਪਸ਼ਨ-27ਪੀਐਚਜੀ14 ਜਸਵਿੰਦਰ ਸਿੰਘ ਘੱੁਮਣ। * ਕਿਹਾ, ਦਿਹਾਤੀ ਖੇਤਰਾਂ ਵਿੱਚ ਬਿਜਲੀ ਸੰਕਟ ਕਾਰਨ ਸੁੱਕਣ ਦੀ ਕਗਾਰ ਤੇ ਝੋਨਾ ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸੂਬੇ ਦੇ ਮੁੱਖ ਮੰਤਰੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਰੋਜ਼ਾਨਾ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਪਰ ਜੇਕਰ ਸਬ-ਡਵੀਜ਼ਨ ਫਗਵਾੜਾ ਦੇ ਦਿਹਾਤੀ ਖੇਤਰਾਂ ਦੀ ਹਕੀਕਤ ਵੇਖੀ ਜਾਵੇ ਤਾਂ ਇੱਥੇ ਕਿਸਾਨਾਂ ਨੂੰ ਕੇਵਲ ਦੋ ਤੋਂ ਤਿੰਨ ਘੰਟੇ ਹੀ ਬਿਜਲੀ ਮਿਲ ਰਹੀ ਹੈ, ਜਿਸ ਕਾਰਨ ਖੇਤਾਂ ’ਚ ਲਗਾਇਆ ਗਿਆ ਝੋਨਾ ਸੁੱਕਣ ਦੀ ਕਗਾਰ ਤੇ ਪਹੁੰਚਦਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਦਿਹਾਤੀ ਇੰਚਾਰਜ ਜਸਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਬਿਜਲੀ ਦੀ ਭਾਰੀ ਕਮੀ ਕਾਰਨ ਕਿਸਾਨ ਗੰਭੀਰ ਚਿੰਤਾ ’ਚ ਹਨ। ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਲਵਾਈ ਕਰ ਦਿੱਤੀ ਹੈ, ਉਹ ਫ਼ਸਲ ਨੂੰ ਪਾਣੀ ਨਾ ਮਿਲਣ ਕਾਰਨ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ, ਜਦਕਿ ਜਿਨ੍ਹਾਂ ਨੇ ਅਜੇ ਝੋਨਾ ਲਗਾਉਣਾ ਹੈ, ਉਹ ਵੀ ਬਿਜਲੀ ਨਾ ਮਿਲਣ ਕਾਰਨ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ ਪੂਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਜੋ ਝੋਨੇ ਦੀ ਫ਼ਸਲ ਨੂੰ ਬਚਾਇਆ ਜਾ ਸਕੇ। ਜਸਵਿੰਦਰ ਸਿੰਘ ਘੁੰਮਣ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਵਿੱਚ ਜਲਦੀ ਸੁਧਾਰ ਨਾ ਕੀਤਾ ਗਿਆ ਅਤੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ ਅਤੇ ਅਜਿਹੇ ਸਮੇਂ ਬਿਜਲੀ ਸੰਕਟ ਉਨ੍ਹਾਂ ਲਈ ਹੋਰ ਵੱਡੀ ਮੁਸੀਬਤ ਬਣ ਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਦਾਅਵਿਆਂ ਦੀ ਬਜਾਏ ਜ਼ਮੀਨੀ ਪੱਧਰ ਤੇ ਪ੍ਰਬੰਧਾਂ ਵਿੱਚ ਸੁਧਾਰ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਮਿਹਨਤ ਅਤੇ ਫ਼ਸਲ ਬਰਬਾਦ ਹੋਣ ਤੋਂ ਬਚ ਸਕੇ।