ਸਰੇਆਮ ਦੌੜ ਰਹੀਆਂ ਨੇ ਤੇਜ਼ ਰਫ਼ਤਾਰ ਓਵਰਲੋਡ ਟਰਾਲੀਆਂ ਸ਼ਰੇਆਮ ਦੌੜ ਰਹੀਆਂ' ਹਨ ਤੇਜ਼ ਰਫ਼ਤਾਰ ਮਿੱਟੀ ਨਾਲ ਭਰੀਆਂ ਓਵਰ ਲੋਡਡ ਟਰਾਲੀਆਂ, ਧੜੱਲੇ ਨਾਲ ਹੋ ਰਹੀ ਮਾਈਨਿੰਗ
Publish Date: Thu, 09 Jul 2026 09:20 PM (IST)
Updated Date: Thu, 09 Jul 2026 09:21 PM (IST)
ਧੜੱਲੇ ਨਾਲ ਹੋ ਰਹੀ ਹੈ ਮਾਈਨਿੰਗ ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਮਸ਼ਹੂਰ ਮਹੇੜੂ ਇਲਾਕੇ ’ਚੋਂ ਲੰਘਦੀਆਂ ਸੜਕ ’ਤੇ ਮਿੱਟੀ ਨਾਲ ਭਰੀਆਂ ਓਵਰਲੋਡ ਟਰਾਲੀਆਂ ਦੀ ਤੇਜ਼ ਰਫ਼ਤਾਰ ਆਵਾਜਾਈ ਨੇ ਸਥਾਨਕ ਲੋਕਾਂ ਦੇ ਨੱਕ ਵਿੱਚ ਦਮ ਕਰ ਕੇ ਰੱਖਿਆ ਹੋਇਆ ਹੈ। ਟਰੈਕਟਰ ਟਰਾਲੀ ਚਾਲਕਾਂ ਦੇ ਕੰਨਾਂ ’ਤੇ ਲੱਗੇ ਫੋਨ ਵੀ ਮਾਈਨਿੰਗ ਤੇ ਲਾਪਰਵਾਹੀ ਦਾ ਵੱਡਾ ਸਬੂਤ ਦਿੰਦੇ ਹਨ। ਇਹੀ ਨਹੀਂ ਬਲਕਿ ਹਾਈ ਕੋਰਟ ਦਾ ਆਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਮਿੱਟੀ ਜਾਂ ਰੇਤ ਨਾਲ ਲੋਡ ਟਰਾਲੀ ਹੋਵੇ, ਉਸ ਉੱਪਰ ਤਰਪਾਲ ਪਾਉਣਾ ਲਾਜ਼ਮੀ ਹੈ ਪਰ ਮਹੇੜੂ ਰੋਡ ’ਤੇ ਚਲਦੀਆਂ ਕਿਸੇ ਵੀ ਓਵਰਲੋਡ ਟਰਾਲੀਆਂ ਉੱਪਰ ਕਦੇ ਕੋਈ ਸੇਫਟੀ ਜਾਂ ਤਰਪਾਲ ਦੇਖਣ ਨੂੰ ਨਹੀਂ ਮਿਲਦੀ, ਜਿਸ ਕਾਰਨ ਇਨ੍ਹਾਂ ਮਾਈਨਿੰਗ ਵਾਲਿਆਂ ਵੱਲੋਂ ਸਰੇਆਮ ਹਾਈ ਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਕਈ ਚਾਲਕ ਬੇਖੌਫ਼ ਹੋ ਕੇ ਸੜਕਾਂ ’ਤੇ ਟਰੈਕਟਰ-ਟਰਾਲੀ ਦੌੜਾਉਂਦੇ ਹਨ ਅਤੇ ਕੁਝ ਚਾਲਕਾਂ ਦੇ ਕੰਨਾਂ ਵਿੱਚ ਮੋਬਾਈਲ ਫੋਨ ਲੱਗੇ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸੜਕ ’ਤੇ ਹਰ ਸਮੇਂ ਸਕੂਲੀ ਬੱਚੇ, ਦੋਪਹੀਆ ਵਾਹਨ ਚਾਲਕ ਅਤੇ ਰਾਹਗੀਰ ਆਉਂਦੇ-ਜਾਂਦੇ ਰਹਿੰਦੇ ਹਨ। ਅਜਿਹੇ ਵਿੱਚ ਤੇਜ਼ ਰਫ਼ਤਾਰ ਅਤੇ ਓਵਰਲੋਡ ਟਰਾਲੀਆਂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਲੋਕਾਂ ਦਾ ਸਵਾਲ ਹੈ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ। ਇਲਾਕਾ ਵਾਸੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਸੰਬੰਧਿਤ ਵਿਭਾਗ ਇਹ ਜਾਂਚ ਕਰੇ ਕਿ ਇਲਾਕੇ ਵਿੱਚ ਮਿੱਟੀ ਦੀ ਢੁਆਈ ਨਿਯਮਾਂ ਅਨੁਸਾਰ ਹੋ ਰਹੀ ਹੈ ਜਾਂ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਤਰ੍ਹਾਂ ਦੀਆਂ ਬੇਨਿਯਮੀਆਂ ਹੋ ਰਹੀਆਂ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਹੇੜੂ ਇਲਾਕੇ ਵਿੱਚ ਨਿਯਮਿਤ ਚੈਕਿੰਗ ਕੀਤੀ ਜਾਵੇ, ਓਵਰਲੋਡ ਵਾਹਨਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸੜਕਾਂ ’ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਹੀ ਪ੍ਰਭਾਵਸ਼ਾਲੀ ਰੋਕਥਾਮ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਮਹੇੜੂ ਤੋਂ ਚਹੇੜੂ ਆਉਣ-ਜਾਣ ਵਾਲੇ ਰਸਤੇ ਜਿੱਥੇ ਲੋਕਾਂ ਦਾ ਆਉਣਾ-ਜਾਣਾ ਵੱਡੀ ਗਿਣਤੀ ਵਿੱਚ ਲੱਗਾ ਰਹਿੰਦਾ ਹੈ, ਉੱਥੇ ਰਸਤੇ ਵਿੱਚ ਪਿੰਡ ਮਹੇੜੂ ਦਾ ਸਰਕਾਰੀ ਸਕੂਲ ਵੀ ਪੈਂਦਾ ਹੈ, ਜਿੱਥੇ ਬੱਚੇ ਪਿੰਡੋਂ ਪੈਦਲ ਆਉਂਦੇ-ਜਾਂਦੇ ਹਨ। ਇੱਥੇ ਤੜਕਸਾਰ ਹੀ ਮਿੱਟੀ ਨਾਲ ਭਰੀਆਂ ਟਰਾਲੀਆਂ ਦਾ ਲੰਘਣਾ ਇਸ ਸੜਕ ਤੋਂ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਇਸ ਰਸਤੇ ’ਤੇ ਬੱਚਿਆਂ ਦੀ ਸੁਰੱਖਿਆ ਵੀ ਯਕੀਨੀ ਨਹੀਂ ਹੈ ਤੇ ਕਦੇ ਵੀ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ। ਉੱਪਰੋ ਇਹਨਾਂ ਓਵਰਲੋਡ ਟਰਾਲੀਆਂ ਉੱਪਰ ਕਿਸੇ ਵੀ ਤਰ੍ਹਾਂ ਦੀ ਕਵਰਿੰਗ ਜਾਂ ਤਰਪਾਲ ਵਗੈਰਾ ਨਾ ਹੋਣ ਕਰਕੇ ਆਉਣ-ਜਾਣ ਵਾਲੇ ਲੋਕਾਂ ਦੀਆਂ ਅੱਖਾਂ ਵਿੱਚ ਵੀ ਮਿੱਟੀ ਪੈਣ ਕਰਕੇ ਭਾਰੀ ਪਰੇਸ਼ਾਨੀ ਆਉਂਦੀ ਹੈ। ਇਸ ਬਾਬਤ ਅਸੀਂ ਪਹਿਲਾਂ ਵੀ ਖਬਰਾਂ ਪ੍ਰਕਾਸ਼ਿਤ ਕੀਤੀਆਂ ਸਨ ਪਰ ਸੰਬੰਧਿਤ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕਦੀ। ਇਸ ਸਬੰਧੀ ਫਗਵਾੜਾ ਦੇ ਮਾਈਨਿੰਗ ਅਫਸਰ ਨੂੰ ਜਦੋਂ ਮੀਡੀਆ ਵੱਲੋਂ ਵਾਰ-ਵਾਰ ਇਸ ਬਾਬਤ ਕਾਲ ਕੀਤੀ ਜਾਂਦੀ ਹੈ ਤਾਂ ਉਹ ਫੋਨ ਹੀ ਨਹੀਂ ਚੱਕਦੇ। ਆਖਰ ਕਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਇਲਾਕੇ ਵਿੱਚ ਇਹ ਸਾਰਾ ਕਾਲਾ ਧੰਦਾ, ਇਹ ਗੱਲ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਕਈ ਸਵਾਲ ਖੜ੍ਹੇ ਕਰ ਜਾਂਦੀ ਹੈ।