ਸਿਰਫ਼ ਅਕਾਲੀ ਦਲ ਕੋਲ ਹੈ ਵਿਕਾਸ ਦਾ ਏਜੰਡਾ
ਸਿਰਫ਼ ਅਕਾਲੀ ਦਲ ਕੋਲ ਹੈ ਵਿਕਾਸ ਦਾ ਏਜੰਡਾ-ਨਿਰਮਲ/ਨਰਿੰਦਰ/ਸੋਹਲ
Publish Date: Sat, 13 Jun 2026 09:48 PM (IST)
Updated Date: Sat, 13 Jun 2026 09:51 PM (IST)

--ਨਵ-ਨਿਯੁਕਤ ਅਕਾਲੀ ਆਗੂਆਂ ਨੇ ਆਪਣੀ ਨਿਯੁਕਤੀ ’ਤੇ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾਕਟਰ ਨਿਰਮਲ ਸਿੰਘ ਨੂੰ ਪਿੰਡ ਸੰਧੂ ਚੱਠਾ ਹਲਕਾ ਕਪੂਰਥਲਾ ਦਾ ਪ੍ਰਧਾਨ, ਨਰਿੰਦਰ ਸਿੰਘ ਨੂੰ ਪਿੰਡ ਸੰਧੂ ਚੱਠਾ ਦਾ ਮੀਤ ਪ੍ਰਧਾਨ ਤੇ ਕੁਲਦੀਪ ਸਿੰਘ ਸੋਹਲ ਨੂੰ ਪਿੰਡ ਸੰਧੂ ਚੱਠਾ ਦਾ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਦੇ ਬਾਅਦ ਤਿੰਨਾਂ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਲਕਾ ਇੰਚਾਰਜ ਐੱਚਐੱਸ ਵਾਲੀਆ, ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਮੀਤ ਪ੍ਰਧਾਨ ਜੋਗਿੰਦਰ ਸਿੰਘ ਤੇ ਦਿਹਾਤੀ ਪ੍ਰਧਾਨ ਹਰਜਿੰਦਰ ਸਿੰਘ ਖਾਣੋਵਾਲ ਨੇ ਪੂਰੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਅੱਜ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਵਿਕਾਸ ਦੀ ਗੱਲ ਕਰ ਰਿਹਾ ਹੈ। ਸੂਬੇ ਦੀ ਰਾਜਨੀਤੀ ਵਿਚ ਸਰਗਰਮ ਕਿਸੇ ਵੀ ਹੋਰ ਪਾਰਟੀ ਕੋਲ ਨਾ ਸਿਰਫ਼ ਪੰਜਾਬ, ਸਗੋਂ ਕਪੂਰਥਲਾ ਹਲਕੇ ਦੇ ਵਿਕਾਸ ਲਈ ਕੋਈ ਏਜੰਡਾ ਨਹੀਂ ਹੈ। ਕੇਵਲ ਅਕਾਲੀ ਦਲ ਹੀ ਇਕੋ-ਇਕ ਪਾਰਟੀ ਹੈ ਜਿਸ ਨੇ ਪੰਜਾਬ ਵਿਚ ਵਿਕਾਸ ਯੋਜਨਾਵਾਂ ਲਾਗੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਨੇ ਵਿਕਾਸ ਦੇ ਮਾਮਲੇ ਵਿਚ ਹਲਕਾ ਕਪੂਰਥਲਾ ਨੂੰ ਅਣਗੌਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ 2027 ਵਿਚ ਪੰਜਾਬ ਅੰਦਰ ਬਣਨ ਜਾ ਰਹੀ ਸਰਕਾਰ ਦੇ ਦਾਅਵੇ ਨੂੰ ਲੈ ਕੇ ਪਾਰਟੀ ਵਰਕਰਾਂ ਤੇ ਸਮਰਥਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿਕਾਸ, ਕਿਸਾਨਾਂ ਦੀ ਭਲਾਈ, ਨੌਜਵਾਨਾਂ ਲਈ ਰੋਜ਼ਗਾਰ ਤੇ ਧਾਰਮਿਕ-ਸੰਸਕ੍ਰਿਤਿਕ ਮੁੱਲਾਂ ਦੀ ਰੱਖਿਆ ਲਈ ਵਚਨਬੱਧ ਹਨ। ਉਨ੍ਹਾਂ ਦੀ ਅਗਵਾਈ ਹੇਠ 2027 ਦੀਆਂ ਚੋਣਾਂ ਵਿਚ ਲੋਕਾਂ ਦਾ ਭਰੋਸਾ ਜਿੱਤ ਕੇ ਅਕਾਲੀ ਦਲ ਮੁੜ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਲਈ ਤਿਆਰ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਿਛਲੇ ਅਨੁਭਵ ਤੇ ਨਵੀਆਂ ਨੀਤੀਆਂ ਦੇ ਆਧਾਰ ’ਤੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਅਕਾਲੀ ਦਲ ਹੀ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਸਿਆਸੀ ਪਾਰਟੀ ਹੈ, ਜਿਸਨੂੰ ਪੰਜਾਬ ਦੀਆਂ ਸਮੱਸਿਆਵਾ ਦਾ ਪੂਰਾ ਪਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਲਾਲੇ ਪੰਜਾਬ ਦੀ ਲੁੱਟ-ਖਸੁੱਟ ਕਰ ਰਹੇ ਹਨ। ਅਕਾਲੀ ਦਲ ਨੇ ਸੂਬੇ ਦੀ ਰਾਜਨੀਤੀ ਵਿਚ ਲੰਬੇ ਸਮੇਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪਾਰਟੀ ਆਪਣੇ-ਆਪ ਨੂੰ ਪੰਜਾਬੀ ਹੱਕਾਂ,ਕਿਸਾਨਾਂ ਦੇ ਮੁੱਦਿਆਂ ਤੇ ਧਾਰਮਿਕ-ਸੰਸਕ੍ਰਿਤਿਕ ਪਹਿਚਾਣ ਦੀ ਰੱਖਿਆ ਨਾਲ ਜੋੜਦੀ ਆਈ ਹੈ। ਅਕਾਲੀ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਵਿਚ ਹਰ ਵੋਟਰ ਨੂੰ ਆਪਣੀ ਸੋਚ,ਤਜਰਬੇ ਤੇ ਤਰਜੀਹਾਂ ਦੇ ਆਧਾਰ ਤੇ ਫੈਸਲਾ ਕਰਨ ਦਾ ਅਧਿਕਾਰ ਹੁੰਦਾ ਹੈ। ਕਿਸੇ ਵੀ ਪਾਰਟੀ ਨੂੰ ਸਹਿਯੋਗ ਦੇਣ ਤੋਂ ਪਹਿਲਾਂ ਉਸ ਦੀ ਨੀਤੀ, ਪਿਛਲਾ ਕੰਮਕਾਜ ਤੇ ਭਵਿੱਖੀ ਯੋਜਨਾਵਾਂ ਨੂੰ ਧਿਆਨ ਨਾਲ ਦੇਖਣਾ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਪਹਿਲੇ ਦਿਨ ਤੋਂ ਹੀ ਪੰਜਾਬੀਆਂ ਦੇ ਹਿੱਤ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।