ਅਕਾਲੀ ਸਰਕਾਰ ਬਣਨ ’ਤੇ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਾਂਗੇ : ਟੋਨੀ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਾਂਗੇ-ਟੋਨੀ
Publish Date: Sat, 13 Jun 2026 07:25 PM (IST)
Updated Date: Sat, 13 Jun 2026 07:27 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫਦ 11 ਜੂਨ ਤੋਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਦੌਰੇ ’ਤੇ ਹੈ, ਜਿਨ੍ਹਾਂ ਵੱਲੋਂ ਕੈਨੇਡਾ ਵਿਚ ਵੱਸਦੇ ਐੱਨਆਰਆਈ ਭੈਣ-ਭਰਾਵਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨਾਲ ਜੋੜਣ ਲਈ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਉਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਰਨਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਆਖਿਆ ਕਿ ਕੈਨੇਡਾ ਦੇ ਦੌਰੇ ’ਤੇ ਵਫਦ ਵੱਲੋਂ ਕੈਨੇਡਾ ਵਿਚ ਵੱਸਦੇ ਪ੍ਰਵਾਸੀ ਭੈਣ-ਭਰਾਵਾਂ ਨੂੰ ਮਿਲ ਕੇ ਇਹ ਦੱਸਿਆ ਜਾ ਰਿਹਾ ਹੈ ਕਿ 2022 ਵਿਚ ਪੰਜਾਬ ਵਿਚ ਝੂਠ, ਫਰੇਬ ਤੇ ਝੂਠੇ ਵਾਅਦੇ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਥੇ ਪੰਜਾਬ ਨੂੰ ਕਰੋੜਾਂ ਰੁਪਏ ਦਾ ਕਰਜ਼ਾਈ ਕਰ ਦਿੱਤਾ, ਉੱਥੇ ਹੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਦੀ ਟੀਮ ਨੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਬਦਲਾਅ ਦੇ ਝੂਠੇ ਵਾਅਦੇ ਦਿਖਾ ਕੇ ਧੋਖਾ ਦਿੱਤਾ ਤੇ ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਾਲਿਆਂ ਦੀ ਕੱਠਪੁਤਲੀ ਬਣ ਗਿਆ। ਟੋਨੀ ਨੇ ਆਖਿਆ ਕਿ ਚੋਣਾਂ ਸਮੇਂ ਇਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਵਾਅਦੇ ਅੱਜ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਜਦੋਂ ਕਿ ਇਸ ਦੇ ਉਲਟ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਸ਼ੇ ਨਾਲ ਖਤਮ ਕੀਤਾ ਜਾ ਰਿਹਾ ਹੈ, ਗੈਂਗਸਟਰਵਾਦ ਦੇ ਨਾਮ ’ਤੇ ਨੌਜਵਾਨਾਂ ਦੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ, ਪੰਜਾਬ ਦੇ ਸੋਨੇ ਵਰਗੇ ਰੇਤੇ ਦੀ ਨਜਾਇਜ਼ ਮਾਈਨਿੰਗ ਰਾਹੀਂ ਪੰਜਾਬ ਦੇ ਦਰਿਆ ਵਿਹਲੇ ਕੀਤੇ ਜਾ ਰਹੇ ਹਨ ਜਦੋਂ ਕਿ ਚੋਣਾਂ ਸਮੇਂ ਇਹੀ ਕੇਜਰੀਵਾਲ ਨੇ ਆਖਿਆ ਸੀ ਕਿ ਹਜ਼ਾਰਾਂ ਕਰੋੜ ਰੁਪਿਆ ਮਾਈਨਿੰਗ ਤੋਂ ਲਿਆ ਕੇ ਪੰਜਾਬ ਦਾ ਨਕਸ਼ਾ ਬਦਲ ਦਿਆਂਗੇ ਪਰ ਹੋਇਆ ਇਸ ਦੇ ਉਲਟ ਅੱਜ ਪੰਜਾਬ ਦੀਆਂ ਟੁੱਟੀਆਂ ਸੜਕਾਂ ਆਪਣੇ-ਆਪ ’ਤੇ ਹੰਝੂ ਵਹਾਅ ਰਹੀਆਂ ਹਨ, ਬੇਰੁਜ਼ਗਾਰ ਨੌਜਵਾਨਾਂ ਨੂੰ ਹੱਕ ਮੰਗਦਿਆਂ ਨੂੰ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਹੈ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਕੀਤੇ ਗਏ ਪਰ ਅਸਲ ਵਿਚ ਉਹ ਉਹ ਨੌਕਰੀਆਂ ਲੋਕਾਂ ਨੂੰ ਤਾਂ ਨਹੀਂ ਮਿਲੀਆਂ, ਵੱਡੇ-ਵੱਡੇ ਸਮਾਗਮ ਕਰਕੇ ਪੰਜਾਬ ਵਿਚ ਨੌਕਰੀਆਂ ਵੰਡੀਆਂ ਗਈਆਂ ਪਰ ਉਹ ਨੌਕਰੀਆਂ ਸਿਰਫ ਉਨ੍ਹਾਂ ਦੇ ਹੱਥਾਂ ਵਿਚ ਦਿੱਤੀਆਂ ਗਈਆਂ ਅਥਾਰਟੀਆਂ ਵਿਚ ਹੀ ਰਹਿ ਗਈਆਂ, ਅੱਜ ਉਹੀ ਅਥਾਰਟੀਆਂ ਹੱਥਾਂ ਵਿਚ ਫੜ ਕੇ ਨੌਜਵਾਨ ਸਰਕਾਰ ਦਾ ਪਿੱਟ-ਸਿਆਪਾ ਕਰ ਰਹੇ ਹਨ। ਜਿਹੜਾ ਨਸ਼ਾ ਬੰਦ ਕਰਨ ਦੀਆਂ ਗੱਲਾਂ ਭਗਵੰਤ ਮਾਨ ਕਰਦਾ ਸੀ, ਉਹ ਨਸ਼ਾ ਅੱਜ ਪਿੰਡਾਂ ਦੀਆਂ ਦੁਕਾਨਾਂ ਤੋਂ ਮਿਲ ਰਿਹਾ ਹੈ ਤੇ ਉਸ ਦੀ ਹੋਮ ਡਿਲੀਵਰੀ ਕੀਤੀ ਜਾ ਰਹੀ ਹੈ ਜਦੋਂਕਿ ਭਗਵੰਤ ਮਾਨ ਦੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਚਲਾ ਕੇ ਕਰੋੜਾਂ ਰੁਪਈਆ ਬਰਬਾਦ ਕੀਤਾ ਤੇ ਉਸ ਦੇ ਫਲੈਕਸ ਬਣਾ ਕੇ ਕੇਜਰੀਵਾਲ ਰਾਹੀਂ ਦਿੱਲੀ ਨੂੰ ਪੈਸਾ ਭੇਜਿਆ ਜਾ ਰਿਹਾ ਹੈ, ਕੀ ਇਹ ਬਦਲਾਅ ਹੈ। ਟੋਨੀ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਸਮਝਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਪਣਾਉਣ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਖੇਤਰੀ ਪਾਰਟੀ ਹੈ ਤੇ ਇਹ ਹਮੇਸ਼ਾ ਹੀ ਤੁਹਾਡੇ ਨਾਲ ਖੜੇਗੀ। ਉਨ੍ਹਾਂ ਆਖਿਆ ਕੇ ਪਹਿਲਾਂ ਵੀ ਸਵ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਸਮੇਂ ਐੱਨਆਰਆਈਜ਼ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਰਕਾਰ ਨੇ ਐੱਨਆਰਆਈ ਵਿਭਾਗ ਬਣਾਇਆ ਤੇ ਪ੍ਰਵਾਸੀ ਪੰਜਾਬੀਆਂ ਦੀ ਜ਼ਮੀਨਾਂ ਦੀ ਰਾਖੀ ਕੀਤੀ ਪਰ ਮਾਨ ਸਰਕਾਰ ਨੇ ਆਉਂਦਿਆਂ ਹੀ ਐੱਨਆਰਆਈ ਵਿਭਾਗ ਖਤਮ ਕਰ ਦਿੱਤਾ ਜਿਸ ਨਾਲ ਪ੍ਰਵਾਸੀ ਪੰਜਾਬੀਆਂ ਨਾਲ ਵੱਡਾ ਧਰੋਹ ਕਮਾਇਆ ਗਿਆ ਹੈ। ਉਨਾਂ ਵਾਅਦਾ ਕੀਤਾ ਕਿ ਜੇਕਰ ਪੰਜਾਬ ਵਿਚ ਤੁਹਾਡੀ ਆਪਣੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਪ੍ਰਵਾਸੀ ਪੰਜਾਬੀਆਂ ਲਈ ਐੱਨਆਰਆਈ ਵਿਭਾਗ ਦੁਬਾਰਾ ਚਲਾਇਆ ਜਾਵੇਗਾ ਤੇ ਤੁਹਾਡੀਆਂ ਜਾਇਦਾਦਾਂ ਦੀ ਰਾਖੀ ਕੀਤੀ ਜਾਵੇਗੀ। ਅਖੀਰ ਵਿਚ ਟੋਨੀ ਨੇ ਵਿਦੇਸ਼ਾਂ ਵਿਚ ਵਸਦੇ ਸਮੁੱਚੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕੈਨੇਡਾ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵੱਲੋਂ ਕੀਤੇ ਜਾ ਰਹੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰੋ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਤਾਂ ਜੋ 2027 ਵਿਚ ਤੁਹਾਡੀ ਆਪਣੀ ਸਰਕਾਰ ਬਣ ਸਕੇ।