- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਲੋਕਾਂ ਨੂੰ ਬਹੁਤੇ ਪ੍ਰਸ਼ਾਸਨਿਕ ਕਾਰਜਾਂ ਲਈ ਨਹੀਂ ਜਾਣਾ ਪਵੇਗਾ ਕਪੂਰਥਲਾ,ਡਾ: ਰਾਜ ਕੁਮਾਰ ਚੱਬੇਵਾਲ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਗਵਾੜਾ ਦੇ ਵਸਨੀਕਾਂ ਨੂੰ ਸਬ-ਡਿਵੀਜ਼ਨ ਪੱਧਰ 'ਤੇ ਹੀ ਅਹਿਮ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਵਧੀਕ ਡਿਪਟੀ ਕਮਿਸ਼ਨਰ, ਫਗਵਾੜਾ ਨੂੰ ਕਈ ਅਹਿਮ ਪ੍ਰਸ਼ਾਸਨਿਕ ਕਾਰਜਾਂ ਲਈ ਅਧਿਕਾਰਤ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨਾਲ ਫਗਵਾੜਾ ਸਬ-ਡਵੀਜ਼ਨ ਵਾਸੀਆਂ ਨੂੰ ਹੁਣ ਇਨ੍ਹਾਂ ਕਾਰਜਾਂ ਲਈ ਜ਼ਿਲ੍ਹਾ ਹੈੱਡਕੁਆਰਟਰ, ਕਪੂਰਥਲਾ ਵਿਖੇ ਨਹੀ ਜਾਣਾ ਪਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੰਸਦ ਮੈਂਬਰ ਤੇ ਹਲਕਾ ਇੰਚਾਰਜ ਫਗਵਾੜਾ ਡਾ. ਰਾਜ ਕੁਮਾਰ ਚੱਬੇਵਾਲ ਨੇ ਦਸਿਆ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਫਗਵਾੜਾ ਦੇ ਵਧੀਕ ਡਿਪਟੀ ਕਮਿਸ਼ਨਰ ਨੂੰ ਕਈ ਪ੍ਰਸ਼ਾਸਨਿਕ ਅਧਿਕਾਰ ਸੌਂਪੇ ਗਏ ਹਨ। ਇਹ ਫੈਸਲਾ ਪਿਛਲੇ ਵੀਰਵਾਰ ਫਗਵਾੜਾ ਵਿਚ ਹੋਈ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਦਾ ਸਿੱਟਾ ਹੈ। ਡਾ. ਰਾਜ ਕੁਮਾਰ ਚੱਬੇਵਾਲ ਨੇ ਦਸਿਆ ਕਿ ਉਨ੍ਹਾਂ ਨੇ ਲੋਕ ਹਿੱਤ ਵਿਚ ਇਹ ਮੰਗ ਮੁੱਖ ਮੰਤਰੀ ਸਾਹਮਣੇ ਰੱਖੀ ਸੀ। ਮੁੱਖ ਮੰਤਰੀ ਨੇ ਮੰਗ ਨੂੰ ਤੁਰੰਤ ਸਵੀਕਾਰ ਕਰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੌਕੇ ‘ਤੇ ਹੀ ਸਬ-ਡਿਵੀਜ਼ਨ ਪੱਧਰ 'ਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਲੋੜੀਂਦੇ ਅਧਿਕਾਰ ਦੇਣ ਦੇ ਨਿਰਦੇਸ਼ ਦਿੱਤੇ ਸਨ।
ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ), ਫਗਵਾੜਾ ਨੂੰ ਸਬ-ਡਿਵੀਜ਼ਨ ਅਧੀਨ ਆਉਣ ਵਾਲੀਆਂ ਕਈ ਮਹੱਤਵਪੂਰਨ ਨਾਗਰਿਕ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਨਾਲ ਫਗਵਾੜਾ ਸਬ-ਡਵੀਜ਼ਨ ਵਾਸੀਆਂ ਨੂੰ ਨਾ ਸਿਰਫ ਵੱਡੀ ਰਾਹਤ ਮਿਲੇਗੀ ਸਗੋਂ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਇਥੇ ਹੀ ਹੋ ਜਾਣ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ। ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਏਡੀਸੀ (ਜਨਰਲ), ਫਗਵਾੜਾ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੀਆਂ ਸੇਵਾਵਾਂ ਪਾਰਦਰਸ਼ੀ, ਪ੍ਰਭਾਵਸ਼ਾਲੀ ਢੰਗ ਨਾਲ ਨਿਰਧਾਰਤ ਸਮੇਂ ਅੰਦਰ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਲੋਕਾਂ ਨੂੰ ਨਾਗਰਿਕ ਸੇਵਾਵਾਂ ਸਮੇਂ ਸਿਰ ਸੁਚੱਜੇ ਢੰਗ ਨਾਲ ਮਿਲ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਵੇਂ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਨੂੰ ਵਾਧੂ ਸਟਾਫ਼ ਦੀ ਮੰਗ ਲਈ ਵੀ ਲਿਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਫੈਸਲਾ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰੇਗਾ ਤੇ ਫਗਵਾੜਾ ਵਾਸੀਆਂ ਨੂੰ ਜ਼ਰੂਰੀ ਸਰਕਾਰੀ ਸੇਵਾਵਾਂ ਲਈ ਕਪੂਰਥਲਾ ਜ਼ਿਲ੍ਹਾ ਮੁੱਖ ਦਫ਼ਤਰ ਜਾਣ ਦੀ ਲੋੜ ਨਹੀਂ ਰਹੇਗੀ। ਡਾ. ਰਾਜ ਨੇ ਕਿਹਾ ਕਿ ਉਹ ਫਗਵਾੜਾ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਤਤਪਰ ਹਨ ਕਿਸੇ ਨੂੰ ਕੋਈ ਵੀ ਕੰਮ ਹੋਵੇ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਫਗਵਾੜਾ ’ਚ ਮਿਲਨਗੀਆਂ ਇਹ ਸੇਵਾਵਾਂ
-ਫਗਵਾੜਾ ਦੇ ਏਡੀਸੀ (ਜਨਰਲ) ਸਾਰੇ ਦਫ਼ਤਰਾਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨਗੇ ਤੇ ਵਿਕਾਸ ਕਾਰਜਾਂ ਦੀ ਸਮੇਂ ਸਿਰ ਮੁਕੰਮਲਤਾ ਨੂੰ ਯਕੀਨੀ ਬਣਾਉਣਗੇ।
-ਕਾਨੂੰਨ-ਵਿਵਸਥਾ, ਅਦਾਲਤੀ ਕੇਸਾਂ, ਸਟੈਂਪ ਐਕਟ, ਸਰਫਾਇਸੀ ਐਕਟ ਤੇ ਫੂਡ ਸੇਫਟੀ ਵਿਭਾਗ ਨਾਲ ਸਬੰਧਤ ਮਾਮਲਿਆਂ ਦੀ ਵੀ ਨਿਗਰਾਨੀ ਕਰਨਗੇ।
-ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ, ਨਵਿਆਉਣ, ਬੋਰ ਬਦਲਣ, ਡੁਪਲੀਕੇਟ ਲਾਇਸੈਂਸ ਜਾਰੀ ਕਰਨ ਤੇ ਹਥਿਆਰਾਂ ਦੀ ਵਿਕਰੀ ਲਈ ਮਨਜ਼ੂਰੀ ਮਿਲੇਗੀ।
- ਪੁਲਿਸ ਸਹਾਇਤਾ ਤੇ ਆਰਮਜ਼ ਐਕਟ ਦੀਆਂ ਧਾਰਾਵਾਂ 25, 54 ਤੇ 59 ਤਹਿਤ ਮਨਜ਼ੂਰੀਆਂ ਵੀ ਦੇਣਗੇ।
-ਲੋਕ ਸ਼ਿਕਾਇਤਾਂ ਦਾ ਨਿਪਟਾਰਾ, ਆਜ਼ਾਦੀ ਘੁਲਾਟੀਆਂ ਬਾਰੇ ਸਰਟੀਫਿਕੇਟ ਜਾਰੀ ਕਰਨਾ, ਸਰਟੀਫਿਕੇਟਾਂ ਦੀ ਕਾਊਂਟਰ ਸਾਈਨਿੰਗ।
-ਇਕ ਸਾਲ ਬਾਅਦ ਲਾਜ਼ਮੀ ਵਿਆਹ ਰਜਿਸਟ੍ਰੇਸ਼ਨ ਐਕਟ ਤੇ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹਾਂ ਦੀ ਰਜਿਸਟ੍ਰੇਸ਼ਨ, ਅਣਵਿਆਹੇ ਹੋਣ ਦੇ ਸਰਟੀਫਿਕੇਟ ਵੀ ਮਿਲਨਗੇ।
-ਆਤਿਸ਼ਬਾਜ਼ੀ ਦੀ ਮਨਜ਼ੂਰੀ।