ਨਾਜ਼ੀਆ ਇਲਾਹੀ ਵੱਲੋਂ ਬੋਲੇ ਅਪਸ਼ਬਦਾਂ ਨਾਲ ਮੁਸਲਿਮ ਭਾਈਚਾਰੇ ’ਚ ਰੋਸ ਨਾਜ਼ੀਆ ਇਲਾਹੀ ਵਲੋਂ ਬੋਲੇ ਅਪਸ਼ਬਦਾਂ ਨਾਲ ਮੁਸਲਿਮ ਭਾਈਚਾਰੇ ਵਿਚ ਰੋਸ਼
Publish Date: Sat, 04 Jul 2026 07:06 PM (IST)
Updated Date: Sat, 04 Jul 2026 07:08 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ’ਚ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਨਾਜ਼ੀਆ ਇਲਾਹੀ ਵੱਲੋਂ ਸੋਸ਼ਲ ਮੀਡੀਆ ’ਤੇ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਪੋਸਟ ਪਾਉਣ ਤੇ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵਿਰੋਧ ਵਿੱਚ ਪੁਤਲਾ ਸਾੜਿਆ ਤੇ ਵਿਰੋਧ ਪ੍ਰਦਰਸ਼ਨ ਕੀਤਾ। ਰਾਸ਼ਟਰੀ ਘੱਟ ਗਿਣਤੀ ਐਕਸ਼ਨ ਫਰੰਟ ਦੇ ਸੂਬਾ ਪ੍ਰਧਾਨ ਸਰਵਰ ਗੁਲਾਮ ਸਬਾ ਦੀ ਅਗਵਾਈ ਹੇਠ ਹੋਏ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਭਾਈਚਾਰੇ ਨੇ ਭਾਜਪਾ ਨੇਤਾ ਨਾਜ਼ੀਆ ਇਲਾਹੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਉਸ ਦਾ ਪੁਤਲਾ ਸਾੜਿਆ ਅਤੇ ਐੱਸਐੱਸਪੀ ਕਪੂਰਥਲਾ ਦੇ ਨਾਂ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਨੂੰ ਮੰਗ ਪੱਤਰ ਸੌਂਪਿਆ। ਇਸ ਵਿੱਚ ਨਾਜ਼ੀਆ ਇਲਾਹੀ ਵਿਰੁੱਧ ਕੇਸ ਦਰਜ ਕਰਨ ਅਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਸਰਵਰ ਗੁਲਾਮ ਸਬਾ ਨੇ ਦੱਸਿਆ ਕਿ ਨਾਜ਼ੀਆ ਇਲਾਹੀ, ਜੋ ਆਪਣੇ ਆਪ ਨੂੰ ਭਾਜਪਾ ਨੇਤਾ ਦੱਸਦੀ ਹੈ, ਨੇ ਸੋਸ਼ਲ ਮੀਡੀਆ ’ਤੇ ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਵਿਰੁੱਧ ਬਹੁਤ ਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਪੋਸਟ ਕੀਤੀ ਹੈ, ਜਿਸ ਨਾਲ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਨਾਲ ਭਾਈਚਾਰੇ ਵਿੱਚ ਭਾਰੀ ਗੁੱਸਾ ਹੈ। ਇਸ ਔਰਤ ਨੇ ਪੂਰੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਕੁਝ ਦੇਸ਼ ਵਿਰੋਧੀ ਤਾਕਤਾਂ ਅਜਿਹੀਆਂ ਔਰਤਾਂ ਨੂੰ ਉਤਸ਼ਾਹਿਤ ਕਰ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਨੇ ਨਾਜ਼ੀਆ ਇਲਾਹੀ ਦੀ ਗ੍ਰਿਫ਼ਤਾਰੀ ਅਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਕਾਰੀ ਗਯੂਰ ਅਹਿਮਦ, ਮੌਲਵੀ ਜ਼ਿਆਉਲ ਹੱਕ, ਉਮਰ ਮਸਜਿਦ, ਮੌਲਾਨਾ ਨਸੀਮ ਕਾਸਮੀ, ਅਸਲਮ ਸ਼ਹਾਦਤ, ਦਾਨਿਸ਼ ਕੁਰੈਸ਼ੀ, ਮੁਰਸ਼ੀਦ, ਮੁਹੰਮਦ ਰਫੀਕ, ਲਵੀਸ਼ ਕੁਰੈਸ਼ੀ, ਕਾਰੀ ਅਲੀਮ, ਐਜਾਜ਼ ਸਲਮਾਨੀ, ਅਲਾਉਦੀਨ, ਸ਼ਾਹਨਵਾਜ਼, ਕਾਰੀ ਸ਼ੌਕੀਨ, ਹਕੀਮ ਮਹਿਤਾਬ, ਮੁਹੰਮਦ ਆਬਿਦ, ਇਮਾਮ, ਆਫਤਾਬ ਆਲਮ ਪ੍ਰਧਾਨ, ਇਸ਼ਰਾਫੀਲ ਕੋਤਰਾਨ, ਮੁਹੰਮਦ ਨਾਹਿਦ ਰਜ਼ਾ ਇਮਾਮ, ਮੁਹੰਮਦ ਇਮਤਿਆਜ਼ ਠੇਕੇਦਾਰ, ਭੋਲਾ, ਫਿਰੋਜ਼ ਖਾਨ, ਮੁਹੰਮਦ ਖਾਨ, ਬਬਲੂ ਖਾਨ, ਸ਼ੋਏਬ ਕੁਰੈਸ਼ੀ ਅਤੇ ਮੁਸਲਿਮ ਭਾਈਚਾਰੇ ਦੇ ਆਗੂ ਹਾਜ਼ਰ ਸਨ।