ਬੇਅਦਬੀ ਕਾਨੂੰਨ ਵਿਧਾਇਕਾਂ ਤੇ ਮੰਤਰੀਆਂ ਨੇ ਪੜ੍ਹਿਆ ਹੀ ਨਹੀਂ : ਖੋਜੇਵਾਲ ਬੇਅਦਬੀ ਸੰਬੰਧੀ ਲਿਆਂਦਾ ਗਿਆ ਕਾਨੂੰਨ ਨਾ ਤਾਂ ਬਹੁਤੇ ਵਿਧਾਇਕਾਂ ਤੇ ਮੰਤਰੀਆਂ ਨੇ ਖ਼ੁਦ ਪੜ੍ਹਿਆ ਹੀ ਨਹੀਂ : ਖੋਜੇਵਾਲ
Publish Date: Mon, 29 Jun 2026 09:36 PM (IST)
Updated Date: Mon, 29 Jun 2026 09:37 PM (IST)
ਕਿਹਾ-ਪਹਿਲੀ ਤਰਜੀਹ ਬੇਅਦਬੀ ਦੇ ਦੋਸ਼ੀਆਂ ਦੀ ਜਵਾਬਦੇਹੀ ਤੈਅ ਕਰਨਾ ਤੇ ਇਨਸਾਫ਼ ਯਕੀਨੀ ਬਣਾਉਣਾ ਹੋਣੀ ਚਾਹੀਦੀ ਹੈ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬੇਅਦਬੀ ਦਾ ਕਾਨੂੰਨ ਬਣਾਉਣ ਵਾਲੇ ਪੰਜਾਬ ਦੇ ਵਧੇਰੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੇ ਕਾਨੂੰਨ ਨੂੰ ਪੜ੍ਹਿਆ ਹੀ ਨਹੀਂ। ਇਹ ਗੱਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਆਗੂਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿਖੇ ਪੇਸ਼ ਹੋਣ ਤੋਂ ਬਾਅਦ ਇਹ ਲਗਭਗ ਸਪੱਸ਼ਟ ਹੋ ਗਿਆ ਹੈ ਕਿ ਬੇਅਦਬੀ ਸਬੰਧੀ ਲਿਆਂਦਾ ਗਿਆ ਕਾਨੂੰਨ ਨਾ ਤਾਂ ਬਹੁਤੇ ਵਿਧਾਇਕਾਂ ਤੇ ਮੰਤਰੀਆਂ ਨੇ ਖ਼ੁਦ ਪੜ੍ਹਿਆ ਸੀ ਤੇ ਨਾ ਹੀ ਉਨ੍ਹਾਂ ਵੱਲੋਂ ਇਸ ਬਾਰੇ ਕੋਈ ਠੋਸ ਸੁਝਾਅ ਦਿੱਤੇ ਗਏ ਸਨ। ਇਸ ਤੋਂ ਇਹ ਪ੍ਰਭਾਵ ਬਣਦਾ ਹੈ ਕਿ ਕਾਨੂੰਨ ਦੇ ਮਾਇਨੇ ਤੇ ਦੂਰਗਾਮੀ ਪ੍ਰਭਾਵਾਂ ਨੂੰ ਸਮਝੇ ਬਿਨਾਂ ਹੀ ਇਸ ਨੂੰ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ 1959 ਦੇ ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ ਦੀ ਭਾਵਨਾ ਇਹ ਸੀ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਨਾਲ ਜੁੜੇ ਕਿਸੇ ਵੀ ਕਦਮ ਤੋਂ ਪਹਿਲਾਂ ਸਿੱਖ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ। ਇਸ ਮਾਮਲੇ ਵਿਚ ਸਰਕਾਰ ਵੱਲੋਂ ਸਮੁੱਚੀਆਂ ਪੰਥਕ ਧਿਰਾਂ, ਸਿੱਖ ਸੰਸਥਾਵਾਂ ਤੇ ਸਿਆਸੀ ਪਾਰਟੀਆਂ ਨਾਲ ਵਿਆਪਕ ਚਰਚਾ ਨਾ ਕਰਨਾ ਇਕ ਗੰਭੀਰ ਕਮੀ ਰਹੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਬੇਅਦਬੀ ਸੰਬੰਧੀ ਕਾਨੂੰਨ ਲਈ ਕੋਈ ਵਿਸਥਾਰਪੂਰਵਕ ਖਰੜਾ ਜਾਂ ਸਾਂਝੇ ਸੁਝਾਅ ਸਾਹਮਣੇ ਨਹੀਂ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਵਾਲ ਅੱਜ ਵੀ ਉਹੀ ਹੈ ਕਿ 2015 ਦੇ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਤੇ ਜਵਾਬਦੇਹੀ ਅਜੇ ਤੱਕ ਕਿਉਂ ਤੈਅ ਨਹੀਂ ਹੋਈ। ਜਦੋਂ ਪੁਰਾਣੇ ਮਾਮਲਿਆਂ ਵਿਚ ਨਿਆਂ ਨਹੀਂ ਮਿਲਿਆ, ਤਾਂ ਸਿਰਫ਼ ਨਵੇਂ ਕਾਨੂੰਨ ਲਿਆਉਣ ਨਾਲ ਲੋਕਾਂ ਦਾ ਭਰੋਸਾ ਕਿਵੇਂ ਬਹਾਲ ਹੋਵੇਗਾ? ਖੋਜੇਵਾਲ ਨੇ ਕਿਹਾ ਪਹਿਲੀ ਤਰਜੀਹ ਦੋਸ਼ੀਆਂ ਦੀ ਜਵਾਬਦੇਹੀ ਤੈਅ ਕਰਨਾ ਤੇ ਇਨਸਾਫ਼ ਯਕੀਨੀ ਬਣਾਉਣਾ ਹੋਣੀ ਚਾਹੀਦੀ ਹੈ। ਇਸ ਮੌਕੇ ਭਾਜਪਾ ਸਰਕਲ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ, ਮੰਡਲ-2 ਦੇ ਪ੍ਰਧਾਨ ਲੱਕੀ ਸਰਪੰਚ, ਮੰਡਲ ਬੇਟ ਦੇ ਪ੍ਰਧਾਨ ਬਲਵੰਤ ਸਿੰਘ ਬੂਟਾ ਸਿੰਘ, ਐੱਸਸੀ ਮੋਰਚਾ ਦੇ ਸੂਬਾਈ ਬੁਲਾਰੇ ਮਹਿੰਦਰ ਸਿੰਘ ਬਲੇਰ, ਮੰਗਾ ਇੱਬਨ, ਜ਼ਿਲ੍ਹਾ ਮੀਤ ਪ੍ਰਧਾਨ ਤੀਰਥ ਸਿੰਘ ਲੰਬੜਦਾਰ, ਸਰਵਣ ਸਿੰਘ ਸ਼ੇਖੂਪੁਰ, ਬਲਜਿੰਦਰ ਸਿੰਘ ਸਾਬਰ, ਬਲਜਿੰਦਰ ਸਿੰਘ ਮਾਨ ਖੋਜੇਵਾਲ, ਬਿੰਦਰਪਾਲ ਖੋਜੇਵਾਲ, ਬਲਬੀਰ ਸਿੰਘ ਪਹਿਲਵਾਨ, ਜਗਤਾਰ ਸਿੰਘ ਕੋਟਗੋਬਿੰਦਪੁਰ, ਹਰਭਜਨ ਲਾਲ ਖੋਜੇਵਾਲ ਆਦਿ ਹਾਜ਼ਰ ਸਨ।