- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਦੀ ਸਾਹਬ ਤੁਸੀ ਗਰੀਬੀ ਖਤਮ ਕਰਨ ਦਾ ਵਾਅਦਾ ਕੀਤਾ ਸੀ ਗਰੀਬ ਨਹੀ,ਘੱੁਮਣ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇਲ ਉਤਪਾਦਕ ਕੰਪਨੀਆਂ ਨੂੰ ਦਿੱਤੀ ਖੁੱਲ੍ਹੀ ਛੋਟ ਦਾ ਫਾਇਦਾ ਚੁੱਕਦੇ ਹੋਏ ਮਨਮਾਨੇ ਢੰਗ ਨਾਲ ਪੈਟਰੋਲ, ਡੀਜ਼ਲ, ਰਸੋਈ ਗੈਸ ਦੇ ਭਾਅ ਵਿਚ ਇਜ਼ਾਫ਼ਾ ਕੀਤਾ ਜਾ ਰਿਹਾ ਹੈ। ਆਏ ਦਿਨ ਹੀ ਕੰਪਨੀਆਂ ਵੱਲੋਂ ਉਤਪਾਦਾਂ ਦੇ ਭਾਅ ਵਧਾਏ ਜਾ ਰਹੇ ਹਨ। ਪੈਟਰੋਲ ਤੇ ਡੀਜ਼ਲ ਦੇ ਭਾਅ ਅਸਮਾਨ ਛੂਹ ਰਹੇ ਹਨ ਤੇ ਇਹ ਸੈਂਕੜਾ ਪਾਰ ਕਰ ਚੁੱਕੇ ਹਨ। ਇਸੇ ਤਰ੍ਹਾਂ ਹੁਣ ਰਸੋਈ ਗੈਸ ਵੀ ਲਗਭਗ ਇਕ ਹਜ਼ਾਰ ਪ੍ਰਤੀ ਸਿਲੰਡਰ ਹੋ ਚੁੱਕੀ ਹੈ। ਸਬਸਿਡੀ ਪਹਿਲ਼ਾਂ ਹੀ ਬੰਦ ਕਰਵਾਈ ਜਾ ਚੁੱਕੀ ਹੈ। ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਰਸੋਈ ’ਤੇ ਪਵੇਗਾ ਤੇ ਮਹਿੰਗਾਈ ਵਧੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਅਕਾਲੀ ਦਲ ਦਿਹਾਤੀ ਵਪਾਰ ਵਿੰਗ ਦੇ ਪ੍ਰਧਾਨ ਜਸਵਿੰਦਰ ਸਿੰਘ ਘੁੰਮਣ, ਦਿਹਾਤੀ ਵਿੰਗ ਯੂਥ ਪ੍ਰਧਾਨ ਰਣਜੀਤ ਸਿੰਘ ਜੀਤੀ ਖੇੜਾ, ਸੀਨੀਅਰ ਆਗੂ ਪਰਮਿੰਦਰ ਸਿੰਘ ਲਾਡੀ ਸ਼ੇਰਗਿਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਸੰਭਾਲਣ ਤੋਂ ਬਾਅਦ ਉਹ ਗਰੀਬੀ ਖਤਮ ਕਰ ਦੇਣਗੇ ਪਰ ਸ਼ਾਇਦ ਗਲਤੀ ਨਾਲ ਹੁਣ ਗਰੀਬ ਹੀ ਖਤਮ ਕਰਨ ’ਤੇ ਤੁਲੇ ਹੋਏ ਹਨ।
ਜਸਵਿੰਦਰ ਸਿੰਘ ਘੁੰਮਣ, ਜੀਤੀ ਖੇੜਾ, ਲਾਡੀ ਸ਼ੇਰਗਿਲ ਨੇ ਕਿਹਾ ਕਿ ਗਰੀਬ ਲੋਕ ਲੱਕੜ ’ਤੇ ਖਾਣਾ ਬਣਾਕੇ ਹੀ ਆਪਣੇ ਟੱਬਰ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕਰਦੇ ਸਨ ਪਰ ਮੁਫਤ ਗੈਸ ਸਿਲੰਡਰ ਵੰਡ ਕੇ ਪੂਰੇ ਦੇਸ਼ ਦੇ ਲੋਕਾਂ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ ਹੈ। ਸਾਰੀ ਜਨਤਾ ਨੂੰ ਗੈਸ ਸਿਲੰਡਰਾਂ ’ਤੇ ਮਿਲਦੀ ਸਬਸਿਡੀ ਬੰਦ ਕਰ ਦਿੱਤੀ ਗਈ ਹੈ ਜਦਕਿ ਹੋਣਾ ਇਹ ਚਾਹੀਦਾ ਸੀ ਕਿ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਵਾਲਾ ਸਿਲੰਡਰ ਮੁਫਤ ਲ਼ਿਆ ਹੈ। ਉਨ੍ਹਾਂ ਦੀ ਸਬਸਿਡੀ ਬੰਦ ਹੋਣੀ ਚਾਹੀਦੀ ਸੀ ਪਰ ਪ੍ਰਧਾਨ ਮੰਤਰੀ ਨੇ ਮੁਫਤ ਸਿਲੰਡਰ ਵੰਡ ਕੇ ਪਹਿਲਾਂ 450 ਰੁਪਏ ਵਿਚ ਮਿਲਣ ਵਾਲੇ ਗੈਸ ਸਿਲੰਡਰ ਦੇ ਭਾਅ ਸਿੱਧੇ ਦੁੱਗਣੇ ਕਰ ਦਿਤੇ।
ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦੇ ਨੇੜਲੇ ਕਈ ਦੇਸ਼ਾਂ ਵਿਚ ਪੈਟਰੋਲ ਤੇ ਡੀਜ਼ਲ ਸਸਤੇ ਭਾਅ ’ਤੇ ਉਪਲਬਧ ਹਨ ਤਾਂ ਫਿਰ ਭਾਰਤ ਦੇ ਲੋਕਾਂ ਨੂੰ ਮਹਿੰਗੇ ਈਂਧਨ ਦਾ ਬੋਝ ਕਿਉਂ ਝੱਲਣਾ ਪੈ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਗਾਏ ਜਾ ਰਹੇ ਟੈਕਸਾਂ ਤੇ ਹੋਰ ਚਾਰਜਾਂ ਕਾਰਨ ਆਮ ਲੋਕਾਂ ਨੂੰ ਵਧੇਰੇ ਕੀਮਤਾਂ ਅਦਾ ਕਰਨੀਆਂ ਪੈ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਆਪਣੇ ਹਿੱਸੇ ਦੇ ਟੈਕਸ ਤੇ ਕਮਿਸ਼ਨ ਵਿਚ ਕਟੌਤੀ ਕਰਕੇ ਲੋਕਾਂ ਨੂੰ ਤੁਰੰਤ ਰਾਹਤ ਦੇਣ। ਉਨ੍ਹਾਂ ਕਿਹਾ ਕਿ ਮਹਿੰਗਾਈ ਪਹਿਲਾਂ ਹੀ ਲੋਕਾਂ ਲਈ ਵੱਡੀ ਚੁਣੌਤੀ ਬਣੀ ਹੋਈ ਹੈ ਤੇ ਈਂਧਨ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਆਮ ਲੋਕਾਂ ‘ਤੇ ਮਹਿੰਗਾਈ ਦੀ ਮਾਰ ਹੋਰ ਵੀ ਭਾਰੀ ਪੈ ਸਕਦੀ ਹੈ। ਉਨ੍ਹਾਂ ਸਰਕਾਰਾਂ ਨੂੰ ਲੋਕ ਹਿੱਤ ਵਿਚ ਤੁਰੰਤ ਫੈਸਲੇ ਲੈ ਕੇ ਪੈਟਰੋਲ, ਡੀਜ਼ਲ ਤੇ ਐੱਲਪੀਜੀ ਗੈਸ ਦੀਆਂ ਕੀਮਤਾਂ ਘਟਾਉਣ ਦੀ ਅਪੀਲ ਕੀਤੀ।