- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਡਾਲਾ ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ

ਨਡਾਲਾ ’ਚ ਵਿਧਾਇਕ ਖਹਿਰਾ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ
ਸੁਖਪਾਲ ਸਿੰਘ ਹੁੰਦਲ, ਸੁਖਜਿੰਦਰ ਸਿੰਘ ਮੁਲਤਾਨੀ, ਪੰਜਾਬੀ ਜਾਗਰਣ ਕ
ਕਪੂਰਥਲਾ : ਕਸਬਾ ਨਡਾਲਾ ਵਿਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਖਹਿਰਾ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਚੁਣੌਤੀ ਦਿੰਦੇ ਹਨ ਕਿ 24 ਘੰਟਿਆਂ ਦੇ ਅੰਦਰ ਉਹ ਉਨ੍ਹਾਂ ਲੈਬਾਂ ਦੇ ਨਾਮ ਜਨਤਕ ਕਰਨ, ਜਿਨ੍ਹਾਂ ਨੇ ਭਗਵੰਤ ਮਾਨ ਨੂੰ ਕਲੀਨ ਚਿੱਟ ਦੇਣ ਲਈ ਕਥਿਤ ਤੌਰ 'ਤੇ ਰਿਪੋਰਟ ਦਿੱਤੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਰਿਪੋਰਟ ਲਈ ਅਦਾ ਕੀਤੀ ਗਈ ਰਕਮ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਖਹਿਰਾ ਨੇ ਕਿਹਾ ਕਿ ਸੱਚਾਈ ਲੋਕਾਂ ਸਾਹਮਣੇ ਆਉਣੀ ਚਾਹੀਦੀ ਹੈ। ਖਹਿਰਾ ਨੇ ਦੋਸ਼ ਲਾਇਆ ਕਿ ਇਹ ਜੋ ਸਰਕਾਰ ਵੱਲੋਂ ਵਾਇਰਲ ਵੀਡੀਓ ਦੀ ਰਿਪੋਰਟ ਪੇਸ਼ ਕੀਤੀ ਗਈ ਹੈ ਉਹ ਜਾਅਲੀ ਹੈ ਕਿਉਂਕਿ ਉਸ ਅਧੂਰੀ ਰਿਪੋਰਟ ਵਿਚ ਜਾਰੀ ਕਰਨ ਵਾਲੇ ਦੇ ਹਸਤਾਖਰ ਹੀ ਨਹੀਂ ਹਨ ਤੇ ਤਿੰਨ ਕਰੋੜ ਰੁਪਇਆ ਦੇ ਕੇ ਇਸ ਰਿਪੋਰਟਾਂ ਨੂੰ ਤਿਆਰ ਕੀਤਾ ਗਿਆ ਹੈ। ਖਹਿਰਾ ਨੇ ਆਖਿਆ ਕਿ ਕੇਜਰੀਵਾਲ ਤਾਂ ਚਾਹੁੰਦਾ ਹੈ ਕਿ ਸਿੱਖਾਂ ਦਾ ਅਕਾਲ ਤਖਤ ਸਾਹਿਬ ਨਾਲ ਪੇਚਾ ਪਵੇ। ਉਨ੍ਹਾਂ ਪੰਜਾਬ ਦੇ ਸਿੱਖਾਂ, ਸਰਪੰਚਾਂ ਨੂੰ ਅਪੀਲ ਕੀਤੀ ਕਿ ਕਿਉਂ ਤੁਸੀਂ ਚੰਦ ਟੁਕੜਿਆਂ ਦੀ ਖਾਤਰ ਭਗਵੰਤ ਮਾਨ ਦਾ ਸਾਥ ਦੇ ਕੇ ਅਕਾਲ ਤਖਤ ਸਾਹਿਬ ਦੇ ਖਿਲਾਫ ਚੱਲ ਰਹੇ ਹੋ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇਹ ਪਹਿਲੀ ਬੇਅਦਬੀ ਨਹੀਂ ਉਹ ਇਸ ਤੋਂ ਪਹਿਲਾਂ ਵੀ ਸ਼ਰਾਬ ਪੀ ਕੇ ਧਾਰਮਿਕ ਸਥਾਨ ’ਤੇ ਜਾ ਕੇ ਬੇਅਦਬੀ ਕਰ ਚੁੱਕਾ ਹੈ। ਉਨਾਂ ਆਖਿਆ ਕਿ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਅਕਾਲ ਤਖਤ ਸਾਹਿਬ ਦੇ ਅੱਗੇ ਪੇਸ਼ ਹੋ ਕੇ ਮੁਆਫੀ ਮੰਗਦਾ ਪਰ ਇਹ ਤਾਂ ਅਕਾਲ ਤਖਤ ਸਾਹਿਬ ਨੂੰ ਚੁਨੌਤੀ ਦੇ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਭਗਵੰਤ ਮਾਨ ਤੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਲਿਆ ਜਾਵੇ ਤੇ ਜੇਕਰ ਕੇਜਰੀਵਾਲ ਇਸ ਨੂੰ ਬਹਾਲ ਰੱਖਦਾ ਹੈ ਤਾਂ ਕੇਜਰੀਵਾਲ ਵੀ ਅਕਾਲ ਤਖਤ ਸਾਹਿਬ ਦਾ ਓਨਾ ਹੀ ਦੋਖੀ ਹੋਵੇਗਾ, ਜਿੰਨਾ ਕਿ ਭਗਵੰਤ ਮਾਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੋ ਬੇਅਦਬੀਆਂ ਖਿਲਾਫ ਹੁਣ ਕਾਨੂੰਨ ਬਣਾਇਆ ਗਿਆ ਹੈ, ਇਸ ਦੇ ਚਲਦਿਆਂ ਪਹਿਲਾ ਪਰਚਾ ਭਗਵੰਤ ਮਾਨ ਦੇ ਖਿਲਾਫ ਦਰਜ ਕੀਤਾ ਜਾਵੇ। ਇਸ ਮੌਕੇ ਬਾਬਾ ਹਰਜੀਤ ਗਿਰੀ ਮਕਸੂਦਪੁਰ, ਅਵਤਾਰ ਸਿੰਘ ਵਾਲੀਆ, ਲਖਵਿੰਦਰ ਸਿੰਘ ਹਮੀਰਾ, ਜਗਜੀਤ ਸਿੰਘ ਸਰਪੰਚ ਮਦੋਵਾਲ, ਪਰਮਜੀਤ ਸਿੰਘ ਕੰਗ, ਸੰਦੀਪ ਪਸ਼ਰੀਚਾ, ਰਾਮ ਸਿੰਘ ਨਡਾਲਾ, ਸੁਲੱਖਣ ਸਿੰਘ, ਜੋਗਾ ਸਿੰਘ ਇਬਰਾਹਿਮਵਾਲ, ਨਿਰਮਲ ਸਿੰਘ ਮੰਡ,ਗੁਰਵਿੰਦਰ ਸਿੰਘ ਤੂਰ ਮਕਸੂਦਪੁਰ, ਜਸਵਿੰਦਰ ਸਿੰਘ ਕੂਕਾ, ਗੁਰਪ੍ਰੀਤ ਸਿੰਘ ਵਾਲੀਆ, ਪ੍ਰਦੀਪ ਘਈ ਭੁਲੱਥ, ਮਨਜੀਤ ਕੌਰ ਲਾਲੀਆ, ਹਰਵਿੰਦਰ ਸਿੰਘ ਜੈਦ, ਗੁਰਪ੍ਰੀਤ ਸਿੰਘ ਪੱਡਾ, ਨਸੀਬ ਸ਼ਰਮਾ ਤੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।