ਮੌਲਾਨਾ ਅਮਾਨੁੱਲਾ ਮਜਾਹਰੀ ਮੁਸਲਿਮ ਸੰਗਠਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਮੌਲਾਨਾ ਅਮਾਨੁੱਲਾ ਮਜਾਹਰੀ ਮੁਸਲਿਮ ਸੰਗਠਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
Publish Date: Mon, 29 Jun 2026 07:35 PM (IST)
Updated Date: Mon, 29 Jun 2026 07:37 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮਸਜਿਦ ਬੀਬੀ ਪੀਰੋਂਵਾਲੀ ਅੰਮਿ੍ਤਸਰ ਰੋਡ ਵਿਖੇ ਮੁਸਲਿਮ ਸੰਗਠਨ ਪੰਜਾਬ ਦੀ ਇਕ ਮਹੱਤਵਪੂਰਨ ਮੀਟਿੰਗ ਸੰਗਠਨ ਦੇ ਜਨਰਲ ਸਕੱਤਰ ਮਜ਼ਹਰ ਆਲਮ ਮਜ਼ਾਹਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮੁਸਲਿਮ ਸਮਾਜ ਨਾਲ ਸਬੰਧਤ ਸਮੱਸਿਆਵਾਂ ਤੇ ਹੋਰ ਮੁੱਦਿਆਂ ਬਾਰੇ ਵਿਚਾਰ-ਚਰਚਾ ਹੋਈ, ਜਿਸ ਵਿਚ ਸੰਗਠਨ ਦੇ ਪ੍ਰਧਾਨ ਐਡਵੋਕੇਟ ਨਈਮ ਖ਼ਾਨ ਤੇ ਹਾਜੀ ਆਬਿਦ ਹਸਨ ਸੁਲਮਾਨੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਨਈਮ ਖਾਨ ਨੇ ਕਿਹਾ ਕਿ ਮੁਸਲਿਮ ਸੰਗਠਨ ਪੰਜਾਬ ਵੱਲੋਂ ਪਿਛਲੇ ਮਹੀਨੇ ਸੰਗਠਨ ਦੀਆਂ ਇਕਾਈਆਂ ਨੂੰ ਭੰਗ ਕਰ ਦਿੱਤਾ ਗਿਆ ਸੀ ਤੇ ਹੁਣ ਸੰਗਠਨ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਬਣਾਉਣ ਲਈ ਹਰੇਕ ਜ਼ਿਲ੍ਹੇ ਵਿਚ ਨਵੀਆਂ ਇਕਾਈਆਂ ਦਾ ਗਠਨ ਕੀਤਾ ਜਾ ਰਿਹਾ ਹੈ, ਉਪਰੰਤ ਸੰਗਠਨ ਦੇ ਜਨਰਲ ਸਕੱਤਰ ਮੁਹੰਮਦ ਮਜ਼ਹਰ ਆਲਮ ਮਜ਼ਾਹਰੀ ਨੇ ਸੰਗਠਨ ਦੇ ਨਵੇਂ ਅਹੁਦੇਦਾਰਾਂ ਦੇ ਨਾਂ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਤੋਂ ਬਾਅਦ ਐਡਵੋਕੇਟ ਨਈਮ ਖਾਨ ਤੇ ਹਾਜੀ ਆਬਿਦ ਹਸਨ ਸੁਲਮਾਨੀ ਨੇ ਮੌਲਾਨਾ ਅਮਾਨੁੱਲਾ ਮਜ਼ਾਹਰੀ ਨੂੰ ਮੁਸਲਿਮ ਸੰਗਠਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਦਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਮੀਟਿੰਗ ਵਿਚ ਹਾਜ਼ਰ ਸੰਗਠਨ ਨਾਲ ਸਬੰਧਤ ਮੈਂਬਰਾਂ ਨੇ ਸੰਗਠਨ ਦੇ ਨਵ-ਨਿਯੁਕਤ ਪ੍ਰਧਾਨ ਦਾ ਸਵਾਗਤ ਕੀਤਾ। ਐਡਵੋਕੇਟ ਨਈਮ ਖਾਨ ਨੇ ਕਿਹਾ ਕਿ ਮੁਸਲਿਮ ਸੰਗਠਨ ਪੰਜਾਬ ਸਮਾਜ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਮੁੱਦਿਆਂ ਨੂੰ ਪ੍ਰਸ਼ਾਸਨ ਤੇ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ ਕਾਰਜਸ਼ੀਲ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਸੰਗਠਨ ਦੀ ਨਵੀਂ ਟੀਮ ਸੰਗਠਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ ਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਨਿਯੁਕਤ ਕਰ ਦਿੱਤੇ ਜਾਣਗੇ। ਆਪਣੀ ਜ਼ਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ’ਤੇ ਮੌਲਾਨਾ ਅਮਾਨੁੱਲਾ ਮਜ਼ਾਹਰੀ ਨੇ ਐਡਵੋਕੇਟ ਨਈਮ ਖਾਨ ਤੇ ਮਜ਼ਹਰ ਆਲਮ ਮਜ਼ਾਹਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਠਨ ਨੇ ਜਿਸ ਵਿਸ਼ਵਾਸ ਤੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ, ਉਸ ਲਈ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਮੁਸਲਿਮ ਸੰਗਠਨ ਪੰਜਾਬ ਦਾ ਇਕ ਅਜਿਹਾ ਸੰਗਠਨ ਹੈ ਜੋ ਰਾਜ ਵਿਚ ਮੁਸਲਿਮ ਸਮਾਜ ਦੇ ਮੁੱਦਿਆਂ ਤੇ ਸਮੱਸਿਆਵਾਂ ਨੂੰ ਲੈ ਕੇ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਹਾਜੀ ਖ਼ੁਸ਼ੀ ਮੁਹੰਮਦ, ਹਾਜੀ ਅਬਦੁਲ ਗਫਾਰ ਸਲਮਾਨੀ, ਰਫ਼ੀਕ ਅਹਿਮਦ, ਬਿੱਟੂ ਗੁੱਜਰ, ਕਾਰੀ ਅਬਦੁਸਲਾਮ, ਸਿਕੰਦਰ ਸੇਖ਼, ਸਰਫੂਦੀਨ, ਇਮਾਮ ਮੁਹੰਮਦ ਸੱਦਾਮ ਹੁਸੈਨ ਆਦਿ ਹਾਜ਼ਰ ਸਨ।