- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਜੱਟਾਂ ਦਾ ਸਰਾਏਂ ਨੇੜੇ ਕਥਿਤ ਲੁੱਟ ਦੀ ਵੱਡੀ ਵਾਰਦਾਤ, ਬਜ਼ੁਰਗ ਜੋੜੇ ਨਾਲ ਕੁੱਟਮਾਰ ਦੇ ਦੋਸ਼

ਸੀਸੀਟੀਵੀ ਫੁਟੇਜ ਤੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਪੁਲਿਸ ਦੀ ਜਾਂਚ ਤੇਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਹਲਕੇ ਦੇ ਪਿੰਡ ਸਰਾਏ ਜੱਟਾਂ ਨੇੜੇ ਸਾਹਮਣੇ ਆਏ ਇਸ ਕਥਿਤ ਮਾਮਲੇ ਨੇ ਸਥਾਨਕ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਪੀੜਤ ਪਰਿਵਾਰ ਦੇ ਦਾਅਵੇ ਅਨੁਸਾਰ, ਦੇਰ ਰਾਤ ਤਿੰਨ ਨਕਾਬਪੋਸ਼ ਵਿਅਕਤੀ ਘਰ ਦਾ ਮੁੱਖ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ। ਉਸ ਵੇਲੇ ਘਰ ਵਿੱਚ ਇੱਕ ਬਜ਼ੁਰਗ ਐੱਨਆਰਆਈ, ਉਨ੍ਹਾਂ ਦੀ ਪਤਨੀ ਅਤੇ ਇੱਕ ਛੋਟੀ ਬੱਚੀ ਸੁੱਤੇ ਹੋਏ ਸਨ। ਪੀੜਤ ਲਹਿੰਬਰ ਸਿੰਘ ਤੇ ਪਰਿਵਾਰ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕਮਰੇ ’ਚ ਦਾਖਲ ਹੁੰਦੇ ਹੀ ਬਜ਼ੁਰਗ ਜੋੜੇ ’ਤੇ ਪਿਸਤੌਲ ਤਾਣ ਦਿੱਤੀ। ਸੀਸੀਟੀਵੀ ਫੁਟੇਜ ਵਿੱਚ ਕਥਿਤ ਤੌਰ ’ਤੇ ਤਿੰਨਾਂ ਹਮਲਾਵਰਾਂ ਦੇ ਹੱਥਾਂ ਵਿੱਚ ਪਿਸਤੌਲ ਅਤੇ ਇੱਕ ਤੇਜ਼ਧਾਰ ਹਥਿਆਰ ਦਿਖਾਈ ਦਿੰਦਾ ਹੈ।
ਪਰਿਵਾਰ ਮੁਤਾਬਕ, ਬਜ਼ੁਰਗ ਜੋੜੇ ਨੂੰ ਘਰ ਤੋਂ ਬਾਹਰ ਲਿਜਾ ਕੇ ਬੰਦੀ ਬਣਾਇਆ ਗਿਆ। ਇਹ ਦ੍ਰਿਸ਼ ਵੀ ਕਥਿਤ ਤੌਰ ’ਤੇ ਸੀਸੀਟੀਵੀ ਵਿੱਚ ਕੈਦ ਹੋਏ ਹਨ। ਪੀੜਤ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ, ਵਾਰ-ਵਾਰ ਸੋਨਾ ਅਤੇ ਨਗਦੀ ਦੀ ਮੰਗ ਕੀਤੀ ਗਈ। ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਤੁਰੰਤ ਨਗਦੀ ਨਹੀਂ ਮਿਲੀ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਘਰ ਵਿੱਚ ਮੌਜੂਦ ਛੋਟੀ ਬੱਚੀ ਨੂੰ ਅਗਵਾ ਕਰ ਲਿਆ ਜਾਵੇਗਾ ਅਤੇ ਪਰਿਵਾਰ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਜਾਵੇਗਾ। ਪਰਿਵਾਰ ਅਨੁਸਾਰ, ਕੁਝ ਦਿਨ ਪਹਿਲਾਂ ਬੈਂਕ ਤੋਂ ਕਢਵਾਈ ਗਈ ਨਕਦੀ ਕਥਿਤ ਤੌਰ ’ਤੇ ਹਮਲਾਵਰ ਆਪਣੇ ਨਾਲ ਲੈ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਗਈ ਹੈ। ਇਸ ਮੌਕੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਆਸ-ਪਾਸ ਦੇ ਹੋਰ ਕੈਮਰਿਆਂ ਦੀ ਫੁਟੇਜ, ਮੋਬਾਈਲ ਡੰਪ ਡਾਟਾ ਅਤੇ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਇਹ ਘਟਨਾ ਇਲਾਕੇ ਦੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਕਾਰਨ ਬਣੀ ਹੈ। ਲੋਕ ਉਮੀਦ ਕਰ ਰਹੇ ਹਨ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਤੇਜ਼ ਜਾਂਚ ਹੋਵੇ, ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ ਅਤੇ ਅਜਿਹੀਆਂ ਘਟਨਾਵਾਂ ਦੀ ਦੁਹਰਾਈ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ।