ਡਾ. ਚੱਬੇਵਾਲ ਨੇ ਜੇਸੀਟੀ ਮਿੱਲ ਦੇ ਹਜ਼ਾਰਾਂ ਮੁਲਾਜ਼ਮਾਂ ਨੂੰ ਦਿਵਾਈ ਵੱਡੀ ਰਾਹਤ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਜੇ.ਸੀ.ਟੀ. ਮਿੱਲ ਦੇ ਹਜ਼ਾਰਾਂ ਕਰਮਚਾਰੀਆਂ ਨੂੰ ਦਿਵਾਈ ਵੱਡੀ ਰਾਹਤ
Publish Date: Thu, 02 Jul 2026 09:12 PM (IST)
Updated Date: Thu, 02 Jul 2026 09:14 PM (IST)
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਜੇਸੀਟੀ ਮਿੱਲ ਦੇ ਹਜ਼ਾਰਾਂ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਲਈ ਕੀਤੇ ਜਾ ਰਹੇ ਯਤਨ ਅੱਜ ਉਸ ਵੇਲੇ ਰੰਗ ਲਿਆਏ ਜਦੋਂ ਮਿੱਲ ਦੇ 24 ਹਜ਼ਾਰ ਮੁਲਾਜ਼ਮਾਂ ਦੀ ਚਿਰੋਕਲੀ ਪ੍ਰੋਵੀਡੈਂਟ ਫੰਡ ਦੀ ਮੰਗ ਪੂਰੀ ਹੋਈ ਅਤੇ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੇ ਫੰਡ ਲਈ 114 ਕਰੋੜ ਰੁਪਏ ਜਾਰੀ ਕੀਤੇ ਗਏ। ਮੈਂਬਰ ਪਾਰਲੀਮੈਂਟ ਡਾ. ਚੱਬੇਵਾਲ ਨੇ ਕਿਹਾ ਕਿ ਸਥਾਨਕ ਜੇਸੀਟੀ ਮਿੱਲ ਅਤੇ ਇਸ ਦੀਆਂ ਇਕਾਈਆਂ ਦੇ ਕਰੀਬ 24 ਹਜ਼ਾਰ ਮੁਲਾਜ਼ਮਾਂ ਦਾ ਪ੍ਰੋਵੀਡੈਂਟ ਫੰਡ ਦਾ ਮਸਲਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ ਜੋ ਅੱਜ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ 114 ਕਰੋੜ ਰੁਪਏ ਜਲਦ ਹੀ ਲੋੜੀਂਦੀਆਂ ਵਿਭਾਗੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਇਹ ਰਕਮ ਮੁਲਾਜ਼ਮਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿੱਲ ਦੇ ਬੰਦ ਹੋਣ ਤੋਂ ਬਾਅਦ ਹਜ਼ਾਰਾਂ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰ ਲਗਾਤਾਰ ਇਹ ਮੰਗ ਰੱਖ ਰਹੇ ਸਨ ਜਿਸ ਨੂੰ ਉਨ੍ਹਾਂ ਨੇ ਸਬੰਧਤ ਵਿਭਾਗਾਂ ਅਤੇ ਸਰਕਾਰ ਦੇ ਸਾਹਮਣੇ ਰੱਖ ਕੇ ਇਸ ਦਾ ਹੱਲ ਕਰਵਾ ਦਿੱਤਾ ਹੈ ਅਤੇ ਇਹ ਰਕਮ ਜਾਰੀ ਹੋ ਚੁੱਕੀ ਹੈ। ਲੋਕ ਸਭਾ ਮੈਂਬਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਵਚਨਬੱਧ ਹੈ ਅਤੇ ਕਿਸੇ ਦੇ ਹਿੱਤਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਮ ਲੋਕਾਂ ਦੇ ਹੱਕਾਂ ਦੀ ਹਰ ਪੱਖੋਂ ਸੁਰੱਖਿਆ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਫਗਵਾੜਾ ਵਿਖੇ ਰੋਜ਼ਾਨਾ ਹਰ ਵਰਗ ਨਾਲ ਸੰਬੰਧਤ ਮਸਲੇ ਸੁਣ ਰਹੇ ਹਨ ਅਤੇ ਇਨ੍ਹਾਂ ਮਾਮਲਿਆਂ ਦੇ ਨਾਲੋਂ-ਨਾਲ ਢੁਕਵੇ ਹੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਚਹੁੰਮੁਖੀ ਵਿਕਾਸ ਅਤੇ ਉਦਯੋਗਾਂ ਨੂੰ ਮੁੜ ਸੁਰਜੀਤ ਕਰਨਾ ਵੀ ਉਨ੍ਹਾਂ ਦੇ ਤਰਜੀਹੀ ਖੇਤਰ ਵਿਚ ਹਨ। ਡਾ. ਚੱਬੇਵਾਲ ਨੇ ਕਿਹਾ ਕਿ ਫੰਡ ਦੀ ਰਕਮ ਜਾਰੀ ਹੋਣ ਬਾਰੇ ਪਤਾ ਲੱਗਦੇ ਹੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਮੁਲਾਜ਼ਮਾਂ ਨੇ ਇਸ ਪਹਿਲ ਲਈ ਮੁੱਖ ਮੰਤਰੀ ਮਾਨ ਤੇ ਡਾ. ਰਾਜ ਕੁਮਾਰ ਚੱਬੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਡਾ. ਚੱਬੇਵਾਲ ਨੇ ਕਿਹਾ ਕਿ ਇਸ ਰਕਮ ਵਿੱਚ 58 ਅਜਿਹੇ ਪੈਨਸ਼ਨਰ ਵੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਦੀ ਪੈਨਸ਼ਨ 3 ਲੱਖ ਰੁਪਏ ਤੋਂ ਵੱਧ ਹੈ ਅਤੇ ਹੁਣ ਉਨ੍ਹਾਂ ਨੂੰ ਹਰ ਮਹੀਨੇ ਨਿਯਮਿਤ ਪੈਨਸ਼ਨ ਮਿਲਦੀ ਰਹੇਗੀ। ਨਗਰ ਨਿਗਮ ਵਿੱਚ ਹੋਏ ਸਮਾਗਮ ਦੌਰਾਨ 10 ਮੁਲਾਜ਼ਮਾਂ ਨੂੰ ਪੈਨਸ਼ਨ ਦੇ ਚੈੱਕ ਸੌਂਪੇ ਗਏ। ਉਨ੍ਹਾਂ ਕਿਹਾ ਕਿ ਜੇਸੀਟੀ ਮਿੱਲ, ਜਿਸ ਨੂੰ ਨਵੇਂ ਮਾਲਕਾਂ ਨੇ ਖਰੀਦ ਲਿਆ ਹੈ, ਵੱਲੋਂ ਬਾਕੀ ਰਹਿੰਦੀ ਬਕਾਇਆ ਰਕਮ ਵੀ ਮੁਲਾਜ਼ਮਾਂ ਨੂੰ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਣਦੀਪ ਸਿੰਘ ਹੀਰ, ਐੱਸਪੀ ਮਾਧਵੀ ਸ਼ਰਮਾ, ਐੱਸਡੀਐੱਮ ਨਵਜੋਤ ਸ਼ਰਮਾ, ਕੋਰਟ ਅਫ਼ਸਰ (ਰੈਜ਼ੋਲਿਊਸ਼ਨ ਪ੍ਰੋਫੈਸ਼ਨਲ) ਉਮੇਸ਼ ਗਰਗ ਅਤੇ ਹੋਰ ਕਈ ਅਧਿਕਾਰੀ ਮੌਜੂਦ ਸਨ।