ਵਕੀਲਾਂ ਵੱਲੋਂ ਐੱਲਏਡੀਸੀ ਨੀਤੀ ਦੇ ਵਿਰੋਧ ’ਚ ਹੜਤਾਲ ਜਾਰੀ ਵਕੀਲਾਂ ਵੱਲੋਂ ਐੱਲ.ਏ.ਡੀ.ਸੀ ਨੀਤੀ ਦੇ ਵਿਰੋਧ ’ਚ ਮੁਕੰਮਲ ਲਗਾਤਾਰ ਹੜਤਾਲ ਜਾਰੀ
Publish Date: Fri, 10 Jul 2026 08:45 PM (IST)
Updated Date: Fri, 10 Jul 2026 08:48 PM (IST)
ਬਾਰ ਐਸੋਸੀਏਸ਼ਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿੱਚ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ ਦੀ ਅਗਵਾਈ ’ਚ ਚੌਥੇ ਦਿਨ ਵੀ ਮੁਕੰਮਲ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਅਦਾਲਤ ਕੰਪਲੈਕਸ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ’ਚ ਵਕੀਲ ਇਕੱਠੇ ਹੋਏ ਤੇ ਬਾਰ ਐਸੋਸੀਏਸ਼ਨ ਦੇ ਜਨਰਲ ਹਾਊਸ ਵੱਲੋਂ ਪਾਸ ਕੀਤੇ ਮਤੇ ਖਿਲਾਫ਼ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਪ੍ਰਧਾਨ ਐਡਵੋਕੇਟ ਜਰਨੈਲ ਸਿੰਘ ਸੰਧਾ, ਸਕੱਤਰ ਐਡਵੋਕੇਟ ਸ਼ੈਲ ਪ੍ਰਭਾਕਰ, ਐਡਵੋਕੇਟ ਰਾਜਵਿੰਦਰ ਕੌਰ ਸੰਧਾ, ਐਡਵੋਕੇਟ ਕੇਹਰ ਸਿੰਘ ਨੇ ਕਿਹਾ ਕਿ ਮੌਜੂਦਾ ਲੀਗਲ ਏਡ ਡਿਫੈਂਸ ਕੌਂਸਲ ਨੀਤੀ ’ਚ ਕਈ ਖਾਮੀਆਂ ਹਨ, ਜਿਸ ਕਾਰਨ ਵਕੀਲਾਂ ਦੀ ਪੇਸ਼ੇਵਰ ਸੁਤੰਤਰਤਾ ਤੇ ਹਿੱਤ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਪ੍ਰਣਾਲੀ ਪਾਰਦਰਸ਼ੀ ਨਹੀਂ ਹੈ ਅਤੇ ਇਸ ’ਚ ਸੁਧਾਰ ਦੀ ਸਖ਼ਤ ਲੋੜ ਹੈ। ਬਾਰ ਐਸੋਸੀਏਸ਼ਨ ਦੇ ਮਤੇ ਅਨੁਸਾਰ ਇਹ ਮੁਕੰਮਲ ਹੜਤਾਲ ਜੁਆਇੰਟ ਐਕਸ਼ਨ ਕਮੇਟੀ ਦੇ ਅਗਲੇ ਫੈਸਲੇ ਤੱਕ ਜਾਰੀ ਰਹੇਗੀ। ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਸੁਲਤਾਨਪੁਰ ਲੋਧੀ ਦਾ ਕੋਈ ਵੀ ਮੈਂਬਰ ਕਿਸੇ ਵੀ ਅਦਾਲਤ, ਟ੍ਰਿਬਿਊਨਲ ਜਾਂ ਹੋਰ ਅਥਾਰਟੀ ਅੱਗੇ ਪੇਸ਼ ਨਹੀਂ ਹੋਵੇਗਾ। ਵਕੀਲਾਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ, ਸਗੋਂ ਵਕੀਲ ਭਾਈਚਾਰੇ ਦੀ ਪੇਸ਼ੇਵਰ ਮਰਿਆਦਾ, ਸੁਤੰਤਰਤਾ ਅਤੇ ਨਿਆਂ ਪ੍ਰਣਾਲੀ ਦੀ ਪਾਰਦਰਸ਼ਤਾ ਦੀ ਰੱਖਿਆ ਲਈ ਲੜਿਆ ਜਾ ਰਿਹਾ ਹੈ। ਇਸ ਮੌਕੇ ਵਕੀਲਾਂ ਨੇ ਐੱਲਈਡੀਸੀ ਪ੍ਰਣਾਲੀ ਨੂੰ ਖਤਮ ਕਰਕੇ ਪਹਿਲਾਂ ਵਾਲੀ ਪ੍ਰਣਾਲੀ ਮੁੜ ਬਹਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਜਰਨੈਲ ਸਿੰਘ ਸੰਧਾ ਪ੍ਰਧਾਨ, ਸ਼ੈਲ ਪ੍ਰਭਾਕਰ ਸਕੱਤਰ, ਬਾਰ ਐਸੋਸੀਏਸ਼ਨ, ਐਡਵੋਕੇਟ ਕੇਹਰ ਸਿੰਘ, ਐਡਵੋਕੇਟ ਸੁੱਚਾ ਸਿੰਘ ਮੋਮੀ, ਐਡਵੋਕੇਟ ਤਾਰਾ ਚੰਦ ਉੱਪਲ, ਐਡਵੋਕੇਟ ਭੁਪਿੰਦਰ ਸਿੰਘ, ਐਡਵੋਕੇਟ ਸਤਨਾਮ ਸਿੰਘ ਮੋਮੀ, ਐਡਵੋਕੇਟ ਵਿਕਾਸਦੀਪ ਨੱਡਾ, ਐਡਵੋਕੇਟ ਰਾਜਵਿੰਦਰ ਕੌਰ ਸੰਧਾ, ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਐਡਵੋਕੇਟ ਇੰਦਰਜੀਤ ਸਿੰਘ ਥਿੰਦ, ਐਡਵੋਕੇਟ ਗੁਰਮੀਤ ਸਿੰਘ ਢਿੱਲੋਂ, ਐਡਵੋਕੇਟ ਮਲਕੀਤ ਸਿੰਘ ਥਿੰਦ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਐਡਵੋਕੇਟ ਸਤਵੀਰ ਮਹੀਪਾਲ, ਐਡਵੋਕੇਟ ਤਰੁਣ ਕੰਬੋਜ ਤੋਂ ਇਲਾਵਾ ਹੋਰ ਐਡਵੋਕੇਟ ਵੀ ਸ਼ਾਮਲ ਸਨ।