ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਾਵਰ ਕੱਟਾਂ ਖਿਲਾਫ਼ ਲਗਾਇਆ ਧਰਨਾ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਾਵਰਕੱਟਾਂ ਖਿਲਾਫ਼ ਲਗਾਇਆ ਧਰਨਾ
Publish Date: Sat, 27 Jun 2026 07:06 PM (IST)
Updated Date: Sun, 28 Jun 2026 04:05 AM (IST)

ਕੈਪਸ਼ਨ : 27ਕੇਪੀਟੀ11 ਪਿੰਡ ਤਲਵੰਡੀ ਚੌਧਰੀਆਂ ਸਬ ਸਟੇਸ਼ਨ ਤੇ ਬਿਜਲੀ ਕੱਟਾਂ ਵਿਰੁੱਧ ਲਗਾਏ ਗਏ ਧਰਨੇ ਮੌਕੇ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸ਼ੇਰ ਸਿੰਘ ਮਹੀਵਾਲ ਤੇ ਹੋਰ ਆਗੂ ਤੇ ਕਿਸਾਨ । ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਵਰਕਾਮ ਵੱਲੋਂ ਖੇਤੀ ਸੈਕਟਰ ਲਈ ਬਿਜਲੀ ਦੇ ਲਗਾਏ ਜਾ ਰਹੇ ਅਨ ਐਲਾਨੇ ਕੱਟਾਂ ਦੇ ਖਿਲਾਫ ਕਿਸਾਨਾਂ ਦਾ ਗੁੱਸਾ ਅੱਜ ਭੜਕਿਆ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਤਲਵੰਡੀ ਚੌਧਰੀਆਂ ਸਬ ਸਟੇਸ਼ਨ ਤੇ ਧਰਨਾ ਦਿੱਤਾ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਦਿਲ ਦੀ ਭੜਾਸ ਕੱਢੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂਕਿਆ। ਤੱਪਦੀ ਭੱਠੀ ਵਾਂਗ ਗਰਮੀ ’ਚ ਕਿਸਾਨਾਂ ਦਾ ਰੋਸ ਉਬਾਲੇ ਮਾਰਨ ਲੱਗਿਆ ਤੇ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਲਈ ਲਗਾਤਾਰ 8 ਘੰਟੇ ਬਿਜਲੀ ਸਪਲਾਈ ਦੇਣ ਦੇ ਵਾਅਦਿਆਂ ਦੀ ਫੂਕ ਕੱਢਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਇੱਕ ਗਪੌੜੀਆਂ ਤੇ ਝੂਠੇ ਵਾਅਦਿਆਂ ਦੀ ਸਰਕਾਰ ਹੈ ਜਿਸ ਨੇ ਕਿਸਾਨਾਂ ਨਾਲ 8 ਘੰਟੇ ਲਗਾਤਾਰ ਬਿਜਲੀ ਦੇਣ ਦਾ ਵਾਅਦਾ ਵੀ ਨਹੀਂ ਨਿਭਾਇਆ। ਪਾਵਰਕਾਮ ਵੱਲੋਂ ਅਣਐਲਾਨੇ ਕੱਟਾਂ ਦੇ ਖਿਲਾਫ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਬੰਧੀ ਕੋਈ ਵੀ ਸੂਚਨਾ ਨਹੀਂ ਦਿੱਤੀ ਜਾ ਰਹੀ। ਕਿਸਾਨ ਝੋਨਾ ਲਾਉਣ ਲਈ ਕੱਦੂ ਵੀ ਬੜੀ ਮੁਸ਼ਕਲ ਨਾਲ ਸਿਰੇ ਚਾੜ ਰਹੇ ਹਨ ਅਤੇ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਜਰਨੇਟਰ ਚਲਾਉਂਦੇ ਪੈ ਰਹੇ ਹਨ।ਗਰਮੀ ਵਿੱਚ ਝੋਨੇ ਦੀ ਫਸਲ ਸੁੱਕ ਰਹੀ ਹੈ ਤੇ ਕਿਸਾਨ ਕਿਸੇ ਵੀ ਕੀਮਤ ਤੇ ਆਪਣੀ ਫਸਲ ਦਾ ਉਜਾੜਾ ਵੇਖ ਕੇ ਸਹਿਣ ਨਹੀਂ ਕਰ ਸਕਦੇ ।ਉਹਨਾਂ ਕਿਹਾ ਕਿ ਝੋਨੇ ਦੀ ਹੀ ਇੱਕ ਅਜਿਹੀ ਫਸਲ ਹੈ ਜਿਸ ਉੱਪਰ ਜਿਆਦਾਤਰ ਕਿਸਾਨ ਨਿਰਭਰ ਹਨ। ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ ਨੇ ਦੱਸਿਆ ਕਿ ਧਰਨੇ ਦੇ ਮੌਕੇ ਪਾਵਰਕੌਮ ਦੇ ਜੇਈ ਮੌਕੇ ’ਤੇ ਪਹੁੰਚੇ ਸਨ ਤੇ ਉਨ੍ਹਾਂ ਐੱਸਡੀਓ ਬਿਜਲੀ ਵਿਭਾਗ ਨਾਲ ਵੀ ਫੋਨ ’ਤੇ ਗੱਲਬਾਤ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਜੇਈ ਪਾਵਰ ਕੌਮ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਜਿਹੜਾ ਕੱਟ ਸਵੇਰੇ ਲਗਾਇਆ ਸੀ ਉਹ ਹੁਣ ਸ਼ਾਮ ਨੂੰ ਬਿਜਲੀ ਦੀ ਸਪਲਾਈ ਦੇ ਕੇ ਪੂਰਾ ਕਰ ਦਿੱਤਾ ਜਾਵੇਗਾ ਤੇ ਅੱਗੇ ਕੱਟ ਨਾ ਲਗਾਉਣ ਬਾਰੇ ਸਬੰਧਤ ਵਿਭਾਗ ਨੂੰ ਕਿਸਾਨਾਂ ਦੀ ਮੰਗ ਭੇਜ ਦਿੱਤੀ ਗਈ ਹੈ। ਕਿਸਾਨ ਆਗੂ ਮਈਵਾਲ ਨੇ ਸਪੱਸ਼ਟ ਤੌਰ ’ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਦੁਬਾਰਾ ਬਿਜਲੀ ਕੱਟ ਲਗਾਏ ਤਾਂ ਮਜਬੂਰ ਹੋ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਿਸਾਨਾਂ ਦੇ ਨਾਲ ਮੁੱਖ ਸੜਕਾਂ ਪਾਵਰਕਾਮ ਸਟੇਸ਼ਨ ਤੇ ਪ੍ਰਸ਼ਾਸਨ ਦਾ ਘਰਾਓ ਕਰੇਗੀ, ਜਿਸਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਕਿਸਾਨ ਆਗੂ ਸ਼ੇਰ ਸਿੰਘ ਮਹੀਵਾਲ, ਮੁਖਤਿਆਰ ਸਿੰਘ ਭੈਣੀ ਹੁੱਸੇ ਖਾਂ ,ਗੁਰਸੇਵਕ ਸਿੰਘ ਸ਼ਿਵ ਦਿਆਲ, ਹਰਦੀਪ ਸਿੰਘ ਬਾਊਪੁਰ, ਪ੍ਰਗਟ ਸਿੰਘ ਸੰਧੂ, ਮੇਜਰ ਸਿੰਘ ਤਲਵੰਡੀ ਚੌਧਰੀਆਂ, ਤਰਸੇਮ ਸਿੰਘ ਆਦਿ ਵੀ ਹਾਜ਼ਰ ਸਨ।