650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀ ਦਰਬਾਰ, ਸਾਹਿਤਕ ਸਮਾਗਮ
Publish Date: Mon, 22 Jun 2026 08:27 PM (IST)
Updated Date: Mon, 22 Jun 2026 08:27 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਲੱਡ ਸੈਂਟਰ, ਫਗਵਾੜਾ ਵੱਲੋਂ ਸਕੇਪ ਸਾਹਿਤਕ ਸੰਸਥਾ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਸਾਹਿਤਕ ਸਮਾਗਮ ਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਗੁਰੂ ਰਵਿਦਾਸ ਜੀ ਦੇ ਉੱਚੇ ਆਦਰਸ਼ਾਂ, ਮਨੁੱਖਤਾ ਪ੍ਰਤੀ ਉਨ੍ਹਾਂ ਦੇ ਸੰਦੇਸ਼ ਤੇ ਸਮਾਜਿਕ ਬਰਾਬਰੀ ਦੇ ਸਿਧਾਂਤਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸੀ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਦਵਾਨ ਡਾ. ਐੱਸਐੱਲ ਵਿਰਦੀ ਐਡਵੋਕੇਟ, ਬਲੱਡ ਸੈਂਟਰ, ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ, ਉੱਘੇ ਲੇਖਕ ਗੁਰਮੀਤ ਸਿੰਘ ਪਲਾਹੀ, ਸਮਾਜ ਸੇਵੀ ਤਾਰਾ ਚੰਦ ਚੁੰਬਰ ਤੇ ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਪਰਵਿੰਦਰ ਜੀਤ ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਮੁੱਖ ਬੁਲਾਰੇ ਡਾ. ਵਿਰਦੀ ਨੇ ਆਪਣੇ ਸੰਬੋਧਨ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਅਧਿਆਤਮਿਕ, ਸਮਾਜਿਕ ਤੇ ਨੈਤਿਕ ਪੱਖਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖ ਨੂੰ ਸੱਚ, ਸੇਵਾ, ਸਮਾਨਤਾ ਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ ਦੀ ਅਪੀਲ ਕੀਤੀ। ਉੱਘੇ ਸਾਹਿਤਕਾਰ ਗੁਰਮੀਤ ਸਿੰਘ ਪਲਾਹੀ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਜਾਤ-ਪਾਤ, ਊਚ-ਨੀਚ, ਸਮਾਜਿਕ ਭੇਦਭਾਵ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਤੇ ਮਨੁੱਖੀ ਏਕਤਾ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਹੋਰ ਵੀ ਮਹੱਤਵਪੂਰਨ ਹੋ ਗਈਆਂ ਹਨ ਤੇ ਸਾਨੂੰ ਉਨ੍ਹਾਂ ਦੇ ਬਚਨਾਂ ਨੂੰ ਆਪਣੇ ਵਿਹਾਰ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਬਲੱਡ ਸੈਂਟਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਤੇ ਸਮਾਜਿਕ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜੀਵਨ ਤੇ ਉਪਦੇਸ਼ ਸਮਾਜ ਨੂੰ ਨਵੀਂ ਦਿਸ਼ਾ ਦਿੰਦੇ ਹਨ ਤੇ ਸਾਨੂੰ ਉਨ੍ਹਾਂ ਵੱਲੋਂ ਦੱਸੇ ਸੱਚ, ਸੇਵਾ ਤੇ ਸਮਾਨਤਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਉੱਘੇ ਲੇਖਕ ਕੈਪਟਨ ਦਵਿੰਦਰ ਸਿੰਘ ਜੱਸਲ ਨਾਲ ਵਿਸ਼ੇਸ਼ ਰੂ-ਬ-ਰੂ ਵੀ ਕਰਵਾਇਆ ਗਿਆ। ਉਨ੍ਹਾਂ ਨੇ ਆਪਣੇ ਜੀਵਨ ਸੰਘਰਸ਼, ਸਾਹਿਤਕ ਯਾਤਰਾ ਤੇ ਲੇਖਨ ਦੇ ਤਜਰਬਿਆਂ ਬਾਰੇ ਹਾਜ਼ਰੀਨ ਨਾਲ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਸਾਹਿਤ ਸਮਾਜ ਵਿਚ ਜਾਗਰੂਕਤਾ ਪੈਦਾ ਕਰਨ ਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਸਭਾ ਦੇ ਸਾਬਕਾ ਪ੍ਰਧਾਨ ਰਵਿੰਦਰ ਚੋਟ ਨੇ ਇਸ ਪ੍ਰਭਾਵਸ਼ਾਲੀ ਸਮਾਗਮ ਲਈ ਸੰਸਥਾ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੇ ਕੈਪਟਨ ਦਵਿੰਦਰ ਜੱਸਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸੰਘਰਸ਼ ਸਭ ਲਈ ਪ੍ਰੇਰਨਾਦਾਇਕ ਹੈ। ਸਮਾਗਮ ਦੌਰਾਨ ਆਯੋਜਿਤ ਕਵੀ ਦਰਬਾਰ ਵਿਚ ਵੱਖ-ਵੱਖ ਕਵੀਆਂ ਤੇ ਸਾਹਿਤਕਾਰਾਂ ਨੇ ਗੁਰੂ ਰਵਿਦਾਸ ਜੀ ਦੀ ਮਹਾਨਤਾ, ਉਨ੍ਹਾਂ ਦੀ ਬਾਣੀ ਤੇ ਸਮਾਜ ਨੂੰ ਦਿੱਤੇ ਅਮਰ ਸੰਦੇਸ਼ਾਂ ਨੂੰ ਆਪਣੀਆਂ ਕਵਿਤਾਵਾਂ, ਗੀਤਾਂ ਤੇ ਰਚਨਾਵਾਂ ਰਾਹੀਂ ਪੇਸ਼ ਕੀਤਾ। ਕਵੀ ਦਰਬਾਰ ਵਿਚ ਸੁਖਦੇਵ ਗੰਢਵਾਂ, ਨਾਨਕ ਚੰਦ ਵਸ਼ਿਸ਼ਟ, ਰਵਿੰਦਰ ਰਾਏ, ਸੋਢੀ ਸੱਤੋਵਾਲੀ, ਮਾ. ਅਵਤਾਰ ਸਿੰਘ ਗੋਬਿੰਦਵਾਲੀਆ, ਰਾਜ ਸੰਧੂ, ਕੁਲਵਿੰਦਰ ਸਿੰਘ, ਗੁਰਮੁੱਖ ਲੁਹਾਰ, ਦਲਜੀਤ ਮਹਿਮੀ, ਹਰਜਿੰਦਰ ਨਿਆਣਾ, ਅਜੀਤਪਾਲ ਕੋਛੜ, ਲਸ਼ਕਰ ਢੰਡਵਾੜਵੀ, ਅਸ਼ੋਕ ਟਾਂਡੀ, ਕੁਲਦੀਪ ਸਿੰਘ ਰਤਨ, ਬਲਜੀਤ ਸਿੰਘ, ਸਾਹਿਬਾ ਜੀਤਨ ਕੌਰ, ਪਰਮ ਦਾਸ ਹੀਰ, ਮੋਹਨ ਆਰਟਿਸਟ, ਸੁਬੇਗ ਸਿੰਘ ਹਜ਼ਾਰਾ, ਮਹਿੰਦਰ ਸੂਦ ਵਿਰਕ, ਦਲਜੀਤ ਕੌਰ ਚਾਨਾ, ਨਗੀਨਾ ਸਿੰਘ ਬਲੱਗਣ, ਕੀਮਤੀ ਕੇਸਰ ਅਤੇ ਆਰ. ਐੱਲ. ਜੱਸੀ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਰੰਗਤ ਬਖ਼ਸ਼ੀ। ਸਮਾਗਮ ਦਾ ਸਫਲ ਮੰਚ ਸੰਚਾਲਨ ਪ੍ਰਸਿੱਧ ਸਾਹਿਤਕਾਰ ਬਲਦੇਵ ਰਾਜ ਕੋਮਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਅੰਤ ਵਿਚ ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਪਰਵਿੰਦਰ ਜੀਤ ਸਿੰਘ ਨੇ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਮਹਿਮਾਨਾਂ, ਸਾਹਿਤਕਾਰਾਂ, ਕਵੀਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸਾਹਿਤਕ ਤੇ ਧਾਰਮਿਕ ਸਮਾਗਮ ਸਮਾਜ ਵਿਚ ਸਦਭਾਵਨਾ, ਭਾਈਚਾਰੇ ਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਰੋਤਿਆਂ ਵਿਚ ਮਨਦੀਪ ਸਿੰਘ, ਲਸ਼ਕਰ ਢੰਡਵਾੜਵੀ, ਹਰਜਿੰਦਰ ਨਿਆਣਾ, ਜਪਜੀਤ ਸਿੰਘ, ਬੰਸੋ ਦੇਵੀ ਆਦਿ ਹਾਜ਼ਰ ਸਨ।