ਪਿੰਡ ਦੀ ਫਿਰਨੀ ਦੀ ਸੜਕ ’ਤੇ ਸੁੱਟਿਆ ਜਾਂਦਾ ਕੂੜਾ ਸਿਆਣਪ ਜਾਂ ਮੂਰਖਤਾ
ਪਿੰਡ ਦੀ ਫਿਰਨੀ ਦੀ ਸੜਕ ਤੇ ਸੁੱਟਿਆ ਜਾਂਦਾ ਕੂੜਾ ਸਿਆਣਪ ਜਾਂ ਮੂਰਖਤਾ ?
Publish Date: Wed, 17 Jun 2026 07:05 PM (IST)
Updated Date: Wed, 17 Jun 2026 07:06 PM (IST)

ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਸਿਆਣਿਆਂ ਦੀ ਇਕ ਕਹਾਵਤ ਹੈ ਕਿ ‘ਕੁੱਤਾ ਵੀ ਹਮੇਸ਼ਾ ਪੂਛ ਮਾਰ ਕੇ ਬਹਿੰਦਾ ਹੈ’ ਪਰ ਕੁਝ ਮੂਰਖ ਲੋਕ ਆਪਣੇ ਆਲੇ-ਦੁਆਲੇ ਹੀ ਗੰਦਗੀ ਫੈਲਾ ਦਿੰਦੇ ਹਨ ਜਿਸ ਨਾਲ ਜਿੱਥੇ ਜਨਜੀਵਨ ਪ੍ਰਭਾਵਿਤ ਹੁੰਦਾ ਹੈ, ਉੱਥੇ ਭਿਆਨਕ ਬਿਮਾਰੀਆਂ ਦਾ ਖਦਸ਼ਾ ਵੀ ਵੱਧ ਜਾਂਦਾ ਹੈ। ਪਿੰਡ ਮਹੇੜੂ ਦੀ ਬਾਹਰੋ-ਬਾਹਰ ਫਿਰਨੀ ’ਤੇ ਲੋਕਾਂ ਵੱਲੋਂ ਸੜਕਾਂ ’ਤੇ ਹੀ ਸੁੱਟਿਆ ਗਿਆ ਕੂੜਾ ਕਈ ਸਵਾਲ ਪੈਦਾ ਕਰ ਜਾਂਦਾ ਹੈ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਇਹ ਰਸਤਾ ਕਈ ਪਿੰਡਾਂ ਦੇ ਰਸਤਿਆਂ ਨੂੰ ਆਪਸ ਵਿੱਚ ਜੋੜਦਾ ਹੈ। ਜ਼ਿਕਰਯੋਗ ਹੈ ਕਿ ਪਿੰਡ ਦੀ ਫਿਰਨੀ ਅਤੇ ਇਲਾਕੇ ਦੀਆਂ ਸੜਕਾਂ ਦੇ ਕਿਨਾਰਿਆਂ ’ਤੇ ਲੋਕਾਂ ਵੱਲੋਂ ਬੇਤਰਤੀਬੀ ਨਾਲ ਸੁੱਟਿਆ ਜਾ ਰਿਹਾ ਕੂੜਾ ਹੁਣ ਵੱਡੀ ਸਮੱਸਿਆ ਦਾ ਰੂਪ ਧਾਰ ਚੁੱਕਾ ਹੈ। ਕੂੜੇ ਦੇ ਢੇਰਾਂ ਕਾਰਨ ਨਾ ਸਿਰਫ਼ ਇਲਾਕੇ ਦੀ ਸੁੰਦਰਤਾ ਖਰਾਬ ਹੋ ਰਹੀ ਹੈ ਸਗੋਂ ਬਦਬੂ ਤੇ ਗੰਦਗੀ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫਿਰਨੀ ਦੇ ਕਿਨਾਰੇ ਇਕੱਠਾ ਹੋ ਰਿਹਾ ਕੂੜਾ ਮੱਖੀਆਂ, ਮੱਛਰਾਂ ਅਤੇ ਆਵਾਰਾ ਪਸ਼ੂਆਂ ਨੂੰ ਆਕਰਸ਼ਿਤ ਕਰ ਰਿਹਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਗਿਆ ਹੈ। ਬਰਸਾਤ ਦੇ ਦਿਨਾਂ ਵਿਚ ਇਹ ਕੂੜਾ ਨਾਲੀਆਂ ਨੂੰ ਜਾਮ ਕਰ ਦਿੰਦਾ ਹੈ, ਜਿਸ ਕਾਰਨ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਆਵਾਜਾਈ ਵਿੱਚ ਵੀ ਮੁਸ਼ਕਲ ਪੈਦਾ ਹੁੰਦੀ ਹੈ। ਪਿੰਡ ਦੇ ਮੋਹਤਬਰਾਂ ਅਤੇ ਸਮਾਜ ਸੇਵੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਦੀ ਬਜਾਏ ਨਿਰਧਾਰਤ ਥਾਵਾਂ ’ਤੇ ਹੀ ਕੂੜਾ ਪਾਉਣ। ਉਨ੍ਹਾਂ ਨੇ ਪੰਚਾਇਤ ਅਤੇ ਸੰਬੰਧਿਤ ਵਿਭਾਗ ਤੋਂ ਵੀ ਮੰਗ ਕੀਤੀ ਹੈ ਕਿ ਫਿਰਨੀ ਦੇ ਆਲੇ-ਦੁਆਲੇ ਸਫ਼ਾਈ ਯਕੀਨੀ ਬਣਾਈ ਜਾਵੇ ਅਤੇ ਇੱਥੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਸਾਂਝੇ ਯਤਨਾਂ ਅਤੇ ਜਾਗਰੂਕਤਾ ਨਾਲ ਹੀ ਇਸ ਸਮੱਸਿਆ ਦਾ ਹੱਲ ਸੰਭਵ ਹੈ ਅਤੇ ਪਿੰਡ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਇਆ ਜਾ ਸਕਦਾ ਹੈ। ਮਹੇੜੂ ਪਿੰਡ ਦੇ ਨਾਲ-ਨਾਲ ਅਜਿਹੇ ਕੂੜਿਆਂ ਦੇ ਢੇਰ ਤੁਹਾਨੂੰ ਮਹੇੜੂ ਪਿੰਡ ਦੀ ਕਾਲੋਨੀ ਅਤੇ ਆਸ-ਪਾਸ ਰੈਸਟੋਰੈਂਟ ਤੇ ਢਾਬਿਆਂ ਲਾਗੇ ਵੀ ਆਮ ਹੀ ਦਿਖਾਈ ਦੇਣਗੇ।