ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ’ਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
Publish Date: Sun, 21 Jun 2026 07:18 PM (IST)
Updated Date: Sun, 21 Jun 2026 07:21 PM (IST)

ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਦੇ ਮੁੱਖ ਕੈਂਪਸ ਕਪੂਰਥਲਾ ਵਿਖੇ ਇਕ ਯੋਗ ਕੈਂਪ ਲਗਾਇਆ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ, ਫੈਕਲਟੀ, ਅਧਿਕਾਰੀਆਂ ਤੇ ਸਟਾਫ ਸਮੇਤ ਐੱਨਸੀਸੀ ਕੈਡਿਟਾਂ ਤੇ ਐੱਨਐੱਸਐੱਸ ਵਲੰਟੀਅਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਡੇਢ ਘੰਟੇ ਦਾ ਪ੍ਰੋਗਰਾਮ ਯੋਗ ਇੰਸਟ੍ਰਕਟਰ ਦੀ ਨਿਗਰਾਨੀ ਹੇਠ ਹੋਇਆ। ਇਸ ਦਾ ਪ੍ਰਬੰਧ ਆਈਕੇਜੀ ਪੀਟੀਯੂ ਦੇ ਯੁਵਾ ਭਲਾਈ, ਖੇਡ ਤੇ ਸੱਭਿਆਚਾਰ ਮਾਮਲਿਆਂ ਦੇ ਵਿਭਾਗ ਵੱਲੋਂ ਕੀਤਾ ਗਿਆ ਸੀ। ਇਹ ਕੈਂਪ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਉਪ-ਕੁਲਪਤੀ ਆਈਕੇਜੀ ਪੀਟੀਯੂ ਦੀ ਅਗਵਾਈ ਵਿਚ ਆਯੋਜਿਤ ਕੀਤਾ ਗਿਆ ਸੀ ਤੇ ਇਸ ਦਾ ਉਦਘਾਟਨ ਰਜਿਸਟਰਾਰ ਡਾ. ਨਵਦੀਪਕ ਸੰਧੂ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਸਰੀਰਕ, ਬੌਧਿਕ, ਮਾਨਸਿਕ ਤੇ ਅਧਿਆਤਮਿਕ ਸੰਤੁਲਨ ਬਣਾਈ ਰੱਖਣ ਵਿਚ ਯੋਗ ਦੀ ਮਹੱਤਤਾ ਤੇ ਭੂਮਿਕਾ ਤੇ ਚਾਨਣਾ ਪਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੀ ਜੀਵਨ ਸ਼ੈਲੀ ਨਾਲ ਸਬੰਧਤ ਸਿਹਤ ਤੇ ਵਿਵਹਾਰ ਸਬੰਧੀ ਮੁੱਦੇ ਤਣਾਅ ਦੇ ਪੱਧਰ ਨੂੰ ਵਧਾਉਣ ਵਿਚ ਯੋਗਦਾਨ ਪਾ ਰਹੇ ਹਨ ਤੇ ਯੋਗਾ ਤਣਾਅ ਨੂੰ ਦੂਰ ਕਰਨ ਤੇ ਨਿੱਜੀ ਕੁਸ਼ਲਤਾ ਨੂੰ ਵਧਾਉਣ ਲਈ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਕੰਮ ਕਰਦਾ ਹੈ। ਮਾਹਰ ਇੰਸਟ੍ਰਕਟਰ ਵੱਲੋਂ ਦੱਸਿਆ ਗਿਆ ਕਿ ਯੋਗ ਸਿਰਫ਼ ਆਸਨਾਂ ਤੇ ਪ੍ਰਾਣਾਯਾਮ ਦਾ ਸੁਮੇਲ ਨਹੀਂ ਹੈ, ਸਗੋਂ ਇਕ ਵਿਆਪਕ ਅਨੁਸ਼ਾਸਨ ਹੈ ਜੋ ਮਨ, ਸਰੀਰ ਤੇ ਆਤਮਾ ਨੂੰ ਏਕੀਕ੍ਰਿਤ ਕਰਦਾ ਹੈ। ਡਾ. ਨਿਤਿਆ ਸ਼ਰਮਾ, ਡਿਪਟੀ ਰਜਿਸਟਰਾਰ ਐੱਚਆਰਐੱਮ ਆਈਕੇਜੀ ਪੀਟੀਯੂ ਨੇ ਅਸ਼ਟਾਂਗ ਯੋਗ ਦੀ ਧਾਰਨਾ ਬਾਰੇ ਵਿਸਥਾਰ ਨਾਲ ਦੱਸਿਆ ਇਹ ਸਮਝਾਉਂਦੇ ਹੋਏ ਕਿ ਕਿਵੇਂ ਨਿਯਮਤ ਅਭਿਆਸ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਸਰਗਰਮ ਕਰ ਸਕਦਾ ਹੈ ਤੇ ਭੌਤਿਕ ਤੇ ਸੂਖਮ ਦੋਵਾਂ ਦੀਆਂ ਸੀਮਾਵਾਂ ਨੂੰ ਵਧਾਉਣ ਵਿਚ ਮਦਦ ਕਰ ਸਕਦਾ ਹੈ। ਸਮੀਰ ਸ਼ਰਮਾ, ਸਹਾਇਕ ਡਾਇਰੈਕਟਰ ਯੁਵਾ ਮਾਮਲੇ, ਸੱਭਿਆਚਾਰ ਤੇ ਖੇਡਾਂ ਨੇ ਯੋਗ ਦੇ ਜਨਮ ਸਥਾਨ ਵਜੋਂ ਭਾਰਤ ਦੇ ਇਤਿਹਾਸਕ ਤੇ ਸੱਭਿਆਚਾਰਕ ਯੋਗਦਾਨ ਤੇ ਜ਼ੋਰ ਦਿੱਤਾ, ਜੋ ਹੁਣ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਗਿਆ ਹੈ। ਪ੍ਰੋਗਰਾਮ ਵਿਚ ਗਗਨਜੋਤ ਸਿੰਘ, ਡਿਪਟੀ ਰਜਿਸਟਰਾਰ, ਡਾ. ਗਜ਼ਲ ਸ਼ਰਮਾ, ਸਹਾਇਕ ਪ੍ਰੋਫੈਸਰ, ਮੋਹਿਤ ਕੁਮਾਰ ਜੈਨ, ਸਹਾਇਕ ਰਜਿਸਟਰਾਰ ਸਿਖਲਾਈ ਤੇ ਪਲੇਸਮੈਂਟ ਤੇ ਹੋਰ ਸ਼ਾਮਲ ਸਨ।