ਡੈਮਾਂ ’ਚ ਪਾਣੀ ਵਧਣ ਉਪਰੰਤ ਇੰਡੀਅਨ ਆਰਮੀ ਨੇ ਕੀਤਾ ਮੰਡ ਖੇਤਰ ਦਾ ਦੌਰਾ
ਡੈਮਾਂ ਵਿੱਚ ਪਾਣੀ ਵਧਣ ਉਪਰੰਤ ਇੰਡੀਅਨ ਆਰਮੀ ਨੇ ਕੀਤਾ ਮੰਡ ਖੇਤਰ ਦਾ ਦੌਰਾ
Publish Date: Wed, 17 Jun 2026 06:57 PM (IST)
Updated Date: Wed, 17 Jun 2026 06:57 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਡੈਮਾਂ ਵਿਚ ਵੱਧ ਰਹੇ ਲਗਾਤਾਰ ਪਾਣੀ ਦੇ ਪੱਧਰ ਤੋਂ ਬਾਅਦ ਦਰਿਆ ਬਿਆਸ ’ਚ ਛੱਡੇ ਗਏ ਪਾਣੀ ਨਾਲ ਹਲਕਾ ਸੁਲਤਾਨਪੁਰ ਲੋਧੀ ਵਿਚ ਮੰਡ ਖੇਤਰ ਦੇ ਇਲਾਕੇ ਦਾ ਅੱਜ ਇੰਡੀਅਨ ਆਰਮੀ ਨੇ ਪਿੰਡ ਬਾਊਪੁਰ ਜਦੀਦ ਤੇ ਇਸ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਆਰਮੀ ਦੇ ਜਵਾਨ ਨਾਇਬ ਸੂਬੇਦਾਰ ਸੁਰਿੰਦਰ ਸਿੰਘ ਨੇ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਉਪਰੰਤ ਸਭ ਤੋਂ ਜ਼ਿਆਦਾ ਮਾਰ ਪੈਣ ਵਾਲੀਆਂ ਥਾਵਾਂ ’ਤੇ ਨਿਸ਼ਾਨਦੇਹੀ ਕੀਤੀ। ਇਸ ਮੌਕੇ ਪਿੰਡ ਬਾਊਪੁਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਨਾਇਬ ਸੂਬੇਦਾਰ ਸੁਰਿੰਦਰ ਨੂੰ ਹੜ੍ਹ ਦੇ ਮੁੱਖ ਕਾਰਨ ਬਾਰੇ ਵਿਸਥਾਰ ਪੂਰਵਕ ਦੱਸਿਆ ਤੇ ਬੀਤੇ ਵਰ੍ਹੇ 2025 ਵਿੱਚ ਬੰਨ੍ਹ ਟੁੱਟਣ ਉਪਰੰਤ ਇਸ ਨਾਲ ਲੱਗਦੇ ਕਰੀਬ 20-25 ਪਿੰਡਾਂ ਦਾ ਵੀ ਜ਼ਿਕਰ ਕੀਤਾ। ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਦੱਸਿਆ ਕਿ ਭਾਵੇਂ ਇਸ ਸਮੇਂ ਹਾਲਾਤ ਠੀਕ ਹਨ ਪ੍ਰੰਤੂ ਜਿਸ ਤਰ੍ਹਾਂ ਬੇਮੌਸਮੀ ਬਾਰਿਸ਼ ਲਗਾਤਾਰ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿਚ ਰੁਕ-ਰੁਕ ਕੇ ਹੋ ਰਹੀ ਹੈ ਤੇ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਤੇ ਪਿਛਲੇ ਦਿਨੀਂ ਦਰਿਆ ਬਿਆਸ ਵਿੱਚ ਪਾਣੀ ਰਿਲੀਜ਼ ਕਰਨ ਪਿੱਛੋਂ ਕਿਸਾਨਾਂ ਵਿੱਚ ਡਰ ਤੇ ਸਹਿਮ ਪਾਇਆ ਜਾ ਰਿਹਾ ਹੈ। ਉਹਨਾਂ ਨੇ ਆਰਮੀ ਨੂੰ ਹੜ੍ਹ ਵਰਗੇ ਨਾਜ਼ੁਕ ਇਲਾਕਿਆਂ ਦੀ ਨਿਸ਼ਾਨਦੇਹੀ ਦੱਸੀ ਕਿ ਹੜ੍ਹ ਤੋਂ ਬਾਅਦ ਇਹਨਾਂ ਥਾਵਾਂ ’ਤੇ ਰਿਲੀਫ ਕੈਂਪ ਲਗਾਏ ਜਾਂਦੇ ਹਨ। ਨਾਇਬ ਸੂਬੇਦਾਰ ਸੁਰਿੰਦਰ ਸਿੰਘ ਨੇ ਡ੍ਰੋਨ ਰਾਹੀਂ ਵੀ ਨਾਜ਼ੁਕ ਬੰਨ੍ਹਾਂ ਤੇ ਦਰਿਆ ਦੀਆਂ ਤਸਵੀਰਾਂ ਖਿੱਚੀਆਂ। ਉਹਨਾਂ ਕਿਹਾ ਕਿ ਇਹ ਨਾਜ਼ੁਕ ਬੰਨ੍ਹ ਤੇ ਇਲਾਕਾ ਸਾਡੇ ਅੰਡਰ ਆਉਂਦਾ ਹੈ ਤੇ ਸਾਨੂੰ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਸਾਰੀ ਰਿਪੋਰਟ ਤਿਆਰ ਕਰ ਕੇ ਭੇਜਣੀ ਹੁੰਦੀ ਹੈ ਤਾਂ ਕਿ ਪਹਿਲਾਂ ਹੀ ਸਾਰਾ ਇੰਤਜਾਮ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਬੀਤੇ ਸਾਲ ਵੀ ਪਿੰਡ ਵਾਸੀਆਂ ਦਾ ਆਰਮੀ ਨੂੰ ਪੂਰਾ ਸਹਿਯੋਗ ਮਿਲਿਆ ਸੀ। ਉਹਨਾਂ ਕਿਹਾ ਕਿ ਆਰਮੀ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹਨਾਂ ਇਲਾਕਾ ਵਾਸੀਆਂ ਨੂੰ ਹੌਸਲਾ ਰੱਖਣ ਤੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਕਿਹਾ। ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਬਖਸ਼ੀਸ਼ ਸਿੰਘ, ਹਰਜਿੰਦਰ ਸਿੰਘ, ਚਰਨਜੀਤ ਸਿੰਘ, ਨਾਇਬ ਸੂਬੇਦਾਰ ਸੁਰਿੰਦਰ ਸਿੰਘ ਐੱਨਕੇ ਅਸੋਕਨ, ਐੱਨਕੇ ਆਮ ਸਿੰਘ ਵੀ ਹਾਜ਼ਰ ਸਨ।