ਮੁੱਖ ਡ੍ਰੇਨਾਂ ਤੇ ਪੁਲੀਆਂ ਦੀ ਸਾਫ਼-ਸਫ਼ਾਈ ਤੁਰੰਤ ਕਰਵਾਈ ਜਾਵੇ : ਜੱਟ ਸਭਾ ਮੁੱਖ ਡਰੇਨਾ ਤੇ ਪੁਲੀਆਂ ਦੀ ਸਾਫ ਸਫਾਈ ਤੁਰੰਤ ਕਰਵਾਈ ਜਾਵੇ -ਜੱਟ ਸਭਾ
Publish Date: Sat, 04 Jul 2026 07:30 PM (IST)
Updated Date: Sat, 04 Jul 2026 07:32 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਅੰਦਰ ਵੀ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਪਰ ਹਲਕਾ ਸੁਲਤਾਨਪੁਰ ਲੋਧੀ ਵਿੱਚ ਡ੍ਰੇਨਾਂ ਤੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਸੰਭਾਵੀ ਹੜ੍ਹ ਦਾ ਖਤਰਾ ਸਿਰ ’ਤੇ ਮੰਡਰਾਉਣ ਲੱਗਾ ਹੈ ਪ੍ਰੰਤੂ ਸਰਕਾਰ ਦੇ ਸਖਤ ਨਿਰਦੇਸ਼ਾਂ ਦੇ ਬਾਵਜੂਦ ਪ੍ਰਸ਼ਾਸਨ ਤੇ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਸਬੰਧੀ ਜੱਟ ਸਭਾ ਵੈੱਲਫੇਅਰ ਸੁਸਾਇਟੀ ਦੀ ਹੋਈ ਇਕੱਤਰਤਾ ਮੌਕੇ ਸਕੱਤਰ ਅਜੀਤ ਸਿੰਘ ਔਜਲਾ, ਨੰਬਰਦਾਰ ਕੁਲਦੀਪ ਸਿੰਘ ਸਾਂਗਰਾ, ਨੰਬਰਦਾਰ ਸਾਹਿਬ ਸਿੰਘ ਭੁੱਲਰ ਆਦਿ ਆਗੂਆਂ ਨੇ ਕਿਹਾ ਕਿ ਜੱਟ ਸਭਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪ੍ਰਸ਼ਾਸਨ ਨੂੰ ਡ੍ਰੇਨਾਂ ਤੇ ਪੁਲੀਆਂ ਦੀ ਸਫਾਈ ਕਰਨ ਦੀ ਦੁਹਾਈ ਦਿੱਤੀ ਜਾ ਰਹੀ ਹੈ ਕਿਉਂਕਿ ਵੱਡੀ ਮਾਤਰਾ ਵਿੱਚ ਇਨ੍ਹਾਂ ਪੁਲੀਆਂ ਹੇਠ ਆਈਸਨ ਜੰਗਲੀ ਬੂਟੀ ਨੇ ਆਪਣਾ ਘੇਰਾ ਪਾਇਆ ਹੋਇਆ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਬਰਸਾਤ ਦੇ ਦਿਨਾਂ ਵਿੱਚ ਇਹ ਵੱਡੀ ਪੱਧਰ ਤੇ ਇਲਾਕੇ ਲਈ ਵੱਡੀ ਸਮੱਸਿਆ ਬਣ ਜਾਂਦੀ ਹੈ ਤੇ ਪਾਣੀ ਖੇਤਾਂ ਵਿੱਚ ਓਵਰ ਫਲੋ ਹੋ ਕੇ ਦਾਖਲ ਹੋ ਜਾਂਦਾ ਹੈ। ਹਰ ਸਾਲ ਹਜ਼ਾਰਾਂ ਏਕੜ ਝੋਨੇ ਦੀ ਫਸਲ ਬੂਟੀ ਕਾਰਨ ਬਰਬਾਦ ਹੋ ਜਾਂਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹ ਆਉਣ ਉੱਤੇ ਸਭ ਤੋਂ ਜ਼ਿਆਦਾ ਨੁਕਸਾਨ ਕਿਸਾਨਾਂ ਨੂੰ ਝੱਲਣਾ ਪੈਂਦਾ ਹੈ। ਮਹੀਨਿਆਂ ਦੀ ਮਿਹਨਤ ਤੋਂ ਤਿਆਰ ਕੀਤੀ ਗਈ ਝੋਨੇ ਅਤੇ ਹੋਰ ਫਸਲਾਂ ਕੁਝ ਘੰਟਿਆਂ ਵਿੱਚ ਪਾਣੀ ਵਿੱਚ ਡੁੱਬ ਜਾਂਦੀਆਂ ਹਨ। ਅਜਿਹੇ ਹਾਲਾਤ ਵਿੱਚ ਕਿਸਾਨ ਆਰਥਿਕ ਅਤੇ ਮਾਨਸਿਕ ਦੋਵਾਂ ਪਾਸੇ ਤੋਂ ਟੁੱਟ ਜਾਂਦਾ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਪਹਿਲਾਂ ਹੀ ਗਾਜਰ ਬੂਟੀ ਤੇ ਘਾਹ ਫੂਸ ਨਾਲ ਨੱਕੋ ਨੱਕ ਭਰੀਆਂ ਪਈਆਂ ਡ੍ਰੇਨਾਂ ਮੀਂਹ ਦੇ ਪਾਣੀ ਦੀ ਨਿਕਾਸੀ ਕਰਨ ਵਿੱਚ ਅਸਮਰਥ ਹੋਣਗੀਆਂ ਜਿਸ ਦੇ ਨਤੀਜੇ ਵਜੋਂ ਖੇਤਾਂ ਵਿਚਲੀਆਂ ਫਸਲਾਂ ਦੇ ਨੁਕਸਾਨੇ ਜਾਣ ਦੀ ਨੌਬਤ ਆ ਸਕਦੀ ਹੈ। ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਜਲਦ ਡਰੇਨਾਂ ਤੇ ਪੁਲੀਆਂ ਹੇਠੋਂ ਜੰਗਲੀ ਘਾਹ ਬੂਟੀ ਨੂੰ ਬਾਹਰ ਨਾ ਕੱਢਿਆ ਗਿਆ ਤਾਂ ਜਥੇਬੰਦੀ ਇਸ ਦੇ ਵਿਰੁੱਧ ਤਿੱਖਾ ਸੰਘਰਸ਼ ਛੇੜਨ ਨੂੰ ਮਜਬੂਰ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜੀਤ ਸਿੰਘ ਔਜਲਾ, ਨੰਬਰਦਾਰ ਸਾਹਿਬ ਸਿੰਘ ਭੁੱਲਰ, ਕੁਲਦੀਪ ਸਿੰਘ ਸਾਂਗਰਾ, ਮਲਕੀਤ ਸਿੰਘ ਨੰਬਰਦਾਰ ਮਹੱਬਲੀਪੁਰ, ਪ੍ਰਿੰਸੀਪਲ ਸੁਖਦੇਵ ਸਿੰਘ ਸੰਧੂ, ਅਮਰਜੀਤ ਸਿੰਘ ਮਹੱਬਲੀਪੁਰ, ਹਰਜੀਤ ਸਿੰਘ ਨੰਬਰਦਾਰ, ਕੁਲਦੀਪ ਸਿੰਘ ਸਰਪੰਚ, ਅਵਤਾਰ ਸਿੰਘ, ਹੀਰਾ ਸਿੰਘ ਨੰਬਰਦਾਰ, ਸੁਖਰਾਜ ਸਿੰਘ ਨੰਬਰਦਾਰ, ਮਨਜਿੰਦਰ ਸਿੰਘ, ਸੁਖਚੈਨ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਦਵਿੰਦਰ ਸਿੰਘ ਬੂਸੋਵਾਲ, ਸੁਖਜਿੰਦਰ ਸਿੰਘ ਕਬੀਰਪੁਰ, ਜਗਜੀਤ ਸਿੰਘ ਚੀਮਾ, ਗੁਰਮੇਜ ਸਿੰਘ, ਵਿਰਸਾ ਸਿੰਘ ਨੰਬਰਦਾਰ, ਸੁਖਚੈਨ ਸਿੰਘ, ਤੀਰਥ ਪਹਿਲਵਾਨ ਨੰਬਰਦਾਰ ਨਸੀਰੇਵਾਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।