ਆਰਸੀਐੱਫ ਵਰਕਰਜ਼ ਕਲੱਬ ਚੋਣ ’ਚ ਆਰਸੀਐੱਫ ਇੰਪਲਾਈਜ਼ ਯੂਨੀਅਨ ਦੀ ਇਤਿਹਾਸਕ ਜਿੱਤ ਆਰਸੀਐਫ ਵਰਕਰਜ਼ ਕਲੱਬ ਚੋਣ ਵਿੱਚ 'ਆਰਸੀਐਫ ਇੰਪਲਾਈਜ਼ ਯੂਨੀਅਨ' ਦੀ ਇਤਿਹਾਸਕ ਜਿੱਤ
Publish Date: Sat, 11 Jul 2026 07:28 PM (IST)
Updated Date: Sat, 11 Jul 2026 07:30 PM (IST)
ਵਿਰੋਧੀਆਂ ਦੇ ਝੂਠੇ ਦੋਸ਼ਾਂ ਨੂੰ ਨਕਾਰਦਿਆਂ ਕਰਮਚਾਰੀਆਂ ਨੇ 25 ਸਾਲਾਂ ਦੇ ਕੰਮ ’ਤੇ ਲਗਾਈ ਮੋਹਰ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ’ਚ ਵਰਕਰਜ਼ ਕਲੱਬ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਪੂਰੇ ਆਰਸੀਐੱਫ ’ਚ ਬੇਮਿਸਾਲ ਉਤਸ਼ਾਹ ਤੇ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਵਰਕਰਜ਼ ਕਲੱਬ ਦੇ ਪ੍ਰਬੰਧਨ ਲਈ 9 ਜੁਲਾਈ ਨੂੰ ਸ਼ਾਂਤੀਪੂਰਨ ਢੰਗ ਨਾਲ ਵੋਟਿੰਗ ਹੋਈ ਸੀ, ਜਦਕਿ 10 ਜੁਲਾਈ ਨੂੰ ਵੋਟਾਂ ਦੀ ਗਿਣਤੀ ਪੂਰੀ ਹੋਈ। ਇਸ ਚੋਣ ਵਿੱਚ ਕਰਮਚਾਰੀਆਂ ਨੇ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਹੱਕ ’ਚ ਇਕਤਰਫ਼ਾ ਫ਼ੈਸਲਾ ਦਿੰਦਿਆਂ ਯੂਨੀਅਨ ਦੇ ਉਮੀਦਵਾਰਾਂ ਨੂੰ ਸਾਰੀਆਂ ਅੱਠ ਸੀਟਾਂ ’ਤੇ ਭਾਰੀ ਬਹੁਮਤ ਨਾਲ ਇਤਿਹਾਸਕ ਜਿੱਤ ਦਿਵਾਈ। ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਵੱਲੋਂ ਲਗਾਏ ਗਏ ਝੂਠੇ ਅਤੇ ਬੇਬੁਨਿਆਦ ਦੋਸ਼ਾਂ ਨੂੰ ਕਰਮਚਾਰੀਆਂ ਨੇ ਪੂਰੀ ਤਰ੍ਹਾਂ ਨਕਾਰਦਿਆਂ ਇਹ ਸਾਬਤ ਕਰ ਦਿੱਤਾ ਕਿ ਉਹ ਸਿਰਫ਼ ਸੱਚਾਈ ਅਤੇ ਵਿਕਾਸ ਦੀ ਰਾਜਨੀਤੀ ’ਤੇ ਹੀ ਭਰੋਸਾ ਕਰਦੇ ਹਨ। ਇਸ ਸ਼ਾਨਦਾਰ ਅਤੇ ਇਕਤਰਫ਼ਾ ਮੁਕਾਬਲੇ ਵਿੱਚ ਸਕੱਤਰ ਦੇ ਅਹੁਦੇ ਲਈ ਸਾਥੀ ਭਰਤਰਾਜ ਨੇ ਭਾਰੀ ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਕੈਸ਼ੀਅਰ ਦੇ ਅਹੁਦੇ ’ਤੇ ਸਾਥੀ ਅਵਤਾਰ ਸਿੰਘ ਨੇ ਵੀ ਆਪਣੇ ਵਿਰੋਧੀ ਨੂੰ ਵੱਡੇ ਫਰਕ ਨਾਲ ਹਰਾਇਆ। ਇਸ ਤੋਂ ਇਲਾਵਾ ਕਲੱਬ ਦੇ ਬਾਕੀ ਛੇ ਮੈਂਬਰ ਅਹੁਦਿਆਂ ਲਈ ਮੈਦਾਨ ਵਿੱਚ ਉਤਰੇ ਯੂਨੀਅਨ ਦੇ ਉਮੀਦਵਾਰ ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਪੰਕਜ ਕੁਮਾਰ ਸਿੰਘ, ਭਾਨ ਸਿੰਘ, ਹਰਿਓਮ ਮੀਣਾ ਅਤੇ ਸੰਦੀਪ ਕੁਮਾਰ ਨੇ ਵੀ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰਕੇ ਵਿਰੋਧੀਆਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ। ਇਸ ਚੋਣ ਪ੍ਰਚਾਰ ਅਤੇ ਜਿੱਤ ਦੇ ਸਫ਼ਰ ਦੌਰਾਨ ਆਰਸੀਐੱਫ ਦੀ ਆਈਆਰਟੀਐੱਸਏ ਦੇ ਪ੍ਰਧਾਨ ਇੰਜੀ. ਦਰਸ਼ਨ ਲਾਲ, ਜ਼ੋਨਲ ਸਕੱਤਰ ਇੰਜੀ. ਜਗਤਾਰ ਸਿੰਘ ਅਤੇ ਉਨ੍ਹਾਂ ਦੀ ਟੀਮ, ਨਾਲ ਹੀ ਇੰਜੀਨੀਅਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਜਗਦੀਸ਼ ਸਿੰਘ ਅਤੇ ਜੋਨਲ ਸਕੱਤਰ ਇੰਜੀ. ਬਖ਼ਸ਼ੀਸ਼ ਸਿੰਘ ਦੀ ਪੂਰੀ ਟੀਮ ਨੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ ਅਤੇ ਚੋਣ ਪ੍ਰਕਿਰਿਆ ਦੌਰਾਨ ਇਤਿਹਾਸਕ ਸਹਿਯੋਗ ਦਿੱਤਾ, ਜਿਸ ਸਦਕਾ ਯੂਨੀਅਨ ਨੂੰ ਇਹ ਵੱਡੀ ਅਤੇ ਸੰਗਠਿਤ ਜਿੱਤ ਪ੍ਰਾਪਤ ਹੋਈ। ਨਤੀਜੇ ਆਉਣ ਤੋਂ ਬਾਅਦ ਪੂਰੇ ਆਰਸੀਐੱਫ ਕਾਰਖਾਨੇ ਅਤੇ ਕਾਲੋਨੀਆਂ ਵਿੱਚ ਢੋਲ ਦੀਆਂ ਥਾਪਾਂ ’ਤੇ ਕਰਮਚਾਰੀਆਂ ਨੇ ਭੰਗੜੇ ਪਾਏ ਅਤੇ ਇੱਕ-ਦੂਜੇ ਨੂੰ ਮਠਿਆਈ ਖੁਆ ਕੇ ਇਸ ਇਤਿਹਾਸਕ ਜਿੱਤ ਦੀ ਖੁਸ਼ੀ ਮਨਾਈ। ਯੂਨੀਅਨ ਦੀ ਇਸ ਸ਼ਾਨਦਾਰ ਜਿੱਤ ’ਤੇ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਅਤੇ ਪ੍ਰਧਾਨ ਅਮਰੀਕ ਸਿੰਘ ਨੇ ਸਾਰੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਆਪਣਾ ਸਾਂਝਾ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਅੱਜ ਆਰਸੀਐੱਫ ਵਿੱਚ ਸਿਰਫ਼ ਚੋਣ ਦਾ ਨਤੀਜਾ ਨਹੀਂ ਆਇਆ, ਸਗੋਂ ਇਹ ਸੱਚਾਈ ਦੀ ਜਿੱਤ ਹੈ। ਵਿਰੋਧੀਆਂ ਨੇ ਨਿੱਜੀ ਪੱਧਰ ’ਤੇ ਚਿੱਕੜ ਉਛਾਲਣ ਅਤੇ ਝੂਠਾ ਪ੍ਰਚਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਕਰਮਚਾਰੀਆਂ ਨੇ ਆਪਣੀ ਸੂਝ-ਬੂਝ ਨਾਲ ਇਹ ਸਾਬਤ ਕਰ ਦਿੱਤਾ ਕਿ ਝੂਠ ਦੀ ਉਮਰ ਬਹੁਤ ਛੋਟੀ ਹੁੰਦੀ ਹੈ। ਪਿਛਲੇ 25 ਸਾਲਾਂ ਤੋਂ ਆਰਸੀਐੱਫ ਇੰਪਲਾਈਜ਼ ਯੂਨੀਅਨ ਨੇ ਜਿਸ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਰੇਲ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਕੀਤੀ ਹੈ ਅਤੇ ਉਨ੍ਹਾਂ ਦੀ ਭਲਾਈ ਲਈ ਕੰਮ ਕੀਤਾ ਹੈ। ਕਰਮਚਾਰੀਆਂ ਨੇ ਅੱਜ ਉਸੇ ਸੇਵਾ ਭਾਵਨਾ ’ਤੇ ਆਪਣਾ ਭਰੋਸਾ ਪ੍ਰਗਟਾਇਆ ਹੈ ਅਤੇ ਸਾਨੂੰ ਮੁੜ ਸੇਵਾ ਦਾ ਮੌਕਾ ਦਿੱਤਾ ਹੈ। ਚੋਣਾਂ ਦੇ ਸਫਲ ਸੰਪੰਨ ਹੋਣ ਅਤੇ ਇਸ ਇਤਿਹਾਸਕ ਨਤੀਜੇ ਤੋਂ ਬਾਅਦ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਕਾਰਖਾਨੇ ਦੇ ਸਮੂਹ ਮਿਹਨਤੀ ਕਰਮਚਾਰੀਆਂ, ਸਹਿਯੋਗੀ ਸੰਗਠਨਾਂ ਦੀਆਂ ਟੀਮਾਂ ਅਤੇ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਸਾਰੇ ਸਮਰਪਿਤ ਅਹੁਦੇਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਚੋਣ ਪ੍ਰਚਾਰ ਅਤੇ ਪ੍ਰਬੰਧਨ ਵਿੱਚ ਦਿਨ-ਰਾਤ ਇੱਕ ਕਰਨ ਵਾਲੀ ਯੂਨੀਅਨ ਦੀ ਊਰਜਾਵਾਨ ਯੁਵਾ ਟੀਮ ਅਤੇ ਵੱਡੀ ਗਿਣਤੀ ਵਿੱਚ ਸਮਰਥਨ ਦੇਣ ਵਾਲੀ ਮਹਿਲਾ ਵਿੰਗ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਜੋਸ਼ ਅਤੇ ਔਰਤਾਂ ਦੇ ਅਟੁੱਟ ਵਿਸ਼ਵਾਸ ਨੇ ਇਸ ਚੋਣ ਨੂੰ ਇਕਤਰਫ਼ਾ ਬਣਾਉਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਹ ਭਾਰੀ ਜਿੱਤ ਯੂਨੀਅਨ ਦੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦੀ ਹੈ ਅਤੇ ਨਵੀਂ ਚੁਣੀ ਗਈ ਟੀਮ ਵਰਕਰਜ਼ ਕਲੱਬ ਨੂੰ ਨਵੀਆਂ ਉੱਚਾਈਆਂ ’ਤੇ ਲਿਜਾਣ ਅਤੇ ਕਰਮਚਾਰੀਆਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰਦੀ ਰਹੇਗੀ ।