- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਬੋਰਡ ਦੇ ਮਹਾਨਿਰਦੇਸ਼ਕ (ਸੁਰੱਖਿਆ) ਨਾਲ ਆਰਸੀਐਫ ਇੰਪਲਾਈਜ਼ ਯੂਨੀਅਨ ਦੀ ਉੱਚ ਪੱਧਰੀ ਮੀਟਿੰਗ

ਸੁਰੱਖਿਆ ਮਾਪਦੰਡਾਂ, ਅੰਨ੍ਹੇਵਾਹ ਆਊਟਸੋਰਸਿੰਗ ਤੇ ਰਾਸ਼ਟਰੀ ਨੀਤੀਗਤ ਮੁੱਦਿਆਂ 'ਤੇ ਹੋਈ ਗੱਲਬਾਤ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਅੱਜ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿਖੇ ਆਗਮਨ 'ਤੇ ਰੇਲਵੇ ਬੋਰਡ ਦੇ ਮਹਾਨਿਰਦੇਸ਼ਕ (ਸੁਰੱਖਿਆ) ਹਿਤੇਂਦਰ ਮਲਹੋਤਰਾ ਨਾਲ ਆਰਸੀਐੱਫ ਇੰਪਲਾਈਜ਼ ਯੂਨੀਅਨ ਦੀ ਸੀਨੀਅਰ ਲੀਡਰਸ਼ਿਪ ਦੀ ਇਕ ਬੇਹੱਦ ਮਹੱਤਵਪੂਰਨ ਤੇ ਵਿਸਤ੍ਰਿਤ ਮੀਟਿੰਗ ਪ੍ਰਬੰਧਕੀ ਭਵਨ ਵਿਚ ਹੋਈ। ਮੀਟਿੰਗ ਵਿਚ ਯੂਨੀਅਨ ਵੱਲੋਂ ਜਨਰਲ ਸਕੱਤਰ ਸਰਵਜੀਤ ਸਿੰਘ, ਪ੍ਰਧਾਨ ਅਮਰੀਕ ਸਿੰਘ, ਵਧੀਕ ਜਨਰਲ ਸਕੱਤਰ ਅਮਰੀਕ ਸਿੰਘ ਗਿੱਲ, ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ ਤੇ ਜਥੇਬੰਦਕ ਸਕੱਤਰ ਭਰਤ ਰਾਜ ਨੇ ਮੁੱਖ ਤੌਰ 'ਤੇ ਹਿੱਸਾ ਲਿਆ। ਯੂਨੀਅਨ ਲੀਡਰਸ਼ਿਪ ਨੇ ਮਹਾਨਿਰਦੇਸ਼ਕ ਨੂੰ ਇਕ ਵਿਸਤ੍ਰਿਤ ਮੰਗ ਪੱਤਰ (ਮੈਮੋਰੰਡਮ) ਸੌਂਪ ਕੇ ਫੈਕਟਰੀ ਦੇ ਅੰਦਰ ਸੁਰੱਖਿਆ ਮਾਪਦੰਡਾਂ ਦੀ ਲਗਾਤਾਰ ਹੋ ਰਹੀ ਅਣਦੇਖੀ, ਅੰਨ੍ਹੇਵਾਹ ਆਊਟਸੋਰਸਿੰਗ ਕਾਰਨ ਵਧ ਰਹੇ ਸੁਰੱਖਿਆ ਖ਼ਤਰਿਆਂ ਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ। ਮਹਾਨਿਰਦੇਸ਼ਕ (ਸੁਰੱਖਿਆ) ਨੇ ਯੂਨੀਅਨ ਨਾਲ ਆਰਸੀਐੱਫ ਦੀ ਕਾਰਜਪ੍ਰਣਾਲੀ, ਵਰਕਸ਼ਾਪ ਦੇ ਵੱਖ-ਵੱਖ ਸ਼ਾਪਸ ਦੀ ਸੁਰੱਖਿਆ ਸਥਿਤੀ ਤੇ ਉਤਪਾਦਨ ਦੇ ਵਧਦੇ ਦਬਾਅ ਦਰਮਿਆਨ ਮੈਨਪਾਵਰ ਦੀ ਗੰਭੀਰ ਕਮੀ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਬੇਹੱਦ ਗੰਭੀਰਤਾ ਤੇ ਸਹਿਜਤਾ ਨਾਲ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਯੂਨੀਅਨ ਨੇ ਫੈਕਟਰੀ ਵਿਚ ਖਾਲੀ ਪਏ ਲਗਭਗ 2500 ਅਹੁਦਿਆਂ ਨੂੰ ਤੁਰੰਤ ਭਰਨ, ਬਹੁਤ ਜ਼ਿਆਦਾ ਵਰਕਲੋਡ ਨੂੰ ਘੱਟ ਕਰਨ ਤੇ ਸਾਲ 2026-27 ਲਈ ਆਰਸੀਐੱਫ ਦੇ 147 ਅਹੁਦਿਆਂ ਸਮੇਤ ਕੁੱਲ 2% ਨਿਯਮਿਤ ਅਹੁਦਿਆਂ ਨੂੰ ਸਰੈਂਡਰ ਕਰਨ ਦੇ ਰੇਲਵੇ ਬੋਰਡ ਦੇ ਨੀਤੀਗਤ ਹੁਕਮਾਂ ਨੂੰ ਤੁਰੰਤ ਰੱਦ ਕਰਨ ਦੀ ਜ਼ੋਰਦਾਰ ਮੰਗ ਉਠਾਈ। ਯੂਨੀਅਨ ਨੇ ਸਖ਼ਤ ਵਿਰੋਧ ਦਰਜ ਕਰਵਾਉਂਦਿਆਂ ਕਿਹਾ ਕਿ ਬੋਗੀ ਨਿਰਮਾਣ ਵਰਗੇ ਅਤਿ-ਸੰਵੇਦਨਸ਼ੀਲ ਸੁਰੱਖਿਆ ਕਾਰਜਾਂ ਨੂੰ ਆਊਟਸੋਰਸਿੰਗ ਦੇ ਭਰੋਸੇ ਛੱਡਣਾ ਤੇ ਇਨ-ਹਾਊਸ ਹਾਈਟੈਕ ਮਸ਼ੀਨਾਂ ਨੂੰ ਠੱਪ ਰੱਖਣਾ ਰੇਲ ਯਾਤਰੀਆਂ ਦੀ ਸੁਰੱਖਿਆ ਨਾਲ ਖਿਲਵਾੜ ਹੈ। ਇਸ ਦੇ ਨਾਲ ਹੀ, ਵੰਦੇ ਭਾਰਤ ਟੈਸਟਿੰਗ ਸ਼ੈੱਡ ਵਿਚ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੇ ਜਾ ਰਹੇ ਅਸੁਰੱਖਿਅਤ ਕਮਰਸ਼ੀਅਲ ਉਤਪਾਦਨ, ਅੰਮ੍ਰਿਤ ਭਾਰਤ ਤੇ ਐੱਲਆਰਏ ਕੋਚਾਂ ਦੀ ਇਲੈਕਟ੍ਰੀਕਲ ਵਾਇਰਿੰਗ ਵਿਚ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਘਟੀਆ ਦਰਜੇ ਦੀ ਪਲਾਸਟਿਕ 'ਟਾਈ' ਦੀ ਵਰਤੋਂ ਨਾਲ ਅੱਗ ਲੱਗਣ ਦੇ ਖ਼ਤਰੇ ਤੇ ਫੈਕਟਰੀ ਵਿਚ ਹਾਲ ਹੀ ਵਿਚ ਲਗਾਈਆਂ ਗਈਆਂ ਰੀਵਾ ਕ੍ਰੇਨਾਂ ਦੇ ਲਗਾਤਾਰ ਬ੍ਰੇਕਡਾਊਨ ਤੇ ਡਿੱਗਦੇ ਅੰਡਰਫ੍ਰੇਮ ਦੇ ਹਾਦਸਿਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਪ੍ਰਮੁੱਖਤਾ ਨਾਲ ਉਠਾਈ ਗਈ। ਯੂਨੀਅਨ ਨੇ ਜੀਈਐੱਮ ਪੋਰਟਲ ਤੋਂ ਖਰੀਦੇ ਜਾ ਰਹੇ ਘਟੀਆ ਸੁਰੱਖਿਆ ਉਪਕਰਨਾਂ ਨੂੰ ਬੰਦ ਕਰਨ, ਕੋਡਲ ਲਾਈਫ ਪੂਰੀ ਕਰ ਚੁੱਕੇ 35% ਤੋਂ ਵੱਧ ਖਸਤਾਹਾਲ ਫੋਰਕਲਿਫਟਰਾਂ ਨੂੰ ਰਿਪਲੇਸ ਕਰਨ ਤੇ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਵਾਇਰਿੰਗ ਹਾਰਨੈੱਸ, ਸੀਟ-ਬਰਥ, ਪਾਈਪ ਤੇ ਸਾਈਡ ਪੈਨਲ ਵਰਗੇ ਜ਼ਰੂਰੀ ਸਾਮਾਨ (ਮਟੀਰੀਅਲ) ਦੀ ਭਾਰੀ ਕਿੱਲਤ ਨੂੰ ਦੂਰ ਕਰਕੇ ਉਤਪਾਦਨ ਸੁਚਾਰੂ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਸਥਾਨਕ ਫੈਕਟਰੀ ਦੇ ਮੁੱਦਿਆਂ ਦੇ ਨਾਲ-ਨਾਲ ਯੂਨੀਅਨ ਨੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਨਾਲ ਜੁੜੇ ਰਾਸ਼ਟਰੀ ਮੁੱਦਿਆਂ ਨੂੰ ਵੀ ਪੂਰੀ ਮਜ਼ਬੂਤੀ ਨਾਲ ਮਹਾਨਿਰਦੇਸ਼ਕ ਦੇ ਸਾਹਮਣੇ ਰੱਖਿਆ। ਯੂਨੀਅਨ ਨੇ ਮੰਗ ਕੀਤੀ ਕਿ ਹਾਲ ਹੀ ਵਿਚ ਗੁਪਤ ਮਤਦਾਨ ਚੋਣਾਂ ਵਿਚ 75,000 ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੀ ਦੇਸ਼ ਭਰ ਦੇ ਰੇਲ ਮੁਲਾਜ਼ਮਾਂ ਦੀ ਹਰਮਨਪਿਆਰੀ ਆਵਾਜ਼ 'ਆਈਆਰਈਐੱਫ' ਨੂੰ ਰੇਲਵੇ ਬੋਰਡ ਪੱਧਰ 'ਤੇ ਤੁਰੰਤ ਪੂਰੀ ਮਾਨਤਾ ਤੇ ਨਵੀਂ ਦਿੱਲੀ ਵਿਚ ਦਫ਼ਤਰੀ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣ।
ਮਹਾਨਿਰਦੇਸ਼ਕ (ਸੁਰੱਖਿਆ) ਮਲਹੋਤਰਾ ਨੇ ਆਰਸੀਐੱਫ ਇੰਪਲਾਈਜ਼ ਯੂਨੀਅਨ ਵੱਲੋਂ ਉਠਾਏ ਗਏ ਸਾਰੇ ਸੁਰੱਖਿਆ-ਕੇਂਦ੍ਰਿਤ ਤੇ ਨੀਤੀਗਤ ਮੁੱਦਿਆਂ ਨੂੰ ਬੇਹੱਦ ਗੰਭੀਰਤਾ ਤੇ ਹਮਦਰਦੀ ਨਾਲ ਸੁਣਿਆ ਤੇ ਵਿਸਵਾਸ਼ ਦਿਵਾਇਆ ਕਿ ਉਹ ਇਨ੍ਹਾਂ ਸਾਰੇ ਵੱਡੇ ਮੁੱਦਿਆਂ ’ਤੇ ਰੇਲਵੇ ਬੋਰਡ ਵਿਚ ਜਾ ਕੇ ਵਿਸਤ੍ਰਿਤ ਨੀਤੀਗਤ ਚਰਚਾ ਕਰਨਗੇ।