ਹਰਿਆਣਾ ਦਾ ਸਿੱਖ ਇਤਿਹਾਸ ਨੂੰ ਸਿਲੇਬਸ ’ਚ ਸ਼ਾਮਲ ਕਰਨ ਦਾ ਫੈਸਲਾ ਸ਼ਲਾਘਾਯੋਗ : ਖੋਜੇਵਾਲ
ਹਰਿਆਣਾ ਸਰਕਾਰ ਦਾ 8ਵੀਂ ਜਮਾਤ ਦੇ ਸਿਲੇਬਸ ਵਿੱਚ ਸਿੱਖ ਇਤਿਹਾਸ ਸ਼ਾਮਲ ਕਰਨ ਦਾ ਫੈਸਲਾ ਸ਼ਲਾਘਾਯੋਗ-ਖੋਜੇਵਾਲ
Publish Date: Sun, 14 Jun 2026 08:16 PM (IST)
Updated Date: Sun, 14 Jun 2026 08:18 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਹਰਿਆਣਾ ਸਰਕਾਰ ਵੱਲੋਂ ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਉਣ ਦੇ ਲਏ ਗਏ ਫੈਸਲੇ ਦਾ ਹਰ ਪਾਸੇ ਸਵਾਗਤ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਇਸ ਕਦਮ ਦੀ ਜ਼ੋਰਦਾਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ 8ਵੀਂ ਜਮਾਤ ਦੇ ਸਿਲੇਬਸ ਵਿਚ ਸਿੱਖ ਇਤਿਹਾਸ ਨੂੰ ਸ਼ਾਮਲ ਕਰਨ ਦਾ ਫੈਸਲਾ ਬਹੁਤ ਹੀ ਸ਼ਲਾਘਾਯੋਗ ਤੇ ਇਤਿਹਾਸਕ ਹੈ। ਖੋਜੇਵਾਲ ਨੇ ਇਸ ਪ੍ਰੇਰਨਾਦਾਇਕ ਫੈਸਲੇ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਛੋਟੀ ਉਮਰ ਵਿਚ ਹੀ ਗੁਰੂ ਸਾਹਿਬਾਨ ਤੇ ਮਹਾਨ ਸਿੱਖ ਯੋਧਿਆਂ ਦੇ ਜੀਵਨ ਬਾਰੇ ਸਿਖਾਉਣ ਨਾਲ ਉਨ੍ਹਾਂ ਦੀ ਦੇਸ਼ ਭਗਤੀ ਤੇ ਨੈਤਿਕ ਕਦਰਾਂ-ਕੀਮਤਾਂ ਦੀ ਭਾਵਨਾ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਦਮ ਚੁੱਕ ਕੇ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਨਾ ਸਿਰਫ਼ ਸਿੱਖ ਭਾਈਚਾਰੇ ਦੀ ਮਹਾਨ ਸ਼ਾਨ ਦਾ ਸਨਮਾਨ ਕੀਤਾ ਹੈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਨ ਦਾ ਵੀ ਇਕ ਸ਼ਾਨਦਾਰ ਯਤਨ ਕੀਤਾ ਹੈ। ਖੋਜੇਵਾਲ ਨੇ ਕਿਹਾ ਕਿ 8ਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਵਿਚ ਸਿੱਖ ਗੁਰੂਆਂ ਦੇ ਜੀਵਨ, ਯੋਗਦਾਨ ਤੇ ਸਿੱਖਿਆਵਾਂ ਨੂੰ ਸ਼ਾਮਲ ਕਰਨਾ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਵਿਚ ਇਕ ਮੀਲ ਪੱਥਰ ਸਾਬਤ ਹੋਵੇਗਾ। ਖੋਜੇਵਾਲ ਨੇ ਕਿਹਾ ਕਿ ਇਹ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖ ਵਿਰਾਸਤ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ। ਖੋਜੇਵਾਲ ਨੇ ਕਿਹਾ ਕਿ ਜਿਥੇ ਕਾਂਗਰਸ ਪਾਰਟੀ ਨੇ ਗੁਰੂਆਂ ਦੇ ਇਤਿਹਾਸ ਨੂੰ ਨਜ਼ਰਅੰਦਾਜ਼ ਕੀਤਾ, ਉੱਥੇ ਭਾਜਪਾ ਨੇ ਵੀਰ ਬਾਲ ਦਿਵਸ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਤੇ ਹੋਰ ਸਮਾਗਮਾਂ ਰਾਹੀਂ ਸਿੱਖ ਇਤਿਹਾਸ ਨੂੰ ਰਾਸ਼ਟਰੀ ਚੇਤਨਾ ਵਿਚ ਜੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ 1984 ਦੇ ਸਿੱਖ ਕਤਲੇਆਮ ਨੂੰ ਕਦੇ ਨਹੀਂ ਭੁੱਲ ਸਕਦਾ। ਵੋਟਰ ਸੂਚੀਆਂ ਦੀ ਵਰਤੋਂ ਕਰਕੇ ਸਿੱਖਾਂ ਨੂੰ ਸ਼ਿਕਾਰ ਬਣਾਇਆ ਗਿਆ ਤੇ ਮਾਰਿਆ ਗਿਆ, ਗੁਰਦੁਆਰੇ ਸਾੜ ਦਿੱਤੇ ਗਏ ਤੇ 52 ਸ਼ਹਿਰਾਂ ਨੂੰ ਸ਼ਮਸ਼ਾਨਘਾਟਾਂ ਵਿਚ ਬਦਲ ਦਿੱਤਾ ਗਿਆ। ਭੋਪਾਲ ਗੈਸ ਦੁਖਾਂਤ ਤੋਂ ਲੈ ਕੇ ਦੰਤੇਵਾੜਾ ਸ਼ਹੀਦਾਂ ਤੱਕ ਕਾਂਗਰਸ ਪਾਰਟੀ ਦੇ ਦੋਹਰੇ ਮਾਪਦੰਡ ਸਭ ਜਾਣਦੇ ਹਨ। ਤ੍ਰਿਣਮੂਲ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਖੋਜੇਵਾਲ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ ਲੁੱਟ, ਤੁਸ਼ਟੀਕਰਨ ਦੇ ਰਾਜਨੀਤਿਕ ਕੇਂਦਰ ਵਿਚ ਬਦਲਣ ਵਾਲੀ ਪਾਰਟੀ ਦੇ ਆਗੂ ਹੁਣ ਲੋਕਾਂ ਦੁਆਰਾ ਸੱਤਾ ਤੋਂ ਲਾਹ ਦਿੱਤੇ ਜਾਣ ਤੋਂ ਬਾਅਦ ਆਪਣੇ ਪਾਪਾਂ ਦੇ ਭਾਰ ਹੇਠ ਦੱਬ ਰਹੇ ਹਨ। ਖੋਜੇਵਾਲ ਨੇ ਕਿਹਾ ਕਿ ਇਹ ਇਤਿਹਾਸਕ ਫੈਸਲਾ ਸਾਡੀ ਨੌਜਵਾਨ ਪੀੜ੍ਹੀ ਨੂੰ ਸਿੱਖ ਗੁਰੂ ਸਾਹਿਬਾਨ ਦੀਆਂ ਮਹਾਨ ਕੁਰਬਾਨੀਆਂ ਦੇਸ਼ ਤੇ ਧਰਮ ਦੀ ਰੱਖਿਆ ਲਈ ਉਨ੍ਹਾਂ ਦੇ ਸਮਰਪਣ ਦੇ ਸੁਨਹਿਰੀ ਇਤਿਹਾਸ ਬਾਰੇ ਹੋਰ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਸਾਨੂੰ ਜ਼ੁਲਮ ਵਿਰੁੱਧ ਖੜ੍ਹੇ ਹੋਣ ਤੇ ਮਨੁੱਖਤਾ ਦੀ ਸੇਵਾ ਕਰਨ ਦਾ ਰਸਤਾ ਦਿਖਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਫੈਸਲੇ ਵੱਖ-ਵੱਖ ਵਰਗਾਂ ਤੇ ਰਾਜਾਂ ਵਿਚ ਸਮਾਜਿਕ ਸਦਭਾਵਨਾ ਤੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਦੇ ਹਨ। ਸਿੱਖ ਗੁਰੂਆਂ ਦਾ ਸੰਦੇਸ਼ ਸਾਰੀ ਮਨੁੱਖਤਾ ਲਈ ਸਾਂਝਾ ਹੈ ਤੇ ਸਿੱਖਿਆ ਪ੍ਰਣਾਲੀ ਰਾਹੀਂ ਬੱਚਿਆਂ ਤੱਕ ਇਸ ਨੂੰ ਪਹੁੰਚਾਉਣਾ ਸਮੇਂ ਦੀ ਲੋੜ ਸੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹਰਿਆਣਾ ਸਰਕਾਰ ਦਾ ਇਹ ਕਦਮ ਦੂਜੇ ਰਾਜਾਂ ਲਈ ਇਕ ਵਧੀਆ ਉਦਾਹਰਣ ਸਥਾਪਤ ਕਰੇਗਾ, ਤਾਂ ਜੋ ਦੇਸ਼ ਦਾ ਹਰ ਬੱਚਾ ਭਾਰਤ ਦੇ ਇਸ ਮਹਾਨ ਤੇ ਪਵਿੱਤਰ ਇਤਿਹਾਸ ਬਾਰੇ ਸਿੱਖ ਕੇ ਅਸੀਂ ਆਪਣੀ ਸ਼ਾਨਦਾਰ ਵਿਰਾਸਤ ਤੇ ਮਾਣ ਕਰ ਸਕਦੇ ਹਾਂ।