ਟਾਵੀਂ ਸਾਹਿਬ ਜਿੱਥੇ ਛੇਵੇਂ ਪਾਤਿਸ਼ਾਹ ਜੀ ਨੇ ਕੀਤਾ ਸੀ ਸ਼ੇਰ ਦਾ ਸ਼ਿਕਾਰ ਗੁਰਦੁਆਰਾ ਜਿਥੇ ਛੇਵੇਂ ਪਾਤਸ਼ਾਹ ਜੀ ਨੇ ਕੀਤਾ ਸੀ ਸ਼ੇਰ ਦਾ ਸ਼ਿਕਾਰ ਗੁਰਦੁਆਰਾ ਟਾਵੀਂ ਸਾਹਿਬ
Publish Date: Sat, 04 Jul 2026 08:23 PM (IST)
Updated Date: Sat, 04 Jul 2026 08:23 PM (IST)
ਗੁਰਦੁਆਰਾ ਟਾਵੀਂ ਸਾਹਿਬ ’ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਸਮਾਗਮ ਅੱਜ ਸੁਖਵਿੰਦਰ ਸਿੰਘ ਸਿੱਧੂ, ਪੰਜਾਬੀ ਜਾਗਰਣ ਕਾਲਾ ਸੰਘਿਆਂ : ਕਪੂਰਥਲਾ–ਨਕੋਦਰ ਰੋਡ ’ਤੇ ਸਥਿਤ ਦੁਆਬੇ ਦੇ ਮਸ਼ਹੂਰ ਕਸਬੇ ਕਾਲਾ ਸੰਘਿਆਂ ਤੋਂ ਲਹਿੰਦੇ ਵੱਲ ਨਜ਼ਰ ਮਾਰੀਏ ਤਾਂ ਤਕਰੀਬਨ ਇਕ ਕਿਲੋਮੀਟਰ ’ਤੇ ਸੰਘਣੇ ਦਰੱਖਤਾਂ ਦੇ ਝੁੰਡ ਵਿੱਚੋਂ ਗੁਰਦੁਆਰਾ ਸਾਹਿਬ ਦੀ ਉੱਚੀ ਇਮਾਰਤ ਦਾ ਚਿੱਟਾ ਗੁੰਬਦ ਕਾਲੇ ਬੱਦਲਾਂ ਵਿਚ ਉੱਡਦੇ ਬਗਲਿਆਂ ਦਾ ਭੁਲੇਖਾ ਪਾਉਂਦਾ ਹੈ। ਇਸ ਅਸਥਾਨ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਇਸ ਲਈ ਹੈ ਕਿਉਂਕਿ ਇਸ ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਛੋਹ ਪ੍ਰਾਪਤ ਹੈ। ਇਤਿਹਾਸ ਅਨੁਸਾਰ ਉਨ੍ਹਾਂ ਸਮਿਆਂ ਵਿਚ ਇਥੇ ਬਹੁਤ ਹੀ ਭਾਰੀ ਜੰਗਲ ਹੁੰਦਾ ਸੀ, ਜਿਸ ਵਿਚ ਇਕ ਬਹੁਤ ਹੀ ਖੂੰਖਾਰ ਸ਼ੇਰ ਰਹਿੰਦਾ ਸੀ, ਜਿਹੜਾ ਕਿ ਆਸਪਾਸ ਦੇ ਪਿੰਡਾਂ ਦੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਦਾ ਸੀ। ਉਸ ਸ਼ੇਰ ਤੋਂ ਤੰਗ ਆ ਕੇ ਇਲਾਕੇ ਦੀਆਂ ਸੰਗਤਾਂ ਨੇ ਇਕੱਠੇ ਹੋ ਕੇ ਕਰਤਾਰਪੁਰ ਵਿਖੇ ਛੇਵੇਂ ਪਾਤਸ਼ਾਹ ਅੱਗੇ ਜਾ ਬੇਨਤੀ ਕੀਤੀ ਕਿ ਸਾਨੂੰ ਉਸ ਸ਼ੇਰ ਕੋਲੋਂ ਬਚਾਇਆ ਜਾਵੇ। ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਜ਼ੂਰ ਨੇ ਇਸ ਧਰਤੀ ਨੂੰ ਭਾਗ ਲਾਏ। ਗੁਰੂ ਜੀ ਆਪਣੀਆਂ ਫੌਜਾਂ ਸਮੇਤ ਇਸ ਜੰਗਲ ਵਿਚ ਆਏ ਅਤੇ ਇਥੇ ਰਹਿੰਦੇ ਸਾਈਂ ਗੁਲੀ ਸ਼ਾਹ ਨਾਂ ਦੇ ਫ਼ਕੀਰ ਨੂੰ ਵੀ ਮਿਲੇ। ਬਜ਼ੁਰਗਾਂ ਤੋਂ ਸੁਣੀ ਗੱਲ ਅਨੁਸਾਰ ਸ਼ੇਰ ਦੀ ਭਾਲ ਵਿਚ ਪਾਤਸ਼ਾਹ ਅੱਗੇ ਵਧੇ ਤਾਂ ਦੇਖਿਆ ਕਿ ਸ਼ੇਰ ਇਕ ਝਾੜੀ ਥੱਲੇ ਸੁੱਤਾ ਪਿਆ ਹੈ। ਨਿਹੱਥੇ ਅਤੇ ਸੁੱਤੇ ਪਏ ਦੁਸ਼ਮਣ ’ਤੇ ਵਾਰ ਕਰਨਾ ਤਾਂ ਉਨ੍ਹਾਂ ਦੇ ਸਿਧਾਂਤ ਦੇ ਉਲਟ ਸੀ, ਸੋ ਉਨ੍ਹਾਂ ਠੁੱਡ ਨਾਲ ਸ਼ੇਰ ਨੂੰ ਜਗਾਇਆ। ਗੁਰੂ ਜੀ ਨੇ ਸ਼ੇਰ ਨੂੰ ਲਲਕਾਰਿਆ। ਜਿਉਂ ਹੀ ਸ਼ੇਰ ਨੇ ਪਾਤਸ਼ਾਹ ’ਤੇ ਵਾਰ ਕੀਤਾ ਤਾਂ ਗੁਰੂ ਸਾਹਿਬ ਨੇ ਆਪਣੀ ਢਾਲ ਨਾਲ਼ ਸ਼ੇਰ ਨੂੰ ਰੋਕ ਕੇ ਆਪਣੀ ਤਲਵਾਰ ਦਾ ਐਸਾ ਵਾਰ ਚਲਾਇਆ ਕਿ ਸ਼ੇਰ ਦਾ ਸਿਰ ਧੜ ਨਾਲੋਂ ਲੱਥ ਗਿਆ। ਜਦ ਪਿੰਡ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਹ ਹੁੰਮ-ਹੁਮਾ ਕੇ ਗੁਰੂ ਕੀਆਂ ਫੌਜਾਂ ਲਈ ਖਾਣ ਪੀਣ ਦੀਆਂ ਵਸਤਾਂ ਲੈ ਕੇ ਪੁੱਜੀਆਂ। ਗੁਰੂ ਜੀ ਇਕ ਪਿੱਪਲ ਦੇ ਦਰੱਖਤ ਹੇਠ ਬੈਠ ਗਏ ਅਤੇ ਸੰਗਤ ਨੂੰ ਧਰਮ ਨਾਲ ਜੁੜਨ ਅਤੇ ਸਵੈ-ਰੱਖਿਆ ਦੀ ਪ੍ਰੇਰਨਾ ਦੇਣ ਲਗੇ। ਉਸ ਸੰਗਤ ਵਿਚ ਪਿੰਡ ਕਾਲਾ ਸੰਘਿਆਂ ਦਾ ਵਸਨੀਕ ਭਾਈ ਪੰਨੂੰ ਨਾਂ ਦਾ ਗੁਰੂ ਜੀ ਦਾ ਸ਼ਰਧਾਲੂ ਬੈਠਾ ਸੀ ਜਿਹੜਾ ਕਿ ਘਰ ਤੋਂ ਬਹੁਤ ਗਰੀਬ ਸੀ, ਜਿਸ ਨੂੰ ਲੋਕ ਮਖੌਲ ਨਾਲ ਚੌਧਰੀ ਕਹਿੰਦੇ ਸਨ। ਉਸ ਕੋਲ ਕੋਈ ਖਾਣ ਪੀਣ ਦੀ ਚੀਜ਼ ਨਾ ਹੋਣ ਕਰਕੇ ਉਸ ਨੇ ਆਪਣੇ ਘਰ ਵਿਚ ਉੱਗੀ ਬੇਰੀ ਨਾਲੋਂ ਪੱਕੇ-ਪੱਕੇ ਬੇਰ ਤੋੜੇ ਅਤੇ ਸਾਫੇ ਨਾਲ ਬੰਨ ਕੇ ਗੁਰੂ ਜੀ ਵਾਸਤੇ ਲੈ ਗਿਆ। ਪਰ ਉਥੇ ਜਾ ਕੇ ਉਸ ਦਾ ਗੁਰੂ ਜੀ ਨੂੰ ਭੇਂਟ ਕਰਨ ਦਾ ਹੌਸਲਾ ਨਾ ਪਿਆ ਅਤੇ ਉਹ ਨੀਵੀਂ ਪਾਈ ਚੁੱਪ ਚਾਪ ਬੈਠਾ ਰਿਹਾ। ਘਟ ਘਟ ਕੇ ਅੰਤਰ ਕੀ ਜਾਨਣ ਵਾਲੇ ਗੁਰੂ ਪਿਤਾ ਨੇ ਆਪ ਹੀ ਆਵਾਜ਼ ਮਾਰੀ ਕਿ ਚੌਧਰੀ ਤੂੰ ਕੀ ਲੈ ਕੇ ਆਇਆ ਏਂ ਤਾਂ ਭਾਈ ਪੰਨੂੰ ਨੇ ਪਾਤਸ਼ਾਹ ਅੱਗੇ ਬੇਰ ਰੱਖ ਦਿੱਤੇ। ਗੁਰੂ ਜੀ ਨੇ ਭਾਈ ਬਿਧੀ ਚੰਦ ਨੂੰ ਕਿਹਾ ਕਿ ਇਹ ਬੇਰ ਸਾਰੀ ਸੰਗਤ ਵਿਚ ਵਰਤਾਅ ਦੇਵੇ ਅਤੇ ਉਨ੍ਹਾਂ ਦੀਆਂ ਗਿਟਕਾਂ ਟਾਵੀਆਂ-ਟਾਵੀਆਂ ਖਿਲਾਰ ਦੇਵੇ ਜਿਨ੍ਹਾਂ ਤੋਂ ਉੱਗੀਆਂ ਬੇਰੀਆਂ ਅਜੇ ਤੱਕ ਮੌਜੂਦ ਹਨ। ਇਸ ਤੋਂ ਇਸ ਅਸਥਾਨ ਦਾ ਨਾਂਅ ਟਾਵੀਂ ਸਾਹਿਬ ਪਿਆ। ਇਸ ਅਸਥਾਨ ’ਤੇ ਹਰ ਸਾਲ 5 ਜੁਲਾਈ ਨੂੰ ਛੇਵੇਂ ਪਾਤਸ਼ਾਹ ਜੀ ਦਾ ਆਗਮਨ ਪੁਰਬ ਮਨਾਇਆ ਜਾਂਦਾ ਹੈ ਅਤੇ ਭਾਰੀ ਜੋੜ ਮੇਲਾ ਲਗਦਾ ਹੈ। ਇਸੇ ਤਹਿਤ ਅੱਜ ਗੁਰੂ ਘਰ ਵਿਖੇ ਭਾਰੀ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਥੇ ਦੂਰ-ਦੁਰਾਡੇ ਤੋਂ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਆਉਂਦੀਆਂ ਹਨ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਅਤੇ ਕੀਰਤਨੀਏ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾ ਕੇ ਨਿਹਾਲ ਕਰਨਗੇ।