- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਕਾਲਾ ਸੰਘਿਆ ਪੁਲਿਸ ਚੌਂਕੀ ਦੇ ਮੁਲਾਜ਼ਮ ਅਤੇ ਕਪੂਰਥਲਾ ਦੇ ਥਾਣਾ ਸਦਰ ਦੇ ਥਾਣਾ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ। ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਘਟਨਾ ਮੁਤਾਬਕ ਅਣਪਛਾਤਿਆਂ ਵੱਲੋਂ ਕੁਲਦੀਪ ਕੁਮਾਰ ਲੂੰਬਾ ਦੀ ਦੁਕਾਨ ਤੇ ਘਰ 'ਤੇ 4 ਰਾਊਂਡ ਫਾਇਰ ਕੀਤੇ ਗਏ।

ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆ: ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆ ਵਿਖੇ ਬੀਤੀ ਦੇਰ ਰਾਤ ਅਣਪਛਾਤਿਆਂ ਵੱਲੋਂ ਚਲਾਈਆਂ ਗੋਲੀਆਂ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਾਲਾ ਸੰਘਿਆ ਦੇ ਮੇਨ ਬਾਜ਼ਾਰ ਵਿਖੇ ਕੱਪੜਾ ਕਾਰੋਬਾਰੀ ਕੁਲਦੀਪ ਕੁਮਾਰ ਲੂੰਬਾ ਦੀ ਦੁਕਾਨ ਅਤੇ ਦੁਕਾਨ ਦੇ ਉੱਪਰ ਹੀ ਬਣੀ ਰਿਹਾਇਸ਼ ਤੇ ਬੀਤੀ ਦੇਰ ਰਾਤ 7-8 ਅਗਸਤ ਦੀ ਦਰਮਿਆਨੀ ਰਾਤ ਕਰੀਬ ਡੇਢ ਵਜੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਗੋਲ਼ੀਆਂ ਦੀ ਅਵਾਜ਼ ਸੁਣ ਕੇ ਨਜ਼ਦੀਕ ਡਿਊਟੀ ਦੇ ਰਹੇ ਮੇਨ ਬਾਜ਼ਾਰ ਦੀਆਂ ਦੁਕਾਨਾਂ ਦੇ ਪਹਿਰੇਦਾਰਾਂ ਨੇ ਕੁਲਦੀਪ ਕੁਮਾਰ ਲੂੰਬਾ ਤੇ ਉਸ ਦੇ ਪਰਿਵਾਰ ਨੂੰ ਉਠਾਇਆ ਤੇ ਲੂੰਬਾ ਨੇ ਪਿੰਡ ਦੇ ਮੋਹਤਬਰਾਂ ਨੂੰ ਟੈਲੀਫੋਨ ਕਰਕੇ ਬੁਲਾਇਆ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਕਾਲਾ ਸੰਘਿਆ ਪੁਲਿਸ ਚੌਂਕੀ ਦੇ ਮੁਲਾਜ਼ਮ ਅਤੇ ਕਪੂਰਥਲਾ ਦੇ ਥਾਣਾ ਸਦਰ ਦੇ ਥਾਣਾ ਮੁਖੀ ਸਬ ਇੰਸਪੈਕਟਰ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੇ। ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਘਟਨਾ ਮੁਤਾਬਕ ਅਣਪਛਾਤਿਆਂ ਵੱਲੋਂ ਕੁਲਦੀਪ ਕੁਮਾਰ ਲੂੰਬਾ ਦੀ ਦੁਕਾਨ ਤੇ ਘਰ 'ਤੇ 4 ਰਾਊਂਡ ਫਾਇਰ ਕੀਤੇ ਗਏ। ਜਿਨ੍ਹਾਂ ਵਿੱਚੋਂ ਇਕ ਗੋਲੀ ਦੁਕਾਨ ਦਾ ਸ਼ਟਰ ਚੀਰ ਕੇ ਅਗਲੇ ਪਾਸੇ ਲੱਗੇ ਸ਼ੀਸ਼ੇ (ਟਫਨ) ਵਿੱਚ ਲੱਗੀ ਤੇ ਸ਼ੀਸ਼ਾ ਚਕਨਾਚੂਰ ਹੋ ਗਿਆ। ਇਹਨਾਂ ਚੱਲੀਆਂ ਗੋਲੀਆਂ ਦੇ ਖੋਲ ਵੀ ਬਰਾਮਦ ਕਰ ਲਏ ਗਏ ਹਨ। ਗੋਲ਼ੀਆਂ ਚੱਲਣ ਦੀ ਘਟਨਾ ਤੋਂ ਬਾਅਦ ਫੈਲੀ ਦਹਿਸ਼ਤ ਕਾਰਨ ਅੱਜ ਦਿਨ ਵੇਲੇ ਬਜ਼ਾਰ ਵਿੱਚ ਦੁਕਾਨਾਂ'ਤੇ ਗਾਹਕ ਵੀ ਨਾਂ ਦੇ ਬਰਾਬਰ ਵਿਖਾਈ ਦਿੱਤੇ। ਕਾਲ਼ਾ ਸੰਘਿਆ ਪੁਲਿਸ ਚੌਂਕੀ ਇੰਚਾਰਜ ਏ ਐਸ ਆਈ ਅਮਰਜੀਤ ਸਿੰਘ ਨੇ ਕਿਹਾ ਕਿ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਲਗਾਤਾਰ ਤਫਤੀਸ਼ ਜਾਰੀ ਹੈ। ਘਟਨਾ ਨੂੰ ਹਰ ਪਹਿਲੂ ਤੋਂ ਵੇਖਿਆ ਜਾ ਰਿਹਾ ਹੈ ਅਤੇ ਪੁਲਿਸ ਸੂਤਰਾਂ ਰਾਹੀਂ ਗੋਲੀਆਂ ਚਲਾਉਣ ਵਾਲਿਆਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦ ਹੀ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।