ਆਪਣੇ ਬੱਚਿਆਂ ਨੂੰ ਪਿਆਰ ਦਿਓ, ਪਰ ਵਾਹਨ ਦੀਆਂ ਚਾਬੀਆਂ ਨਹੀਂ
ਆਪਣੇ ਬੱਚਿਆਂ ਨੂੰ ਪਿਆਰ ਦਿਓ, ਪਰ ਵਾਹਨ ਦੀਆਂ ਚਾਬੀਆਂ ਨਹੀਂ।–ਡਾ. ਬਸਰਾ, ਡਾ.ਪਰਹਾਰ।
Publish Date: Tue, 16 Jun 2026 07:25 PM (IST)
Updated Date: Tue, 16 Jun 2026 07:27 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਅੱਜ ਦੇ ਸਮੇਂ ਵਿਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਦਾ ਇਕ ਵੱਡਾ ਕਾਰਨ ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣਾ ਹੈ। ਇਸ ਗੰਭੀਰ ਮਸਲੇ ਨੂੰ ਧਿਆਨ ਵਿਚ ਰੱਖਦਿਆਂ ਸਮਾਜ ਸੇਵੀ ਤੇ ਜਾਗਰੂਕ ਨਾਗਰਿਕ ਡਾ. ਵੀਰ ਸਿੰਘ ਬਸਰਾ ਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦਾ ਮੋਟਰ ਵਾਹਨ ਚਲਾਉਣ ਲਈ ਨਾ ਦੇਣ। ਆਮ ਦੇਖਣ ਵਿਚ ਆਇਆ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਮੋਟਰਸਾਈਕਲ, ਐਕਟਿਵਾ, ਬੁਲੇਟ ਆਦਿ ਲੈ ਕੇ ਦੇ ਦਿੰਦੇ ਹਨ ਜਦਕਿ ਬੱਚੇ ਅਜੇ ਬਾਲਗ ਵੀ ਨਹੀਂ ਹੋਏ ਹੁੰਦੇ। ਇਸ ਤਰ੍ਹਾਂ ਬੱਚਿਆਂ ਦੀ ਜਾਨ ਜੋਖ਼ਮ ਵਿਚ ਪਾਉਣ ਤੋਂ ਮਾਪਿਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਡਾ. ਵੀਰ ਸਿੰਘ ਬਸਰਾ ਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਜੋ ਕਿ ਬਾਲਗ ਵੀ ਨਹੀਂ ਹਨ ਮੋਟਰਸਾਈਕਲ, ਐਕਟਿਵਾ ਆਦਿ ਵਾਹਨ ਦੇ ਕੇ ਉਨ੍ਹਾਂ ਦੀ ਜਾਨ, ਖ਼ਤਰੇ ਵਿਚ ਪਾਉਂਦੇ ਹੀ ਹਨ। ਸਗੋਂ ਆਪਣੇ ਲਈ ਵੀ ਪਰੇਸ਼ਾਨੀ ਖੜੀ ਕਰ ਰਹੇ ਹਨ। ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਵੱਲੋਂ ਵੀ ਸਮੇਂ-ਸਮੇਂ ’ਤੇ ਨੋਟੀਫਿਕੇਸ਼ਨ ਜਾਰੀ ਕਰ ਕੇ ਮਾਪਿਆਂ ਨੂੰ ਸੁਚੇਤ ਕੀਤਾ ਜਾਂਦਾ ਰਹਿੰਦਾ ਹੈ ਕਿ ਆਪਣੇ ਅਠਾਰਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋਪਹੀਆ ਵਾਹਨ ਨਾ ਚਲਾਉਣ ਦਿਓ ਜੋ ਕਿ ਖਤਰੇ ਨੂੰ ਸੱਦਾ ਹੈ ਪਰ ਮਾਪੇ ਬੇਖੌਫ ਹੋ ਕੇ ਬੱਚਿਆਂ ਨੂੰ ਇਕੱਲੇ ਹੀ ਵਾਹਨਾਂ ’ਤੇ ਬਜ਼ਾਰਾਂ ਨੂੰ ਭੇਜ ਦਿੰਦੇ ਹਨ। ਡਾ. ਬਸਰਾ ਤੇ ਡਾ. ਪਰਹਾਰ ਨੇ ਕਿਹਾ ਕਿ ਹਰ ਮਾਪੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਤੇ ਉਨ੍ਹਾਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਬਣਾਉਣ। ਮਾਪਿਆਂ ਵੱਲੋਂ ਕੀਤੀ ਗਈ ਥੋੜ੍ਹੀ ਜਿਹੀ ਲਾਪਰਵਾਹੀ ਕਈ ਵਾਰ ਕਿਸੇ ਪਰਿਵਾਰ ਦੀ ਖੁਸ਼ੀ ਖੋਹ ਸਕਦੀ ਹੈ। ਇਸ ਲਈ ਬੱਚਿਆਂ ਦੀ ਜ਼ਿੱਦ ਜਾਂ ਦਿਖਾਵੇ ਦੀ ਭਾਵਨਾ ਦੇ ਅਧੀਨ ਆ ਕੇ ਉਨ੍ਹਾਂ ਨੂੰ ਮੋਟਰਸਾਈਕਲ, ਸਕੂਟਰ ਜਾਂ ਕਾਰ ਦੀਆਂ ਚਾਬੀਆਂ ਦੇਣਾ ਬਿਲਕੁਲ ਠੀਕ ਨਹੀਂ। ਡਾ. ਵੀਰ ਸਿੰਘ ਬਸਰਾ ਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਸਮੂਹ ਮਾਪਿਆਂ, ਸਕੂਲਾਂ, ਸਮਾਜਿਕ ਸੰਸਥਾਵਾਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੜਕ ਸੁਰੱਖਿਆ ਨੂੰ ਲੋਕ ਅੰਦੋਲਨ ਬਣਾਇਆ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਵਾਹਨ ਨਾ ਚਲਾਏ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ, ਉਨ੍ਹਾਂ ਦਾ ਭਵਿੱਖ ਤੇ ਸਮਾਜ ਦੀ ਭਲਾਈ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਸੜਕਾਂ ‘ਤੇ ਸੁਰੱਖਿਆ ਤੇ ਅਨੁਸ਼ਾਸਨ ਹੀ ਹਾਦਸਾ-ਮੁਕਤ ਸਮਾਜ ਦੀ ਨੀਂਹ ਹੈ।