- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁ: ਘੰਟਾ ਘਰ ਆਲਮਗੀਰ ਤੇ ਪ੍ਰਬੰਧਕ ਕਮੇਟੀ ਵਿਵਾਦ ਜਿਉਂ ਦਾ ਤਿਉਂ ਲਟਕਿਆ

-- ਤਿੰਨ ਦਿਨ ’ਚ ਮਸਲਾ ਕਰਾਂਗੇ ਹੱਲ : ਡੀਐੱਸਪੀ ਰੰਧਾਵਾ
--ਐੱਸਐੱਚਓ ਰਣਜੀਤ ਸਿੰਘ ਦੀ ਸੂਝਬੂਝ ਨਾਲ ਲੜਾਈ ਹੁੰਦੇ ਟਲੀ
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ
ਕਾਲਾ ਸੰਘਿਆ : ਪਿਛਲੇ ਕਰੀਬ ਇਕ ਮਹੀਨੇ ਤੋਂ ਆਲਮਗੀਰ ਦੀ ਪੰਚਾਇਤ ਤੇ ਗੁਰਦੁਆਰਾ ਘੰਟਾ ਘਰ ਆਲਮਗੀਰ ਵਿਚਕਾਰ ਜ਼ਮੀਨ ਦੀ ਬੋਲੀ ਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਲੈ ਕੇ ਚੱਲ ਰਹੇ ਮਸਲੇ ਨੇ ਉਸ ਸਮੇਂ ਵਿਸਫੋਟਕ ਰੂਪ ਧਾਰਨ ਕਰ ਲਿਆ ਜਦੋਂ ਪੰਚਾਇਤ ਧਿਰ ਵੱਲੋਂ ਨਵੀਂ ਬਣਾਈ ਕਮੇਟੀ ਨੇ ਬੀਤੇ ਕੱਲ੍ਹ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਜ਼ਮੀਨ ਦੀ ਬੋਲੀ ਲਈ ਇਕੱਠ ਬੁਲਾਇਆ ਤੇ ਇਸੇ ਦੇ ਚਲਦਿਆਂ ਦੂਜੀ ਧਿਰ ਜੋ ਗੁਰਦੁਆਰਾ ਘੰਟਾ ਘਰ ਦਾ ਪ੍ਰਬੰਧ ਸੰਭਾਲ ਰਹੀ ਹੈ, ਉਹ ਵੀ ਗੁਰਦੁਆਰਾ ਸਾਹਿਬ ਆ ਗਏ। ਦੋਹਾਂ ਧਿਰਾਂ ਦੇ ਸਮਰਥਕ ਵੀ ਵੱਡੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਪਹੁੰਚ ਗਏ। ਮੌਜੂਦਾ ਪ੍ਰਬੰਧਕ ਕਮੇਟੀ ਧਿਰ ਨੇ ਕਿਹਾ ਕਿ ਜੋ ਜ਼ਮੀਨ ਦੀ ਬੋਲੀ ਪੰਚਾਇਤ ਧਿਰ ਕਰਵਾਉਣ ਆਈ ਹੈ, ਉਸ ਦੀ ਬੋਲੀ 7 ਜੂਨ ਨੂੰ ਪਹਿਲਾਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਜਾ ਚੁੱਕੀ ਹੈ ਜਦਕਿ ਪੰਚਾਇਤ ਧਿਰ ਨੇ ਕਿਹਾ ਕਿ ਇਨ੍ਹਾਂ ਵੱਲੋਂ 7 ਜੂਨ ਨੂੰ ਕਰਵਾਈ ਜ਼ਮੀਨ ਦੀ ਬੋਲੀ ਸਿਰਫ਼ ਖ਼ਾਨਾਪੂਰਤੀ ਤੇ ਅੰਦਰਖਾਤੇ ਮਿਲੀਭੁਗਤ ਹੈ ਕਿਉਂਕਿ ਜ਼ਮੀਨ ਦੀ ਬੋਲੀ ਜਨਤਕ ਨਹੀਂ ਹੋਈ। ਇਸੇ ਨੂੰ ਲੈ ਕੇ ਦੋਹਾਂ ਧਿਰਾਂ ਵੱਲੋਂ ਇਕ-ਦੂਜੇ ’ਤੇ ਇਲਜ਼ਾਮਾਂ ਦੀ ਝੜੀ ਲਗਾਈ ਗਈ ਤੇ ਇਕ-ਦੂਜੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਪਿਛਲੇ ਕਰੀਬ ਮਹੀਨੇ ਤੋਂ ਇਹ ਵਿਵਾਦ ਇਲਾਕੇ ਵਿਚ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ 8 ਜੂਨ ਨੂੰ ਐੱਸਡੀਐੱਮ ਮੇਜਰ ਇਰਵਿਨ ਕੌਰ ਤੇ ਐੱਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਗਿੱਲ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਕਾਲਾ ਸੰਘਿਆ ਇਸ ਮਸਲੇ ਨੂੰ ਸੁਲਝਾਉਣ ਆਏ ਪਰ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਤੇ ਸੁਰਖੀਆਂ ’ਚ ਬਣੇ ਇਸ ਮਾਮਲੇ ’ਤੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਨੇ ਵੀ ਬਾਜ਼ ਅੱਖ ਰੱਖੀ ਹੋਈ ਸੀ, ਜਿਸ ਕਰਕੇ ਸਵੇਰੇ ਹੀ ਪੁਲਿਸ ਚੌਂਕੀ ਕਾਲ਼ਾ ਸੰਘਿਆ ਦੇ ਇੰਚਾਰਜ ਅਮਰਜੀਤ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਹੋਏ ਸਨ ਤੇ ਲੋਕਾਂ ਦਾ ਭਾਰੀ ਇਕੱਠ ਤੇ ਮਹੌਲ ਤਣਾਅ ਵਾਲਾ ਹੋਣ ਕਾਰਨ ਜਲਦ ਹੀ ਥਾਣਾ ਸਦਰ ਕਪੂਰਥਲਾ ਮੁਖੀ ਸਬ ਇੰਸਪੈਕਟਰ ਰਣਜੀਤ ਸਿੰਘ ਹੀਰ ਵੀ ਭਾਰੀ ਪੁਲਿਸ ਫੋਰਸ ਨਾਲ਼ ਮੌਕੇ ਤੇ ਪਹੁੰਚੇ। ਉਸ ਸਮੇਂ ਮਹੌਲ ਹੋਰ ਗਰਮਾ ਗਿਆ ਜਦੋਂ ਪੰਚਾਇਤ ਧਿਰ ਵੱਲੋਂ ਜ਼ਮੀਨ ਠੇਕੇ ’ਤੇ ਦੇਣ ਲਈ ਕਰੀਬ 7-8 ਪਰਚੀਆਂ ਪਾਈਆਂ ਤਾਂ ਕਿਸੇ ਇਕ ਵਿਅਕਤੀ ਦੀ ਪਰਚੀ ਵੀ ਕੱਢੀ ਗਈ, ਜਿਸ ਦੌਰਾਨ ਲੜਾਈ ਹੁੰਦੇ-ਹੁੰਦੇ ਐੱਸਐੱਚਓ ਰਣਜੀਤ ਸਿੰਘ ਤੇ ਚੌਂਕੀ ਇੰਚਾਰਜ ਦੀ ਸੂਝਬੂਝ ਨਾਲ਼ ਬਚਾਅ ਹੋ ਗਿਆ। ਇਸੇ ਦੌਰਾਨ ਸਿਵਲ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸੁਨੀਲ ਪ੍ਰਭਾਕਰ ਮੌਕੇ ’ਤੇ ਪੁੱਜੇ ਜਿਨ੍ਹਾਂ ਦੋਹਾਂ ਧਿਰਾਂ ਨੂੰ ਸਪੱਸ਼ਟ ਤੌਰ ’ਤੇ ਸਖ਼ਤੀ ਨਾਲ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਵਿਵਸਥਾ ਖ਼ਰਾਬ ਕਰਦਾ ਹੈ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਡੀਐੱਸਪੀ ਨਾਰਕੋਟਿਕ ਸੁਖਪਾਲ ਸਿੰਘ ਰੰਧਾਵਾ ਤੇ ਉਨ੍ਹਾਂ ਨਾਲ਼ ਥਾਣਾ ਸਿਟੀ ਕਪੂਰਥਲਾ ਦੇ ਮੁਖੀ ਇੰਸਪੈਕਟਰ ਅਮਨਦੀਪ ਨਾਹਰ ਮੌਕੇ ’ਤੇ ਆਏ। ਡੀਐੱਸਪੀ ਰੰਧਾਵਾ ਨੇ ਦੋਹਾਂ ਧਿਰਾਂ ਨੂੰ ਆਪਣੇ-ਆਪਣੇ ਸਮਰਥਕਾਂ ਨੂੰ ਮੌਕੇ ਤੋਂ ਭੇਜਣ ਲਈ ਕਿਹਾ ਤੇ ਦੋਹਾਂ ਧਿਰਾਂ ਦੇ 10-10 ਮੈਂਬਰਾਂ ਨੂੰ ਬਿਠਾਇਆ। ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡੀਐੱਸ ਪੀ ਰੰਧਾਵਾ ਨੇ ਦੋਹਾਂ ਧਿਰਾਂ ਨੂੰ ਆਪਣੀ-ਆਪਣੀ ਅਰਜ਼ੀ ਲਿਖ ਕੇ ਐੱਸਡੀਐੱਮ ਕਪੂਰਥਲਾ ਨੂੰ ਕੱਲ੍ਹ ਤੱਕ ਦੇਣ ਲਈ ਕਿਹਾ ਤੇ ਇਸ ਮਸਲੇ ਦਾ ਹੱਲ ਤਿੰਨ ਕੁ ਦਿਨਾਂ ਵਿਚ ਕੀਤਾ ਜਾਵੇਗਾ। ਇਸੇ ਦੌਰਾਨ ਡੀਐੱਸਪੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਪੁਲਿਸ ਪ੍ਰਸ਼ਾਸਨ ਤਾਇਨਾਤ ਰਹੇਗਾ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਜੇਕਰ ਕੋਈ ਧਿਰ ਵਾਧਾ ਕਰੇਗੀ ਤਾਂ ਉਸ ’ਤੇ ਸਾਨੂੰ ਮਜ਼ਬੂਰਨ ਸਖ਼ਤ ਕਾਰਵਾਈ ਕਰਨੀ ਪਵੇਗੀ।