5 ਦਿਨਾਂ ਤੋਂ ਕੰਧ ’ਤੇ ਪਿਆ ਰੁੱਖ ਹਾਦਸੇ ਦਾ ਇੰਤਜ਼ਾਰ ਕਰ ਰਿਹਾ
5 ਦਿਨਾਂ ਤੋਂ ਸਰਕਾਰੀ ਹਸਪਤਾਲ ਕਾਲ਼ਾ ਸੰਘਿਆਂ ਅੰਦਰੋਂ ਸੜਕ ਵੱਲ ਡਿੱਗਾ ਰੁੱਖ ਦੇ ਰਿਹਾ ਵੱਡੇ ਹਾਦਸੇ ਨੂੰ ਸੱਦਾ।
Publish Date: Tue, 16 Jun 2026 08:42 PM (IST)
Updated Date: Tue, 16 Jun 2026 08:45 PM (IST)

ਪੰਜਾਬੀ ਜਾਗਰਣ ਪ੍ਰਤੀਨਿਥ ਕਾਲਾ ਸੰਘਿਆ : ਕਰੀਬ ਪੰਜ ਦਿਨ ਪਹਿਲਾਂ ਆਏ ਤੇਜ਼ ਹਨੇਰੀ ਤੂਫਾਨ ਕਾਰਨ ਵੱਡੇ ਪੱਧਰ ’ਤੇ ਲੋਕਾਂ ਦਾ ਨੁਕਸਾਨ ਹੋਇਆ ਤੇ ਬਹੁਤ ਥਾਵਾਂ ’ਤੇ ਰੁੱਖ ਵੀ ਡਿੱਗੇ। ਇਸੇ ਹਨੇਰੀ ਕਾਰਨ ਸਰਕਾਰੀ ਹਸਪਤਾਲ ਕਾਲਾ ਸੰਘਿਆ ਵਿਖੇ ਲੱਗੇ ਰੁੱਖਾਂ ਚੋਂ ਇਕ ਜਲੰਧਰ ਰੋਡ ਵਾਲੇ ਪਾਸੇ ਨੂੰ ਡਿੱਗ ਪਿਆ, ਜਿਸ ਨਾਲ ਕਾਫੀ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਇਸ ਰੁੱਖ ਦੀਆਂ ਟਾਹਣੀਆਂ ਆਦਿ ਤਾਂ ਹਸਪਤਾਲ ਪ੍ਰਸ਼ਾਸਨ ਨੇ ਦੂਸਰੇ ਦਿਨ ਹੀ ਕਟਵਾ ਦਿੱਤੀਆਂ ਪਰ ਇਸ ਰੁੱਖ ਦਾ ਕਾਫ਼ੀ ਵੱਡਾ ਟਾਹਣਾ ਹਾਲੇ ਤੱਕ ਰੋਡ ਵਾਲੇ ਪਾਸੇ ਨੂੰ ਕਾਫੀ ਅੱਗੇ ਤੱਕ ਤੇ ਨੀਵਾਂ ਹੋ ਕੇ ਲਟਕ ਰਿਹਾ ਹੈ, ਜੋ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ। ਹਾਲੇ ਤੱਕ ਇਸ ਰੁੱਖ ਨੂੰ ਕਾਲ਼ਾ ਸੰਘਿਆ ਹਸਪਤਾਲ ਪ੍ਰਸ਼ਾਸਨ ਜਾਂ ਹੋਰ ਸਿਵਲ ਪ੍ਰਸ਼ਾਸਨ ਦੇ ਕਿਸੇ ਵਿਭਾਗ ਨੇ ਸੜਕ ਤੋਂ ਪਾਸੇ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ ਜਦਕਿ ਇਹ ਜਲੰਧਰ ਦਾ ਮੇਨ ਰੋਡ ਹੋਣ ਕਰਕੇ ਇਥੇ ਅਨੇਕਾਂ ਹੀ ਬੱਸਾਂ, ਗੱਡੀਆਂ ਤੇ ਵੱਡੇ ਵਾਹਨ ਵੀ ਲੰਘਦੇ ਹਨ। ਹਸਪਤਾਲ ਪ੍ਰਸ਼ਾਸਨ ਨੇ 5-6 ਦਿਨਾਂ ਤੋਂ ਸੜਕ ਵਾਲੇ ਪਾਸੇ ਡਿੱਗੇ ਇਸ ਰੁੱਖ ਨੂੰ ਚੁਕਵਾਉਣਾ ਹਾਲੇ ਤੱਕ ਜ਼ਰੂਰੀ ਨਹੀਂ ਸਮਝਿਆ। ਇਸ ਸਬੰਧੀ ਜਦੋਂ ਟੈਲੀਫੋਨ ’ਤੇ ਸਰਕਾਰੀ ਹਸਪਤਾਲ ਕਾਲ਼ਾ ਸੰਘਿਆ ਦੇ ਐੱਸਐੱਮਓ ਡਾ. ਭੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਇਸ ਰੁੱਖ ਦੀਆਂ ਟਾਹਣੀਆਂ ਆਦਿ ਕਟਵਾ ਦਿੱਤੀਆਂ ਸਨ ਪਰ ਇਹ ਰੁੱਖ ਦਾ ਵੱਡਾ ਟਾਹਣਾ ਜੋ ਸੜਕ ਵਾਲੇ ਪਾਸੇ ਨੂੰ ਹੈ, ਉਸ ਨੂੰ ਅਸੀਂ ਨਹੀਂ ਕਟਵਾਉਣਾ, ਉਸ ਨੂੰ ਕੱਟਣ ਲਈ ਜੰਗਲਾਤ ਵਿਭਾਗ ਨੂੰ 15 ਜੂਨ ਨੂੰ ਲਿਖ਼ਤੀ ਤੌਰ ’ਤੇ ਭੇਜ ਦਿੱਤਾ ਸੀ। ਹੁਣ ਉਹ ਹੀ ਇਸ ਰੁੱਖ ਨੂੰ ਕਟਵਾਉਣਗੇ। ਹਸਪਤਾਲ ਦੇ ਅੰਦਰ ਵਾਲੇ ਰੁੱਖਾਂ ’ਤੇ ਜੰਗਲਾਤ ਵਿਭਾਗ ਦਾ ਅਧਿਕਾਰ ਕਿਵੇਂ ਹੋ ਸਕਦਾ ਹੈ ਪੁੱਛੇ ਜਾਣ ’ਤੇ ਡਾ ਸਾਹਿਬ ਨੇ ਕਿਹਾ ਕਿ ਇਹ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਅੰਦਰ ਹੈ ਪਰ ਇਹ ਗੱਲ ਸਮਝੋਂ ਬਾਹਰ ਹੈ ਕਿ ਹਸਪਤਾਲ ਦੇ ਅੰਦਰ ਲੱਗੇ ਰੁੱਖ ਜੰਗਲਾਤ ਵਿਭਾਗ ਦੇ ਕਿਵੇਂ ਹੋ ਸਕਦੇ ਹਨ। ਕੀ ਕਹਿਣਾ ਹੈ ਜੰਗਲਾਤ ਵਿਭਾਗ ਦਾ ਇਸ ਸਬੰਧੀ ਜਦੋਂ ਜੰਗਲਾਤ ਵਿਭਾਗ ਦੇ ਏਰੀਆ ਇੰਚਾਰਜ ਕੰਚਨਪਰੀਤ ਨਾਲ਼ ਟੈਲੀਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਰੁੱਖ ਹਸਪਤਾਲ ਦੀ ਹੱਦ ਅੰਦਰ ਹੋਣ ਕਰਕੇ ਹਸਪਤਾਲ ਦੇ ਹੀ ਹਨ, ਜੰਗਲਾਤ ਵਿਭਾਗ ਦੇ ਨਹੀਂ, ਇਸ ਲਈ ਇਹ ਹਸਪਤਾਲ ਪ੍ਰਸ਼ਾਸਨ ਦਾ ਹੀ ਕੰਮ ਹੈ। ਉਨ੍ਹਾਂ ਕਿਹਾ ਕਿ ਵੈਸੇ ਅਸੀਂ ਹਸਪਤਾਲ ਪ੍ਰਸ਼ਾਸਨ ਦੀ ਮਦਦ ਜ਼ਰੂਰ ਕਰ ਸਕਦੇ ਹਾਂ। ਐੱਸਐੱਮਓ ਸਾਹਬ ਵੱਲੋਂ ਜੰਗਲਾਤ ਵਿਭਾਗ ਨੂੰ ਲਿਖ਼ਤੀ ਅਰਜ਼ੀ ਭੇਜੀ ਜਾਣ ਬਾਰੇ ਪੁੱਛਣ ’ਤੇ ਇੰਚਾਰਜ ਸਾਹਬ ਨੇ ਕਿਹਾ ਕਿ ਇਸ ਬਾਰੇ ਹਾਲੇ ਤੱਕ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।