ਬਿਜਲੀ ਸਪਲਾਈ ਨਾ ਮਿਲਣ ਕਾਰਨ ਇਲਾਕੇ ਦੇ ਕਿਸਾਨ ਪ੍ਰੇਸ਼ਾਨ ਮੁਕੰਮਲ ਬਿਜਲੀ ਸਪਲਾਈ ਨਾ ਮਿਲਣ ਕਾਰਨ ਇਲਾਕੇ ਵਿਚਲੇ ਕਿਸਾਨ ਪ੍ਰੇਸ਼ਾਨ
Publish Date: Tue, 30 Jun 2026 07:39 PM (IST)
Updated Date: Tue, 30 Jun 2026 07:40 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਪਾਂਸ਼ਟਾ : ਇਕ ਪਾਸੇ ਜਿਥੇ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਆਮ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੇ ਨਾਂ ਤੇ ਆਪਣੀ ਤਰਫੋਂ ਖੂਬ ਵਾਹ-ਵਾਹ ਖੱਟੇ ਜਾਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ, ਉਥੇ ਦੂਸਰੇ ਪਾਸੇ ਜ਼ਮੀਨੀ-ਹਕੀਕਤ ਨੂੰ ਦਰਸਾਉਂਦਿਆਂ ਇਲਾਕੇ ਵਿਚਲੇ ਕਿਸਾਨ ਵੀਰਾਂ ਵੱਲੋਂ ਝੋਨੇ ਦੀ ਫ਼ਸਲ ਦੀ ਸਿੰਜਾਈ ਨੂੰ ਲੈ ਕੇ ਪੇਸ਼ ਆ ਰਹੀਆਂ ਮੁਸ਼ਕਿਲਾਂ ਦੀ ਦੁਹਾਈ ਪਾਈ ਜਾ ਰਹੀ ਹੈ। ਇਲਾਕੇ ਦੇ ਕਿਸਾਨਾਂ ਵੱਲੋਂ ਪੰਜਾਬੀ ਜਾਗਰਣ ਨਾਲ ਰਾਬਤਾ ਕਾਇਮ ਕਰਦਿਆਂ ਦੱਸਿਆ ਗਿਆ ਕਿ ਬੇਸ਼ੱਕ ਸੂਬਾ ਸਰਕਾਰ ਤਰਫੋਂ ਯਕੀਨ ਦਿਵਾਉਂਦਿਆਂ ਇਹ ਕਿਹਾ ਗਿਆ ਸੀ ਕਿ ਇਸ ਵਾਰ ਝੋਨੇ ਦੀ ਫ਼ਸਲ ਦੇ ਚਲਦਿਆਂ 66ਕੇਵੀ ਮੋਟਰਾਂ ਦੀ ਬਿਜਲੀ ਸਪਲਾਈ 8 ਘੰਟੇ ਨਿਰਵਿਘਨ ਦਿੱਤੀ ਜਾਵੇਗੀ, ਪ੍ਰੰਤੂ ਅਸਲ ਸੱਚਾਈ ਇਸਦੇ ਬਿਲਕੁਲ ਹੀ ਉਲਟ ਹੈ। ਉਨ੍ਹਾਂ ਕਿਹਾ ਕਿ ਦਿਨ ਭਰ ਕੁਲ ਮਿਲਾ ਕੇ ਮਸਾਂ 6 ਕੁ ਘੰਟੇ ਜਾਂ ਇਸ ਤੋਂ ਵੀ ਘੱਟ ਹੀ ਇਹ ਸਪਲਾਈ ਮਿਲਣ ਕਾਰਨ ਉਨ੍ਹਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ। ਇਲਾਕੇ ਵਿਚਲੇ ਪਿੰਡਾਂ ਪਾਸ਼ਟਾਂ, ਨਰੂੜ, ਖਲਿਆਣ, ਮਾਈਓਪੱਟੀ, ਬਘਾਣਾ, ਸਾਹਨੀ, ਜਲਵੇੜਾ, ਰਣਧੀਰਗੜ, ਡੱਬਰੀ ਆਦਿ ਦੇ ਕਿਸਾਨਾਂ ਗੁਰਵਿੰਦਰ ਸਿੰਘ ਵਿੱਕੀ, ਮਹਿੰਦਰ ਸਿੰਘ ਪਰਮਾਰ, ਇੰਦਰਜੀਤ ਸਿੰਘ ਪਰਮਾਰ, ਬਲਵੀਰ ਸਿੰਘ ਰਾਜੂ, ਸਤਵਿੰਦਰ ਸਿੰਘ ਬਿੰਦਰ, ਗੁਰਦੀਪ ਸਿੰਘ ਪਰਮਾਰ, ਗੁਰਮੁਖ ਸਿੰਘ, ਨੀਟਾ ਪਰਮਾਰ, ਸੁੱਚਾ ਸਿੰਘ, ਤਜਿੰਦਰਪਾਲ ਸਿੰਘ, ਪੱਪੀ ਜਸਵਾਲ, ਸੰਨੀ ਪਰਮਾਰ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਟੀਟੂ, ਅਵਤਾਰ ਸਿੰਘ, ਸੁੱਖਾ ਦੁੱਗੜੀ ਆਦਿ ਨੇ ਮੁਕੰਮਲ ਬਿਜਲੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਜਲੀ ਕੱਟਾਂ ਕਾਰਨ ਉਹ ਮਹਿੰਗੇ ਭਾਅ ਦਾ ਡੀਜ਼ਲ ਖਰਚ ਕਰਕੇ ਜਿਵੇਂ-ਕਿਵੇਂ ਵੀ ਟਾਈਮ ਟਪਾਉਣ ਲਈ ਮਜਬੂਰ ਹਨ। ਇਸਦੇ ਨਾਲ ਹੀ ਉਨ੍ਹਾਂ ਸਮੂਹ ਮੁਲਾਜ਼ਮ-ਜਥੇਬੰਦੀਆ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਵੀਰਾਂ ਦੇ ਭਲੇ ਵਾਸਤੇ ਉਨ੍ਹਾਂ ਦੇ ਹਿੱਤ ਵਿਚ ਸਰਕਾਰ ਮੂਹਰੇ ਹਾਅ ਦਾ ਨਾਅਰਾ ਜ਼ਰੂਰ ਬੁਲੰਦ ਕਰਨ ਤਾਂ ਜੋ ਦੇਸ਼ ਦੇ ਅੰਨਦਾਤਾ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਆਪਣੀ ਇਸ ਸਮੱਸਿਆ ਨੂੰ ਲੈ ਕੇ ਕਿਸਾਨਾਂ ਵੱਲੋਂ ਪੰਜਾਬ ਰਾਜ ਪਾਵਰਕਾਮ ਸਬ-ਡਿਵੀਜ਼ਨ ਪਾਂਸ਼ਟਾ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਗੁਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਚਾਰ ਥਰਮਲ ਪਲਾਂਟਾਂ ਚੋ ਸਿਰਫ਼ ਦੋ ਹੀ ਚਾਲੂ ਹਾਲਤ ਵਿਚ ਹੋਣ ਕਾਰਨ ਇਹ ਸਪਲਾਈ ਨਿਰੰਤਰ ਜਾਰੀ ਰੱਖ ਪਾਉਣਾ ਅਸੰਭਵ ਸੀ, ਪ੍ਰੰਤੂ ਹੁਣ ਸਾਰੇ ਥਰਮਲ ਪਲਾਂਟ ਚਾਲੂ ਕਰ ਦਿੱਤੇ ਗਏ ਹਨ ਤੇ ਆਉਣ ਵਾਲੇ ਦਿਨਾਂ ਦੌਰਾਨ ਇਹ ਸਮੱਸਿਆ ਬਿਲਕੁਲ ਵੀ ਨਹੀਂ ਰਹੇਗੀ।