- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀੜਤ ਪਰਿਵਾਰ ਪਿੰਡ ਦੀ ਪੰਚਾਇਤ ਸਮੇਤ ਸੰਤ ਸੀਚੇਵਾਲ ਨੂੰ ਵੀਰਵਾਰ ਸਵੇਰੇ ਨਿਰਮਲ ਕੁਟੀਆ ਵਿਖੇ ਮਿਲਣ ਲਈ ਪੁੱਜਾ ਸੀ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਕਤਲ ਕਰਨ ਵਾਲੇ ਰਿਸ਼ਤੇਦਾਰ ਦੀ ਪਤਨੀ ਵੱਲੋਂ ਹੁਣ ਉਹਨਾਂ ਨੂੰ ਜਾਨੋਂ-ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬੀ ਜਾਗਰਣ ਟੀਮ, ਸੁਲਤਾਨਪੁਰ ਲੋਧੀ/ਸ਼ਾਹਕੋਟ : ਗ੍ਰੀਸ ’ਚ ਰਿਸ਼ਤੇਦਾਰ ਵੱਲੋਂ ਕਤਲ ਕੀਤੇ ਗਏ ਪਿੰਡ ਤਲਵੰਡੀ ਸੰਘੇੜਾ ਦੇ ਦੋ ਸਕੇ ਭਰਾਵਾਂ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਪੀੜਤ ਪਰਿਵਾਰ ਪਿੰਡ ਦੀ ਪੰਚਾਇਤ ਸਮੇਤ ਸੰਤ ਸੀਚੇਵਾਲ ਨੂੰ ਵੀਰਵਾਰ ਸਵੇਰੇ ਨਿਰਮਲ ਕੁਟੀਆ ਵਿਖੇ ਮਿਲਣ ਲਈ ਪੁੱਜਾ ਸੀ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੁੱਤਰਾਂ ਨੂੰ ਕਤਲ ਕਰਨ ਵਾਲੇ ਰਿਸ਼ਤੇਦਾਰ ਦੀ ਪਤਨੀ ਵੱਲੋਂ ਹੁਣ ਉਹਨਾਂ ਨੂੰ ਜਾਨੋਂ-ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਸੰਤ ਸੀਚੇਵਾਲ ਨੇ ਜਲੰਧਰ ਦੇ ਐੱਸਐੱਸਪੀ ਨੂੰ ਵੀ ਹਦਾਇਤ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦੁਆਇਆ ਜਾਵੇ। ਉਨ੍ਹਾਂ ਕਿਹਾ ਕਿ ਸਰਦ ਰੁੱਤ ਸ਼ੈਸ਼ਨ ਦੌਰਾਨ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰ ਕੇ ਵਿਦੇਸ਼ਾਂ ਵਿੱਚ ਪੰਜਾਬੀਆਂ ਦੀ ਸੁਰੱਖਿਆ ਦੇ ਗੰਭੀਰ ਮੁੱਦੇ ’ਤੇ ਕੇਂਦਰ ਸਰਕਾਰ ਦਾ ਧਿਆਨ ਕੇਂਦਰਿਤ ਕਰਨ ਦਾ ਯਤਨ ਕਰਨਗੇ। ਤਲਵੰਡੀ ਸੰਘੇੜਾ ਦੇ ਰਹਿਣ ਵਾਲੇ ਬੂਟਾ ਸਿੰਘ ਤੇ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਦੋਵੇਂ ਪੁੱਤਰ ਦਲਜੀਤ ਸਿੰਘ (29) ਤੇ ਗੁਰਵਿੰਦਰ ਸਿੰਘ (26) ਨੂੰ ਉਨ੍ਹਾਂ ਦੇ ਰਿਸ਼ਤੇਦਾਰ (ਮਾਮਾ) ਸੰਦੀਪ ਸਿੰਘ ਨੇ ਖੇਤੀਬਾੜੀ ਦੇ ਕੰਮ ਲਈ ਗ੍ਰੀਸ ਬੁਲਾਇਆ ਸੀ। ਵੱਡਾ ਪੁੱਤਰ ਦਲਜੀਤ ਸਿੰਘ ਜਨਵਰੀ 2026 ਤੇ ਛੋਟਾ ਪੁੱਤਰ ਗੁਰਵਿੰਦਰ ਸਿੰਘ ਅਪ੍ਰੈਲ 2026 ਵਿੱਚ ਗ੍ਰੀਸ ਪੁੱਜਾ ਸੀ। ਗ੍ਰੀਸ ’ਚ ਦੋਵੇਂ ਜਣੇ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ਦੇ ਕੰਮ ਤੋਂ ਉਨ੍ਹਾਂ ਦਾ ਮਾਲਕ ਵੀ ਖੁਸ਼ ਸੀ। ਉਨ੍ਹਾਂ ਦਾ ਰਿਸ਼ਤੇਦਾਰ ਸੰਦੀਪ ਸਿੰਘ ਦਲਜੀਤ ਸਿੰਘ ਤੇ ਗੁਰਵਿੰਦਰ ਸਿੰਘ ਦੀ ਮਿਹਨਤ ਤੇ ਮਾਲਕ ਵੱਲੋਂ ਉਨ੍ਹਾਂ ਦੀ ਕੀਤੀ ਜਾ ਰਹੀ ਪ੍ਰਸ਼ੰਸਾ ਕਾਰਨ ਉਨ੍ਹਾਂ ਨਾਲ ਈਰਖਾ ਕਰਨ ਲੱਗਾ ਸੀ। ਇਸੇ ਈਰਖਾ ਕਾਰਨ ਸੰਦੀਪ ਸਿੰਘ ਨੇ ਉਸ ਦੇ ਦੋਵਾਂ ਪੁੱਤਰਾਂ ਨੂੰ ਚਾਕੂ ਨਾਲ 3 ਨਵੰਬਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਦੀ ਇੱਕ ਦਿਲ ਕੰਬਾਊ ਵੀਡੀਓ ਬਣਾ ਕੇ ਉਸ ਵੱਲੋਂ ਭੇਜੀ ਗਈ ਸੀ, ਜਿਸ ਨੂੰ ਦੇਖਣ ਦਾ ਪਰਿਵਾਰ ਨੂੰ ਅੱਜ ਤੱਕ ਵੀ ਹੌਸਲਾ ਨਹੀਂ ਪਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਿਲ ਰਹੀਆਂ ਧਮਕੀਆਂ ਸਬੰਧੀ ਐੱਸਐੱਸਪੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਸੀ। ਸੰਤ ਸੀਚੇਵਾਲ ਨੇ ਕਿਹਾ ਪਰਿਵਾਰ ਦੇ ਦੋ ਨੌਜਵਾਨ ਪੁੱਤਰਾਂ ਦਾ ਕਤਲ ਬੇਹੱਦ ਦੁਖਦਾਈ ਹੈ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ।
ਪਿੰਡ ਵਾਸੀਆਂ ਨੇ ਦੀਵਾਲੀ ਮੌਕੇ ਨਹੀਂ ਜਗਾਏ ਦੀਵੇ ਤੇ ਨਾ ਹੀ ਸਜਾਇਆ ਨਗਰ ਕੀਰਤਨ
ਜ਼ਿਕਰਯੋਗ ਹੈ ਕਿ ਦੋਵਾਂ ਨੌਜਵਾਨਾਂ ਦੀ ਮੌਤ ਦੀ ਖ਼ਬਰ ਨੇ ਪੂਰੇ ਪਿੰਡ ਤਲਵੰਡੀ ਸੰਘੇੜਾ ਨੂੰ ਸੋਗ ’ਚ ਡੁਬੋ ਦਿੱਤਾ ਹੈ। ਇਸ ਕਾਰਨ ਇਸ ਵਾਰ ਪਿੰਡ ’ਚ ਨਾ ਤਾਂ ਦੀਵਾਲੀ ਮਨਾਈ ਗਈ ਤੇ ਨਾ ਹੀ ਕਿਸੇ ਘਰ ਵਿੱਚ ਦੀਵੇ ਜਗਾਏ ਗਏ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੀ ਪਿੰਡ ਵਿੱਚ ਨਗਰ ਕੀਰਤਨ ਨਹੀਂ ਸਜਾਇਆ ਗਿਆ।