ਅੱਜ ਵੀ ਗੁਰਦੁਆਰਿਆਂ ’ਚੋਂ ਗੂੰਜਦੇ ਵਾਹਿਗੁਰੂ ਦੇ ਜਾਪ ਤੇ ਪੰਛੀਆਂ ਦੀ ਚਹਿਚਹਾਟ ਨਾਲ ਚੜ੍ਹਦੀ ਹੈ ਫਗਵਾੜਾ ਦੇ ਪਿੰਡਾਂ ਦੀ ਸਵੇਰ ਅੱਜ ਵੀ 'ਗੁਰਦੁਆਰਿਆਂ ਚੌਂ ਗੂੰਜਦੇ ਵਾਹਿਗੁਰੂ ਦੇ ਜਾਪ "ਅਤੇ "ਪੰਛੀਆਂ ਦੀ ਚਹਿਕਾਹਟ "ਨਾਲ ਚੜ੍ਹਦੀ ਹੈ ਫਗਵਾੜਾ ਦੇ ਪਿੰਡਾਂ ਦੀ ਸਵੇਰ
Publish Date: Fri, 03 Jul 2026 08:23 PM (IST)
Updated Date: Fri, 03 Jul 2026 08:26 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਜਿੱਥੇ ਪੰਜਾਬ ਭਰ ਦੇ ਹੋਰਨਾਂ ਇਲਾਕਿਆਂ ਦੇ ਨਾਲ-ਨਾਲ ਫਗਵਾੜਾ ਸ਼ਹਿਰ ਅਤੇ ਇਲਾਕੇ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ, ਉੱਥੇ ਵਧਦੀ ਵਸੋਂ ਦੇ ਨਾਲ-ਨਾਲ ਪ੍ਰਦੂਸ਼ਣ ਤੇ ਸ਼ੋਰ-ਸ਼ਰਾਬੇ ਵਿੱਚ ਵੀ ਭਾਰੀ ਵਾਧਾ ਹੋਇਆ ਹੈ ਤੇ ਸ਼ਹਿਰੀ ਲੋਕ ਜਿੱਥੇ ਸਕੂਨ ਪਾਉਣ ਲਈ ਸਵੇਰੇ-ਸਵੇਰੇ ਸ਼ਹਿਰ ’ਚ ਜਗ੍ਹਾ-ਜਗ੍ਹਾ ਬਣੀਆਂ ਪਾਰਕਾਂ ਵਗੈਰਾ ਵਿੱਚ ਜਾਂਦੇ ਹਨ, ਉੱਥੇ ਜੇਕਰ ਫਗਵਾੜਾ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਫਗਵਾੜਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਅੱਜ ਵੀ ਗੁਰਦੁਆਰਿਆਂ ’ਚੋਂ ਗੂੰਜਦੇ ਵਾਹਿਗੁਰੂ ਦੇ ਜਾਪ ਅਤੇ ਪੰਛੀਆਂ ਦੀ ਚਹਿਚਹਾਟ ਨਾਲ ਲੋਕਾਂ ਦੀ ਸਵੇਰ ਚੜ੍ਹਦੀ ਹੈ। ਜ਼ਿਕਰਯੋਗ ਹੈ ਕਿ ਬਦਲ ਰਹੇ ਸਮੇਂ ਅਤੇ ਆਧੁਨਿਕ ਜੀਵਨ ਸ਼ੈਲੀ ਦੇ ਬਾਵਜੂਦ ਫਗਵਾੜਾ ਇਲਾਕੇ ਦੇ ਪਿੰਡ ਅੱਜ ਵੀ ਆਪਣੀ ਸੱਭਿਆਚਾਰਕ ਅਤੇ ਅਧਿਆਤਮਿਕ ਪਹਿਚਾਣ ਨੂੰ ਸੰਭਾਲੇ ਹੋਏ ਹਨ। ਇੱਥੋਂ ਦੀ ਸਵੇਰ ਅੱਜ ਵੀ ਗੁਰਦੁਆਰਿਆਂ ’ਚੋਂ ਗੂੰਜਦੇ ਵਾਹਿਗੁਰੂ ਦੇ ਜਾਪ, ਗੁਰਬਾਣੀ ਕੀਰਤਨ ਅਤੇ ਪੰਛੀਆਂ ਦੀ ਮਿੱਠੀ ਚਹਿਚਹਾਟ ਨਾਲ ਸ਼ੁਰੂ ਹੁੰਦੀ ਹੈ, ਜੋ ਪੂਰੇ ਮਾਹੌਲ ਨੂੰ ਸ਼ਾਂਤਮਈ ਅਤੇ ਰੂਹਾਨੀ ਬਣਾ ਦਿੰਦੀ ਹੈ। ਸਵੇਰ ਦੇ ਸਮੇਂ ਪਿੰਡਾਂ ਦੀਆਂ ਸੜਕਾਂ ’ਤੇ ਸੈਰ ਕਰਨ ਵਾਲੇ ਲੋਕਾਂ ਨੂੰ ਕੁਦਰਤ ਦੀ ਅਨੋਖੀ ਸੁੰਦਰਤਾ ਦਾ ਅਹਿਸਾਸ ਹੁੰਦਾ ਹੈ। ਰੁੱਖਾਂ ’ਤੇ ਬੈਠੇ ਪੰਛੀਆਂ ਦੀ ਚਹਿਚਹਾਟ, ਠੰਢੀ ਹਵਾ ਅਤੇ ਗੁਰਬਾਣੀ ਦੀਆਂ ਮਧੁਰ ਧੁਨਾਂ ਹਰ ਕਿਸੇ ਦੇ ਮਨ ਨੂੰ ਸਕੂਨ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਪਿੰਡਾਂ ਦਾ ਵਾਤਾਵਰਣ ਸ਼ਹਿਰਾਂ ਦੀ ਭੱਜਦੌੜ ਨਾਲੋਂ ਕਾਫ਼ੀ ਸੁਖਦਾਈ ਅਤੇ ਸਿਹਤਮੰਦ ਮੰਨਿਆ ਜਾਂਦਾ ਹੈ। ਇਲਾਕੇ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਗੁਰਬਾਣੀ ਅਤੇ ਕੁਦਰਤ ਨਾਲ ਜੁੜੀ ਇਹ ਸਵੇਰ ਮਨੁੱਖ ਨੂੰ ਦਿਨ ਭਰ ਸਕਾਰਾਤਮਕ ਊਰਜਾ ਪ੍ਰਦਾਨ ਕਰਦੀ ਹੈ। ਫਗਵਾੜਾ ਦੇ ਪਿੰਡਾਂ ਦੀ ਇਹ ਮਨਮੋਹਕ ਸਵੇਰ ਅੱਜ ਵੀ ਪੰਜਾਬ ਦੀ ਰੂਹ, ਸੱਭਿਆਚਾਰ ਅਤੇ ਅਧਿਆਤਮਿਕ ਵਿਰਾਸਤ ਦੀ ਜੀਵੰਤ ਤਸਵੀਰ ਪੇਸ਼ ਕਰਦੀ ਹੈ। ਪਰ ਇਸ ਦੇ ਮੱਦੇਨਜ਼ਰ ਜੇਕਰ ਫਗਵਾੜਾ ਦੇ ਹੋਰਨਾਂ ਪਿੰਡਾਂ ਦੇ ਨਾਲ-ਨਾਲ ਮਸ਼ਹੂਰ ਚਹੇੜੂ ਮਹੇੜੂ ਦਿਹਾਤੀ ਇਲਾਕੇ ਦੀ ਗੱਲ ਕਰੀਏ ਤਾਂ ਬੀਤੇ ਵਰ੍ਹਿਆਂ ਦੇ ਮੁਕਾਬਲੇ ਇੱਥੇ ਵਸੋਂ ਕਾਫੀ ਵਧ ਗਈ ਹੈ। ਇੱਥੇ ਇੱਕ ਸਥਾਨਕ ਯੂਨੀਵਰਸਿਟੀ ਦੇ ਸਥਾਪਤ ਹੋਣ ਤੋਂ ਬਾਅਦ ਬਹੁਤ ਸਾਰੇ ਖੇਤ-ਖਲਿਆਣ ਵਾਲਾ ਏਰੀਆ, ਬਿਲਡਿੰਗਾਂ, ਸਟੋਰਾਂ ਅਤੇ ਛੋਟੀਆਂ ਛੋਟੀਆਂ ਫੈਕਟਰੀਆਂ ਵਿੱਚ ਤਬਦੀਲ ਹੋ ਗਿਆ ਹੈ ਤੇ ਬਹੁਤ ਸਾਰੇ ਵਪਾਰਕ ਤੇ ਗੈਰ ਵਪਾਰਕ ਲੋਕ ਵੱਖੋ-ਵੱਖਰੀਆਂ ਸਟੇਟਾਂ ’ਚੋਂ ਆ ਕੇ ਇੱਥੇ ਪੱਕੇ ਤੌਰ ’ਤੇ ਵਸ ਗਏ ਹਨ। ਬੇਸ਼ੱਕ ਬਦਲਦੇ ਸਮੇਂ ਦੇ ਨਾਲ ਇਸ ਇਲਾਕੇ ਦੀ ਵੀ ਨੁਹਾਰ ਬਦਲੀ ਹੈ ਪਰ ਅੱਜ ਵੀ ਇਨ੍ਹਾਂ ਪਿੰਡਾਂ ਦੇ ਨਾਲ ਨਾਲ ਹੋਰ ਵੀ ਫਗਵਾੜਾ ਦੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦੀ ਸਵੇਰ ਗੁਰਦੁਆਰਿਆਂ ’ਚੋਂ ਗੂੰਜਦੇ ਵਾਹਿਗੁਰੂ ਦੇ ਜਾਪ ਅਤੇ ਪੰਛੀਆਂ ਦੀ ਚਹਿਚਹਾਟ ਨਾਲ ਸ਼ੁਰੂ ਹੁੰਦੀ ਹੈ ਤੇ ਖਤਮ ਵੀ।