ਸੜਕਾਂ ’ਤੇ ਮੌਤ ਬਣ ਕੇ ਘੁੰਮਦੇ ਇੰਜਣਾਂ ਵਾਲੇ ਰੇਹੜੇ ਇਲਾਕੇ ਦੀਆਂ ਸੜਕਾਂ ਤੇ ਮੌਤ ਬਣ ਕੇ ਘੁੰਮਦੇ ਹਨ "ਇੰਜਣਾਂ ਵਾਲੇ ਰੇਹੜੇ"
Publish Date: Mon, 06 Jul 2026 07:54 PM (IST)
Updated Date: Tue, 07 Jul 2026 04:03 AM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ, ਫਗਵਾੜਾ : ਭਾਵੇਂ ਪੰਜਾਬ ਭਰ ਦੇ ਕਿਸੇ ਵੀ ਇਲਾਕੇ ਚ ਝਾਤਿ ਮਾਰ ਲਓ , ਇੰਜਣਾਂ ਵਾਲੇ ਰੇਹੜੇ ਤੁਹਾਨੂੰ ਆਮ ਹੀ ਦਿਖਾਈ ਦੇਣਗੇ ਅਤੇ ਇਸੇ ਹੀ ਤਰ੍ਹਾਂ ਜੇਕਰ ਫਗਵਾੜਾ ਇਲਾਕੇ ਦੀ ਗੱਲ ਕਰੀਏ ਤਾਂ ਬਾਈਕ ਦੇ ਇੰਜਣ ਜੋੜ ਕੇ ਤਿਆਰ ਕੀਤੇ ਅਜਿਹੇ ਹੀ ਰੇਹੜੇ ਨੈਸ਼ਨਲ ਹਾਈਵੇ ਅਤੇ ਲੰਿਕ ਸੜਕਾਂ ਤੇ ਤੇਜ਼ ਰਫਤਾਰ ਮੌਤ ਬਣ ਕੇ ਘੁੰਮਦੇ ਤੁਹਾਨੂੰ ਜਗ੍ਹਾ ਜਗ੍ਹਾ ਨਜ਼ਰ ਆਉਣਗੇ ਔਰ ਹੈਰਾਨਗੀ ਵਾਲੀ ਗੱਲ ਤਾਂ ਇਹ ਹੈ ਕਿ ਨਾ ਤਾਂ ਇਨ੍ਹਾਂ ਦਾ ਕੋਈ ਕਾਗਜ਼ਾਤ ਹੁੰਦਾ ਹੈ ਤੇ ਨਾ ਹੀ ਕੋਈ ਲਾਇਸੈਂਸ ਅਤੇ ਇਨ੍ਹਾਂ ਰੇਹੜਿਆਂ ਨੂੰ ਚਲਾਉਣ ਵਾਲਿਆਂ ਵਿੱਚ ਨਾਬਾਲਗ ਪ੍ਰਵਾਸੀ ਮੁੰਡਿਆਂ ਦੀ ਵੱਡੀ ਗਿਣਤੀ ਹੈ। ਰੁਜ਼ਗਾਰ ਲਈ ਬਣਾਏ ਇਨਾਂ ਇੰਜਣ ਰੂਪੀ ਰੇਹੜਿਆਂ ਨੂੰ ਲੈ ਕਿ ਨਾਬਾਲਗ ਲੜਕੇ ਹੂੜਮੱਤ ਕਰਦੇ ਫਗਵਾੜਾ ਇਲਾਕੇ ਦੀਆਂ ਸੜਕਾਂ ਤੇ ਆਮ ਦਿਖਾਈ ਦਿੰਦੇ ਹਨ, ਜੋ ਕਿ ਹਾਦਸਿਆਂ ਦੇ ਕਾਰਨ ਵੀ ਬਣਦੇ ਹਨ। ਜ਼ਿਕਰਯੋਗ ਹੈ ਕਿ ਇਲਾਕੇ ਦੇ ਕਈ ਪਿੰਡਾਂ ਅਤੇ ਨੈਸ਼ਨਲ ਹਾਈਵੇ ਨਾਲ ਲੱਗਦੀਆਂ ਸੜਕਾਂ ਤੇ ਇਨ੍ਹਾਂ ਦਿਨਾਂ ਬਾਈਕ ਦੇ ਇੰਜਣ ਲਗਾ ਕੇ ਤਿਆਰ ਕੀਤੇ ਗਏ ਰੇਹੜਾ-ਨੁਮਾ ਵਾਹਨ ਤੇਜ਼ ਰਫ਼ਤਾਰ ਨਾਲ ਚਲਦੇ ਨਜ਼ਰ ਆ ਰਹੇ ਹਨ। ਇਹ ਵਾਹਨ ਨਾ ਸਿਰਫ਼ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਸਗੋਂ ਆਮ ਲੋਕਾਂ ਦੀ ਜਾਨ ਲਈ ਵੀ ਖ਼ਤਰਾ ਬਣਦੇ ਜਾ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਰੇਹੜੇ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ, ਰਜਿਸਟ੍ਰੇਸ਼ਨ ਜਾਂ ਲੋੜੀਂਦੇ ਮਾਪਦੰਡਾਂ ਦੇ ਹਾਈਵੇ ਅਤੇ ਮੁੱਖ ਸੜਕਾਂ ਤੇ ਦੌੜਾਏ ਜਾਂਦੇ ਹਨ। ਕਈ ਵਾਰ ਇਨ੍ਹਾਂ ਵਿੱਚ ਸਮਰੱਥਾ ਤੋਂ ਵੱਧ ਸਾਮਾਨ ਵੀ ਲੱਦਿਆ ਹੁੰਦਾ ਹੈ, ਜਿਸ ਕਾਰਨ ਵਾਹਨ ਦਾ ਸੰਤੁਲਨ ਵਿਗੜ ਸਕਦਾ ਹੈ ਅਤੇ ਕਿਸੇ ਵੀ ਸਮੇਂ ਹਾਦਸਾ ਵਾਪਰ ਸਕਦਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਵਾਹਨਾਂ ਦੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਡਰਾਈਵਿੰਗ ਕਾਰਨ ਦੋਪਹੀਆ ਵਾਹਨ ਚਾਲਕਾਂ, ਪੈਦਲ ਯਾਤਰੀਆਂ ਅਤੇ ਹੋਰ ਵਾਹਨਾਂ ਨੂੰ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਹਾਈਵੇ ਤੇ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਲੋਕਾਂ ਨੇ ਟਰੈਫ਼ਿਕ ਪੁਲਿਸ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਜਿਹੇ ਗੈਰ-ਕਾਨੂੰਨੀ ਤਰੀਕੇ ਨਾਲ ਤਿਆਰ ਕੀਤੇ ਵਾਹਨਾਂ ਦੀ ਜਾਂਚ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ ਅਤੇ ਸੜਕਾਂ ਤੇ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ।