ਸਰਕਾਰ ਦੀ ਵਾਅਦਾ ਖ਼ਿਲਾਫ਼ੀ ’ਤੇ ਭੜਕੇ ਮੁਲਾਜ਼ਮ ਤੇ ਪੈਨਸ਼ਨਰ
ਸਰਕਾਰ ਦੀ ਵਾਅਦਾ ਖਿਲਾਫੀ ਤੇ ਭੜਕੇ ਮੁਲਾਜ਼ਮ ਤੇ ਪੈਨਸ਼ਨਰ
Publish Date: Wed, 24 Jun 2026 07:40 PM (IST)
Updated Date: Wed, 24 Jun 2026 07:43 PM (IST)

ਡੀਸੀ ਦਫ਼ਤਰ ’ਚ ਦਿੱਤਾ ਧਰਨਾ ਮੱਲ੍ਹੀ\ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਕਪੂਰਥਲਾ ਦੀਆਂ ਅਲੱਗ-ਅਲੱਗ ਮੁਲਾਜ਼ਮ ਤੇ ਪੈਨਸ਼ਨਰ ਜੱਥੇਬੰਦੀਆਂ ਨੇ ਬੁੱਧਵਾਰ ਨੂੰ ਡੀਸੀ ਦਫ਼ਤਰ ਕਪੂਰਥਲਾ ਵਿੱਚ ਧਰਨਾ ਪ੍ਰਦਰਸ਼ਨ ਕਰ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਧਰਨਾ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਦੇ ਚੇਅਰਮੈਨ ਨਰਿੰਦਰ ਸਿੰਘ, ਪ੍ਰਧਾਨ ਸੰਗਤ ਰਾਮ, ਸੁਖਜਿੰਦਰ ਸਿੰਘ, ਪੀਡਬਲਿਊਡੀ ਤੋਂ ਨਿਸ਼ਾਨ ਸਿੰਘ, ਡੀਸੀ ਦਫਤਰ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ, ਪੈਨਸ਼ਨਰ ਐਸੋਸੀਏਸ਼ਨ ਦੇ ਗੁਰਦੀਪ ਸਿੰਘ, ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਪਾਲ, ਪਟਵਾਰ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਲੱਖਾਂ ਦੇ ਝੂਠੀ ਇਸ਼ਤਿਹਾਰਬਾਜ਼ੀ ਕਰਨ ਦੇ ਬਾਵਜੂਦ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਹੈ। ਝੂਠਿਆਂ ਅਤੇ ਲਾਰੇਬਾਜ਼ਾਂ ਦੀ ਇਸ ਸਰਕਾਰ ਦੇ ਕੰਨਾਂ ਨੂੰ ਖੋਲ੍ਹਣ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸੜਕਾਂ ’ਤੇ ਉਤਰਣਾ ਪੈ ਰਿਹਾ ਹੈ। ਇਸ ਸਰਕਾਰ ਨੇ ਮੁਲਾਜ਼ਮਾਂ ਦਾ ਹੱਕ ਡੀਏ ਵੀ ਰੋਕ ਕੇ ਰੱਖਿਆ ਹੋਇਆ ਹੈ। ਇੱਕ ਪਾਸੇ ਤਾਂ ਮੁੱਖ ਮੰਤਰੀ ਕਹਿ ਰਹੇ ਹਨ ਕਿ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ ਤੇ ਦੂਜੇ ਪਾਸੇ ਸਰਕਾਰ ਵਲੋਂ ਖਜ਼ਾਨਾ ਨਾ ਹੋਣ ਕਾਰਨ ਡੀਏ ਰੋਕਣ ਸਬੰਧੀ ਹਾਈ ਕੋਰਟ ਵਿੱਚ ਜਵਾਬ ਦਾਇਰ ਕੀਤੇ ਜਾ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਣਦਾ 18 ਫ਼ੀਸਦੀ ਡੀਏ ਤੁਰੰਤ ਜਾਰੀ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਹਰ ਤਰ੍ਹਾਂ ਦੇ ਕੱਚੇ, ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, 1.1.2016 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨਰਾਂ ਲਈ 2.59 ਗੁਣਾਂਕ ਲਾਗੂ ਕੀਤਾ ਜਾਵੇ, ਨਵੇਂ ਭਰਤੀ ਹੋਏ ਮੁਲਾਜ਼ਮਾਂ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕੀਤਾ ਜਾਵੇ, ਕੇਂਦਰੀ ਤਨਖਾਹ ਸਕੇਲ ਰੱਦ ਕਰ ਕੇ ਪੰਜਾਬ ਸਕੇਲ ਲਾਗੂ ਕੀਤੇ ਜਾਣ, 200 ਰੁਪਏ ਜਜੀਆ ਟੈਕਸ ਖਤਮ ਕੀਤਾ ਜਾਵੇ ਅਤੇ ਕੱਟੇ ਗਏ 37 ਭੱਤੇ ਬਹਾਲ ਕੀਤੇ ਜਾਣ। ਇਸ ਮੌਕੇ ਪੰਜਾਬ ਗੋਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ, ਜਸਵੰਤ ਵਿਰਲੀ, ਸੁਖਵਿੰਦਰ ਸਿੰਘ ਚੀਮਾ, ਵਿਨੋਦ ਕਪੂਰ, ਗੁਰਚਰਨ ਸਿੰਘ ਘੁੰਮਣ, ਲਖਵੀਰ ਸਿੰਘ, ਸੁੱਚਾ ਸਿੰਘ ਸੁਲਤਾਨਪੁਰ, ਤਰਲੋਚਨ ਸਿੰਘ, ਸੁਕੇਸ਼ ਕੁਮਾਰ ਜੋਸ਼ੀ, ਸ਼ਿਵਦੱਤ ਕਾਲੀਆ, ਮੰਗਲ ਸਿੰਘ ਭੰਡਾਲ, ਗੁਰਚਰਨ ਦਾਸ, ਪੁਲਿਸ ਪੈਨਸ਼ਨਰ ਐਸੋਸਿਏਸ਼ਨ ਦੇ ਪ੍ਰਧਾਨ ਦਲਬੀਰ ਸਿੰਘ ਖਹਿਰਾ, ਸਰੂਪ ਸਿੰਘ, ਰਾਜੇਸ਼ ਕੁਮਾਰ, ਗੁਰਨਾਮ ਸਿੰਘ, ਬਲਬੀਰ ਸਿੰਘ, ਸੁਖਜੀਤ ਸਿੰਘ, ਪੰਜਾਬ ਜੇਲ੍ਹ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਨਿਰਮਲ ਸਿੰਘ ਬਡਿਆਲ, ਸ਼ਸ਼ੀ ਪਾਲ ਸਿੰਘ, ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਮੁਹੰਮਦ ਯੂਨੁਸ ਅੰਸਾਰੀ, ਸਵਿੰਦਰ ਸਿੰਘ ਬੁਟਾਰੀ, ਕ੍ਰਿਸ਼ਨ ਕੁਮਾਰ ਗੱਟੀ ਆਦਿ ਹਾਜ਼ਰ ਸਨ।