ਫਗਵਾੜਾ ਵਾਸੀਆਂ ਨੂੰ ਪਰਿਵਾਰ ਸਮਝਦੇ ਹਨ ਡਾ. ਚੱਬੇਵਾਲ : ਕਾਲਾ ਅਠੌਲੀ
ਫਗਵਾੜਾ ਵਾਸੀਆਂ ਨੂੰ ਵੋਟ ਬੈਂਕ ਨਹੀਂ ਪਰਿਵਾਰ ਸਮਝਦੇ ਹਨ ਡਾ. ਰਾਜਕੁਮਾਰ ਚੱਬੇਵਾਲ - ਕਾਲਾ ਅਠੌਲੀ
Publish Date: Sun, 21 Jun 2026 09:02 PM (IST)
Updated Date: Sun, 21 Jun 2026 09:03 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਜਦੋਂ ਤੋਂ ਡਾ. ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਨੂੰ ਫਗਵਾੜਾ ਵਿਧਾਨਸਭਾ ਹਲਕੇ ਦਾ ਇੰਚਾਰਜ ਬਣਾਇਆ ਹੈ, ਹਲਕੇ ਦੀਆਂ ਪੰਚਾਇਤਾਂ ਵਿਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਹੁਣ ਹਰੇਕ ਪਿੰਡ ਦੀ ਪੰਚਾਇਤ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਪੂਰਾ ਮਾਣ-ਸਤਿਕਾਰ ਮਿਲ ਰਿਹਾ ਹੈ ਤੇ ਪਾਰਟੀ ਦੇ ਸਮੂਹ ਆਗੂ ਤੇ ਵਰਕਰ ਗੁਟਬੰਦੀ ਤੋਂ ਉੱਪਰ ਉੱਠ ਕੇ ਇਕ ਮੰਚ ’ਤੇ ਖੜ੍ਹੇ ਹੋ ਗਏ ਹਨ, ਜਿਸ ਨਾਲ ਵਿਰੋਧੀਆਂ ਦੇ ਹੋਸ਼ ਫਾਖ਼ਤਾ ਹਨ ਕਿਉਂਕਿ ਅਗਲੀਆਂ ਵਿਧਾਨਸਭਾ ਚੋਣਾਂ ‘ਚ ਫਗਵਾੜਾ ਵਿਧਾਨਸਭਾ ਸੀਟ ‘ਤੇ ਆਪ ਪਾਰਟੀ ਦੀ ਜਿੱਤ 100 ਫੀਸਦੀ ਯਕੀਨੀ ਹੋ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਚਾਇਤ ਯੂਨੀਅਨ ਫਗਵਾੜਾ ਦੇ ਪ੍ਰਧਾਨ ਨਰਿੰਦਰ ਸਿੰਘ ਸਰਪੰਚ ਮਾਧੋਪੁਰ ਤੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਨੇ ਕੀਤਾ। ਉਨ੍ਹਾਂ ਕਿਹਾ ਕਿ ਡਾ. ਰਾਜਕੁਮਾਰ ਚੱਬੇਵਾਲ ਨੇ ਹਲਕੇ ਦੀ ਕਮਾਨ ਸੰਭਾਲਣ ਤੋਂ ਬਾਅਦ ਪਿੰਡ ਪੱਧਰ ‘ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਤੇ ਉਨ੍ਹਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਹਨ। ਉਹ ਫਗਵਾੜਾ ਵਾਸੀਆਂ ਨੂੰ ਸਿਰਫ਼ ਵੋਟ ਬੈਂਕ ਨਹੀਂ, ਸਗੋਂ ਆਪਣੇ ਪਰਿਵਾਰ ਦਾ ਹਿੱਸਾ ਸਮਝਦੇ ਹਨ ਤੇ ਇਸੇ ਭਾਵਨਾ ਨਾਲ ਹਰ ਵਰਗ ਦੇ ਲੋਕਾਂ ਨਾਲ ਜੁੜ ਕੇ ਕੰਮ ਕਰ ਰਹੇ ਹਨ। ਕੁਲਵਿੰਦਰ ਸਿੰਘ ਕਾਲਾ ਅਠੌਲੀ ਨੇ ਕਿਹਾ ਕਿ ਪਹਿਲੀ ਵਾਰ ਪੰਚਾਇਤਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਸੁਣਿਆ ਤੇ ਸਨਮਾਨ ਦਿੱਤਾ ਜਾ ਰਿਹਾ ਹੈ। ਡਾ. ਚੱਬੇਵਾਲ ਦੇ ਦਫ਼ਤਰ ਦੇ ਦਰਵਾਜ਼ੇ ਹਰ ਸਮੇਂ ਆਮ ਲੋਕਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਲਈ ਖੁੱਲ੍ਹੇ ਰਹਿੰਦੇ ਹਨ, ਜਿਸ ਨਾਲ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਨਰਿੰਦਰ ਸਿੰਘ ਮਾਧੋਪੁਰੀ ਨੇ ਕਿਹਾ ਕਿ ਹਲਕੇ ਦੇ ਸਰਪੰਚਾਂ ਤੇ ਪੰਚਾਂ ਨੂੰ ਜੋ ਸਤਿਕਾਰ ਤੇ ਤਰਜੀਹ ਇਸ ਵੇਲੇ ਮਿਲ ਰਹੀ ਹੈ, ਉਹ ਪਹਿਲਾਂ ਕਦੇ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੇ ਡਾ. ਰਾਜਕੁਮਾਰ ਚੱਬੇਵਾਲ ਦੀ ਸਰਗਰਮ ਅਗਵਾਈ ਕਾਰਨ ਫਗਵਾੜਾ ਹਲਕੇ ਵਿਚ ਵਿਕਾਸ ਦੀ ਨਵੀਂ ਰਫ਼ਤਾਰ ਦੇਖਣ ਨੂੰ ਮਿਲ ਰਹੀ ਹੈ, ਜਿਸ ਦਾ ਲਾਭ ਹਰ ਵਰਗ ਦੇ ਲੋਕਾਂ ਨੂੰ ਮਿਲ ਰਿਹਾ ਹੈ।