- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਕਮਿਸ਼ਨਰ ਵੱਲੋਂ ਡਰੇਨਾਂ ਦੀ ਸਾਫ਼-ਸਫ਼ਾਈ ਦੇ ਕੰਮਾਂ ਦੀ ਸਮੀਖਿਆ

- ਮੌਨਸੂਨ ਦੀ ਤਿਆਰੀ ਵਿੱਚ ਕੋਈ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਨਾਲਿਆਂ ਦੀ ਜਾਂਚ ਦੇ ਨਾਲ-ਨਾਲ ਮੁਕੰਮਲ ਸਫ਼ਾਈ ਦੇ ਆਖਰੀ ਪੜਾਅ ਵਿੱਚ ਚੱਲ ਰਹੇ ਕੰਮਾਂ ਦੀਆਂ ਪ੍ਰਗਤੀ ਰਿਪੋਰਟਾਂ ਜਮ੍ਹਾਂ ਕਰਵਾਉਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਝ ਡਰੇਨੇਜ ਕੰਮ ਮੁਕੰਮਲ ਹੋ ਚੁੱਕੇ ਹਨ, ਜਦੋਂਕਿ ਬਾਕੀ ਪ੍ਰਾਜੈਕਟ ਆਖਰੀ ਪੜਾਅ ਵਿੱਚ ਹਨ ਅਤੇ 30 ਜੂਨ ਦੀ ਸਮਾਂ-ਸੀਮਾ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮਾਨਸੂਨ ਦੀ ਆਮਦ ਤੋਂ ਪਹਿਲਾਂ ਗਾਰ ਕੱਢਣ ਅਤੇ ਰੱਖ-ਰਖਾਅ ਦੇ ਕੰਮ 100 ਫ਼ੀਸਦੀ ਮੁਕੰਮਲ ਕੀਤੇ ਜਾਣ । ਉਨ੍ਹਾਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਰਾਏਪੁਰ ਪੀਰਬਖਸ਼ ਡਰੇਨ (ਆਰਡੀ 0-37000), ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਕਾਲਾ ਸੰਘਿਆਂ ਡਰੇਨ (ਆਰਡੀ 37000-104000) ਅਤੇ ਕਪੂਰਥਲਾ ਜ਼ਿਲ੍ਹੇ ਵਿੱਚ ਫਗਵਾੜਾ ਸਲੇਜ ਡਰੇਨ (ਆਰਡੀ 0-34000) ਦੀ ਸਫ਼ਾਈ ਅਤੇ ਗਾਰ ਕੱਢਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ।
ਇਸ ਦੌਰਾਨ ਜ਼ਿਲ੍ਹੇ ਭਰ ਦੀਆਂ ਹੋਰ ਮੁੱਖ ਡਰੇਨਾਂ ਜਿਵੇਂ ਕਿ ਪੂਰਬੀ ਬੇਂਈ, ਪੱਛਮੀ ਬੇਂਈ, ਖਲਵਾੜਾ ਬਾਹੂਆ ਡਰੇਨ ਦਾ ਲਗਭਗ 80-90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਬਾਕੀ ਰਹਿੰਦੇ ਕੰਮ, ਜਿਨ੍ਹਾਂ ਵਿੱਚ ਵੱਖ-ਵੱਖ ਹਿੱਸਿਆਂ ਅਤੇ ਪੁਲਾਂ ਦੇ ਸਥਾਨਾਂ ਤੋਂ ਭਲ, ਜੰਗਲੀ ਘਾਹ-ਫੂਸ ਅਤੇ ਜੰਮੀ ਹੋਈ ਮਿੱਟੀ ਨੂੰ ਹਟਾਉਣਾ ਸ਼ਾਮਲ ਹੈ, ਤੇਜ਼ੀ ਨਾਲ ਚੱਲ ਰਹੇ ਹਨ ਅਤੇ ਨਿਰਧਾਰਤ ਸਮੇਂ ਦੇ ਅੰਦਰ ਪੂਰੇ ਕਰ ਲਏ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕੱਢੇ ਗਏ ਸਰਕੰਡੇ, ਨਦੀਨਾਂ, ਜੰਗਲੀ ਬਨਸਪਤੀ, ਜਾਲਾ, ਬੂਟੀ ਅਤੇ ਜਲਕੁੰਭੀ ਦਾ ਯੋਗ ਨਿਪਟਾਰਾ ਯਕੀਨੀ ਬਣਾਇਆ ਜਾਵੇ ਤਾਂ ਜੋ ਬਾਰਸ਼ ਦੌਰਾਨ ਇਹ ਕੂੜਾ ਮੁੜ ਡਰੇਨਾਂ ਵਿੱਚ ਨਾ ਵਹਿ ਜਾਵੇ। ਡਿਪਟੀ ਕਮਿਸ਼ਨਰ ਆਕਾਸ਼ ਬੰਸਲ ਨੇ ਚੇਤਾਵਨੀ ਦਿੱਤੀ ਕਿ ਸਫ਼ਾਈ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਵਸਨੀਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੁਹਰਾਇਆ ਕਿ ਮਾਨਸੂਨ ਦੌਰਾਨ ਹੜ੍ਹਾਂ ਦੀ ਰੋਕਥਾਮ ਅਤੇ ਜਨਤਕ ਸੁਰੱਖਿਆ ਲਈ ਪ੍ਰਭਾਵਸ਼ਾਲੀ ਡਰੇਨੇਜ ਪ੍ਰਬੰਧਨ ਜ਼ਰੂਰੀ ਹੈ ਅਤੇ ਜ਼ਿਲ੍ਹੇ ਭਰ ਵਿੱਚ ਸੰਵੇਦਨਸ਼ੀਲ ਥਾਵਾਂ ਦੀ ਲਗਾਤਾਰ ਨਿਗਰਾਨੀ ਦੀ ਲੋੜ 'ਤੇ ਜ਼ੋਰ ਦਿੱਤਾ।