ਕਪੂਰਥਲਾ ਨਗਰ ਨਿਗਮ ’ਚ ਲੋਕਤੰਤਰ ਦਾ ਗਲਾ ਘੁੱਟ ਕੇ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ : ਰਾਣਾ ਗੁਰਜੀਤ ਸਿੰਘ ਕਾਂਗਰਸ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ : ਰਾਣਾ ਗੁਰਜੀਤ ਸਿੰਘ
Publish Date: Wed, 08 Jul 2026 07:59 PM (IST)
Updated Date: Wed, 08 Jul 2026 08:00 PM (IST)
26 ਕਾਂਗਰਸੀ ਕੌਂਸਲਰਾਂ ਤੇ ਵਿਧਾਇਕ ਦੀ ਵੋਟ ਸਣੇ 27 ਵੋਟਾਂ ਦਾ ਬਹੁਮਤ ਹੋਣ ਦੇ ਬਾਵਜੂਦ ਬਿਨਾਂ ਵੋਟਿੰਗ ਕਰਵਾਏ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਐਲਾਨਿਆ ਗੁਰਵਿੰਦਰ ਕੌਰਸ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਨਗਰ ਨਿਗਮ ਕਪੂਰਥਲਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਨੂੰ ਲੋਕਤੰਤਰ ਦਾ ਕਾਲਾ ਦਿਨ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਦਬਾਅ ਹੇਠ ਪ੍ਰਸ਼ਾਸਨ ਨੇ ਕਪੂਰਥਲਾ ਦੀ ਜਨਤਾ ਵੱਲੋਂ ਦਿੱਤੇ ਗਏ ਸਪੱਸ਼ਟ ਜਨਮਤ ਦਾ ਸ਼ਰੇਆਮ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕਪੂਰਥਲਾ ’ਚ ਕੁੱਲ 50 ਕੌਂਸਲਰ ਹਨ। ਇਨ੍ਹਾਂ ਵਿੱਚੋਂ ਕਾਂਗਰਸ ਪਾਰਟੀ ਦੇ 31 ਉਮੀਦਵਾਰ, ਆਮ ਆਦਮੀ ਪਾਰਟੀ ਦੇ 11, ਭਾਰਤੀ ਜਨਤਾ ਪਾਰਟੀ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ 2 ਆਜ਼ਾਦ ਉਮੀਦਵਾਰ ਚੁਣ ਕੇ ਆਏ ਸਨ। ਉਨ੍ਹਾਂ ਕਿਹਾ ਕਿ ਬਾਅਦ ’ਚ ਕਾਂਗਰਸ ਦੇ 6 ਕੌਂਸਲਰ ਬਾਗ਼ੀ ਹੋ ਗਏ। ਇਸ ਦੇ ਬਾਵਜੂਦ ਕਾਂਗਰਸ ਕੋਲ 26 ਕੌਂਸਲਰ ਮੌਜੂਦ ਸਨ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ 11, ਭਾਜਪਾ ਦੇ 3, ਅਕਾਲੀ ਦਲ ਦੇ 3, ਇੱਕ ਆਜ਼ਾਦ ਕੌਂਸਲਰ ਅਤੇ ਕਾਂਗਰਸ ਦੇ 6 ਬਾਗ਼ੀ ਕੌਂਸਲਰਾਂ ਨੂੰ ਮਿਲਾ ਕੇ ਵਿਰੋਧੀ ਧਿਰ ਕੋਲ 24 ਕੌਂਸਲਰ ਸਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੇ 26 ਕੌਂਸਲਰਾਂ ਦੇ ਨਾਲ ਵਿਧਾਇਕ ਦੀ ਇਕ ਵੋਟ ਮਿਲਾ ਕੇ ਕੁੱਲ 27 ਵੋਟਾਂ ਬਣਦੀਆਂ ਸਨ, ਜੋ ਕਿ ਸਪੱਸ਼ਟ ਬਹੁਮਤ ਸੀ। ਇਸ ਦੇ ਬਾਵਜੂਦ ਨਗਰ ਨਿਗਮ ਕਪੂਰਥਲਾ ਦੀ ਕਮਿਸ਼ਨਰ ਅਤੇ ਕਮਿਸ਼ਨਰ, ਜਲੰਧਰ ਡਵੀਜ਼ਨ ਵੱਲੋਂ ਕਾਨੂੰਨੀ ਅਤੇ ਲੋਕਤੰਤਰੀ ਪ੍ਰਕਿਰਿਆ ਨੂੰ ਅਣਡਿੱਠਾ ਕਰਦਿਆਂ ਵੋਟਿੰਗ ਕਰਵਾਏ ਬਿਨਾਂ ਹੀ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਐਲਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਕਾਂਗਰਸ ਦੇ 26 ਕੌਂਸਲਰਾਂ ਅਤੇ ਵਿਧਾਇਕ ਸਮੇਤ ਕੁੱਲ 27 ਮੈਂਬਰਾਂ ਨੂੰ ਆਪਣਾ ਵੋਟ ਦਾ ਸੰਵਿਧਾਨਕ ਅਤੇ ਲੋਕਤੰਤਰੀ ਅਧਿਕਾਰ ਵਰਤਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਜਦੋਂ ਕਾਂਗਰਸ ਕੋਲ ਸਪੱਸ਼ਟ ਬਹੁਮਤ ਸੀ ਤਾਂ ਵੋਟਿੰਗ ਕਰਵਾਉਣ ਦੀ ਬਜਾਏ ਨਤੀਜਾ ਐਲਾਨ ਦੇਣਾ ਲੋਕਤੰਤਰ ਅਤੇ ਸੰਵਿਧਾਨ ਦੀ ਭਾਵਨਾ ਦਾ ਘੋਰ ਉਲੰਘਣਾ ਹੈ। ਰਾਣਾ ਗੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਕਪੂਰਥਲਾ ਦੀ ਕਮਿਸ਼ਨਰ ਅਤੇ ਕਮਿਸ਼ਨਰ, ਜਲੰਧਰ ਡਵੀਜ਼ਨ ਨੇ ਖੁੱਲ੍ਹੇਆਮ ਪੱਖਪਾਤੀ ਰਵੱਈਆ ਅਪਣਾਉਂਦਿਆਂ ਲੋਕਤੰਤਰੀ ਪ੍ਰਕਿਰਿਆ ਦਾ ਗਲਾ ਘੁੱਟਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਾਂਗਰਸ ਪਾਰਟੀ ਨਾਲ ਨਹੀਂ, ਸਗੋਂ ਕਪੂਰਥਲਾ ਦੀ ਜਨਤਾ ਦੇ ਫ਼ਤਵੇ ਨਾਲ ਵੀ ਧੋਖਾ ਹੈ। ਉਨ੍ਹਾਂ ਕਿਹਾ ਕਿ ਇਸ ਗੈਰ-ਲੋਕਤੰਤਰੀ ਅਤੇ ਕਥਿਤ ਗੈਰ-ਕਾਨੂੰਨੀ ਕਾਰਵਾਈ ਨੂੰ ਪੰਜਾਬ ਅਤੇ ਦੇਸ਼ ਦੀਆਂ ਸਮੂਹ ਸੰਵਿਧਾਨਕ ਅਤੇ ਨਿਆਂਇਕ ਸੰਸਥਾਵਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਲਈ ਵੀ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਪੂਰਥਲਾ ਦੀ ਜਨਤਾ ਦੇ ਫ਼ਤਵੇ ਦੀ ਰੱਖਿਆ ਲਈ ਹਰ ਸੰਵਿਧਾਨਕ, ਕਾਨੂੰਨੀ ਅਤੇ ਲੋਕਤੰਤਰੀ ਲੜਾਈ ਲੜੇਗੀ ਅਤੇ ਕਿਸੇ ਵੀ ਕੀਮਤ ’ਤੇ ਲੋਕਤੰਤਰ ਦਾ ਕਤਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਜਦੋਂ ਨਗਰ ਨਿਗਮ ਕਪੂਰਥਲਾ ਕਮਿਸ਼ਨਰ ਮੈਡਮ ਅਨੁਪਮ ਕਲੇਰ ਨਾਲ ਫ਼ੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ।