ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੋਈ ਨਵੀਂ ਨਹੀਂ : ਜੀਤੀ/ਘੁੰਮਣ
ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ: ਏ.ਡੀ.ਸੀ. ਨੂੰ ਡੀ.ਸੀ. ਵਰਗੇ ਅਧਿਕਾਰ ਦੇਣਾ ਹੱਲ ਜਾਂ ਸਿਰਫ਼ ਚੋਣੀ ਐਲਾਨ?ਜੀਤੀ
Publish Date: Fri, 19 Jun 2026 09:14 PM (IST)
Updated Date: Sat, 20 Jun 2026 04:12 AM (IST)

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਏਡੀਸੀ ਨੂੰ ਡੀਸੀ ਵਰਗੇ ਕੁਝ ਪ੍ਰਸ਼ਾਸਨਿਕ ਅਧਿਕਾਰ ਦੇਣ ਦੀ ਗੱਲ ਨੂੰ ਸਰਕਾਰ ਇੱਕ ਵੱਡੇ ਪ੍ਰਸ਼ਾਸਨਿਕ ਸੁਧਾਰ ਵਜੋਂ ਪੇਸ਼ ਕਰ ਰਹੀ ਹੈ ਪਰ ਫਗਵਾੜਾ ਦੇ ਲੋਕਾਂ ਦੇ ਮਨ ’ਚ ਇੱਕ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕੀ ਇਹ ਕਦਮ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਦਾ ਬਦਲ ਹੈ ਜਾਂ ਫਿਰ ਸਿਰਫ਼ ਇੱਕ ਚੋਣੀ ਸੰਦੇਸ਼? ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਯੂਥ ਪ੍ਰਧਾਨ ਰਣਜੀਤ ਸਿੰਘ ਜੀਤੀ ਖੇੜਾ ਤੇ ਵਪਾਰ ਵਿੰਗ ਦੇ ਦਿਹਾਤੀ ਹਲਕਾ ਪ੍ਰਧਾਨ ਜਸਵਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਫਗਵਾੜਾ ਪੰਜਾਬ ਦਾ ਇੱਕ ਅਹਿਮ ਉਦਯੋਗਿਕ, ਵਪਾਰਕ ਤੇ ਸਿੱਖਿਆ ਕੇਂਦਰ ਹੈ। ਇੱਥੋਂ ਸਰਕਾਰ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਮਾਲੀਆ ਮਿਲਦਾ ਹੈ। ਸ਼ਹਿਰ ਦੀ ਵਧਦੀ ਆਬਾਦੀ, ਉਦਯੋਗਿਕ ਵਿਸਥਾਰ ਤੇ ਭੂਗੋਲਿਕ ਮਹੱਤਤਾ ਨੂੰ ਦੇਖਦੇ ਹੋਏ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੋਈ ਨਵੀਂ ਨਹੀਂ ਸਗੋਂ ਕਈ ਦਹਾਕਿਆਂ ਪੁਰਾਣੀ ਹੈ, ਜੇਕਰ ਏਡੀਸੀ ਨੂੰ ਕੁਝ ਵਾਧੂ ਅਧਿਕਾਰ ਦੇ ਦਿੱਤੇ ਜਾਣ ਤਾਂ ਕੀ ਫਗਵਾੜਾ ਦੇ ਲੋਕਾਂ ਨੂੰ ਜ਼ਿਲ੍ਹੇ ਵਾਲੀਆਂ ਸਾਰੀਆਂ ਸਹੂਲਤਾਂ ਮਿਲ ਜਾਣਗੀਆਂ? ਕੀ ਇੱਥੇ ਪੂਰਾ ਡਿਪਟੀ ਕਮਿਸ਼ਨਰ ਦਫ਼ਤਰ, ਜ਼ਿਲ੍ਹਾ ਪੱਧਰੀ ਵਿਭਾਗ, ਅਦਾਲਤਾਂ ਤੇ ਹੋਰ ਪ੍ਰਸ਼ਾਸਨਿਕ ਢਾਂਚਾ ਸਥਾਪਿਤ ਹੋ ਜਾਵੇਗਾ? ਜੇ ਨਹੀਂ ਤਾਂ ਫਿਰ ਲੋਕਾਂ ਦੀ ਅਸਲ ਮੰਗ ਅਜੇ ਵੀ ਅਧੂਰੀ ਹੀ ਰਹਿੰਦੀ ਹੈ। ਘੁੰਮਣ ਤੇ ਜੀਤੀ ਖੇੜਾ ਨੇ ਕਿਹਾ ਕਿ ਸਵਾਲ ਇਹ ਵੀ ਹੈ ਕਿ ਚੋਣਾਂ ਦੇ ਨੇੜੇ ਆਉਂਦੇ ਸਮੇਂ ਹੀ ਅਜਿਹੇ ਐਲਾਨ ਕਿਉਂ ਸੁਣਨ ਨੂੰ ਮਿਲਦੇ ਹਨ? ਫਗਵਾੜਾ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਸਰਕਾਰ ਕੋਲ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਲਈ ਕੋਈ ਸਪੱਸ਼ਟ ਰੋਡਮੈਪ ਹੈ ਜਾਂ ਨਹੀਂ। ਜੇ ਹੈ ਤਾਂ ਉਸ ਦੀ ਸਮਾਂ-ਸੀਮਾ ਕੀ ਹੈ? ਜੇ ਨਹੀਂ, ਤਾਂ ਲੋਕਾਂ ਨੂੰ ਸਾਫ਼-ਸਾਫ਼ ਦੱਸਿਆ ਜਾਣਾ ਚਾਹੀਦਾ ਹੈ। ਦਿਲਚਸਪ ਗੱਲ ਇਹ ਹੈ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੇ ਮੁੱਦੇ ’ਤੇ ਆਪ ਆਗੂਆਂ ਦੀ ਆਵਾਜ਼ ਮੰਦ ਪੈ ਜਾਂਦੀ ਹੈ। ਇਸ ਮੰਗ ਨੂੰ ਲੈ ਕੇ ਲਗਾਤਾਰ ਫਗਵਾੜਾ ਵਾਸੀ ਆਪ ਆਗੂਆਂ ਤੋਂ ਮੰਗ ਕਰ ਰਹੇ ਹਨ ਪਰ ਇਸ ਦਾ ਕੋਈ ਹੱਲ ਹੋਣ ਵਾਲਾ ਜਾਪਦਾ ਨਹੀ। ਨਤੀਜੇ ਵਜੋਂ ਇਹ ਮੁੱਦਾ ਹਰ ਚੋਣ ’ਚ ਚਰਚਾ ਦਾ ਵਿਸ਼ਾ ਤਾਂ ਬਣਦਾ ਹੈ ਪਰ ਹੱਲ ਤੱਕ ਨਹੀਂ ਪਹੁੰਚਦਾ। ਜੀਤੀ ਖੇੜਾ ਤੇ ਘੁੰਮਣ ਨੇ ਕਿਹਾ ਕਿ ਫਗਵਾੜਾ ਦੇ ਲੋਕਾਂ ਨੂੰ ਹੁਣ ਸਿਰਫ਼ ਐਲਾਨਾਂ ਨਹੀਂ ਸਗੋਂ ਠੋਸ ਫੈਸਲਿਆਂ ਦੀ ਉਡੀਕ ਹੈ। ਜੇ ਏ.ਡੀ.ਸੀ. ਨੂੰ ਅਧਿਕਾਰ ਦੇਣਾ ਲੋਕਾਂ ਦੀਆਂ ਮੁਸ਼ਕਲਾਂ ਘਟਾਉਂਦਾ ਹੈ ਤਾਂ ਇਹ ਸਵਾਗਤਯੋਗ ਕਦਮ ਹੈ, ਪਰ ਇਸ ਨੂੰ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਦਾ ਬਦਲ ਨਹੀਂ ਮੰਨਿਆ ਜਾ ਸਕਦਾ। ਫਗਵਾੜਾ ਅੱਜ ਇੱਕ ਸਪੱਸ਼ਟ ਜਵਾਬ ਮੰਗ ਰਿਹਾ ਹੈ ਕੀ ਇਸ ਸ਼ਹਿਰ ਨੂੰ ਉਸ ਦੀ ਆਰਥਿਕ, ਉਦਯੋਗਿਕ ਤੇ ਸਮਾਜਿਕ ਮਹੱਤਤਾ ਅਨੁਸਾਰ ਜ਼ਿਲ੍ਹੇ ਦਾ ਦਰਜਾ ਮਿਲੇਗਾ ਜਾਂ ਫਿਰ ਇਹ ਮੁੱਦਾ ਹਰ ਚੋਣ ’ਚ ਵਾਅਦਿਆਂ ਤੇ ਐਲਾਨਾਂ ਤੱਕ ਹੀ ਸੀਮਤ ਰਹੇਗਾ? ਫੈਸਲਾ ਆਪ ਸਰਕਾਰ ਨੇ ਕਰਨਾ ਹੈ ਪਰ ਸਵਾਲ ਫਗਵਾੜਾ ਦੇ ਲੋਕ ਪੁੱਛ ਰਹੇ ਹਨ ਤੇ ਇਹ ਸਵਾਲ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤੀ ਨਾਲ ਗੂੰਜ ਰਿਹਾ ਹੈ, ਜਿਸ ਦਾ ਹੱਲ 2027 ਵਿਧਾਨ ਸਭਾ ਚੋਣਾ ਜਿਤਣ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਵਿਚ ਹੀ ਹੋ ਸਕੇਗਾ। ਵਾਅਦਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਮੁੱਕਰ ਗਏ ਹਨ।