ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ 9 ਜੁਲਾਈ ਤੋਂ ਕਲਮਛੋੜ/ਕੰਪਿਊਟਰ ਬੰਦ ਹੜਤਾਲ ਦਾ ਐਲਾਨ ਡੀ.ਸੀ. ਦਫਤਰਾਂ ਦੇ ਕਰਮਚਾਰੀਆਂ ਵੱਲੋਂ 9 ਜੁਲਾਈ ਤੋਂ ਕਲਮਛੋੜ/ਕੰਪਿਊਟਰ ਬੰਦ ਹੜਤਾਲ ਦਾ ਐਲਾਨ
Publish Date: Sat, 04 Jul 2026 09:08 PM (IST)
Updated Date: Sat, 04 Jul 2026 09:11 PM (IST)
ਡੀਸੀ ਦਫਤਰਾਂ ਦੇ ਕਾਮੇ 9 ਜੁਲਾਈ ਤੋਂ ਕੰਮ ਬੰਦ ਕਰ ਕੇ ਕਰਨਗੇ ਸਰਕਾਰ ਦਾ ਪਿੱਟ ਸਿਆਪਾ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਕਾਮਿਆਂ ਨੇ ਮੰਗਾਂ ਪੂਰੀਆਂ ਨਾਂ ਹੋਣ ’ਤੇ ਫੜਿਆ ਸੰਘਰਸ਼ ਦਾ ਰਸਤਾ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਇੱਕ ਸੂਬਾ ਪੱਧਰੀ ਮੀਟਿੰਗ ਅੱਜ ਮੋਗਾ ਵਿਖੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਤੇ ਸੂਬਾ ਸਕੱਤਰ ਨਰਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਹੋਈ। ਇਸ ਮੀਟਿੰਗ ਵਿੱਚ ਪੰਜਾਬ ਭਰ ਦੇ ਸੂਬਾ ਆਗੂਆਂ ਦੇ ਨਾਲ-ਨਾਲ ਜ਼ਿਲ੍ਹਾ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਹਿੱਸਾ ਲਿਆ। ਇਸ ਮੌਕੇ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਨੇ ਦੱਸਿਆ ਕਿ ਡੀਸੀ ਦਫ਼ਤਰਾਂ ਵਿੱਚ ਸੀਨੀਅਰ ਸਹਾਇਕ ਦਾ ਪ੍ਰਮੋਸ਼ਨ ਕੋਟਾ 100 ਫ਼ੀਸਦੀ ਕਰਨਾ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਪ੍ਰਮੋਸ਼ਨ ਰਾਹੀਂ ਭਰਨਾ, ਸੁਪਰਡੈਂਟ ਗ੍ਰੇਡ-2 (ਮਾਲ ਤੇ ਰਿਕਾਰਡ) ਤੋਂ ਤਹਿਸੀਲਦਾਰ ਤਰੱਕੀ ਲਈ ਤਜਰਬਾ ਘਟਾ ਕੇ 2 ਸਾਲ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪ੍ਰਮੋਸ਼ਨ ਲਈ ਕੋਟਾ ਵਧਾ ਕੇ 25 ਫ਼ੀਸਦੀ ਕਰਨਾ, ਸੁਪਰਡੈਂਟ ਗ੍ਰੇਡ-2 (ਮਾਲ ਤੇ ਰਿਕਾਰਡ) ਤੋਂ ਤਹਿਸੀਲਦਾਰ ਤਰੱਕੀ ਲਈ ਪਹੁੰਚੇ ਪੈਨਲ ਅਨੁਸਾਰ ਤਰੱਕੀਆਂ ਕਰਨਾ, ਤਹਿਸੀਲਾਂ ਵਿੱਚ ਸੁਪਰਡੈਂਟ (ਮਾਲ ਤੇ ਰਿਕਾਰਡ) ਅਸਾਮੀ ਦੀ ਰਚਨਾ ਕਰਨਾ, ਜ਼ਿਲ੍ਹਾ ਮਾਲ ਅਫਸਰਾਂ ਦੀਆਂ ਅਦਾਲਤਾਂ ਵਿੱਚ ਰੀਡਰ ਦੀ ਪੋਸਟ ਸੀਨੀਅਰ ਸਹਾਇਕ ਦੀ ਕਰਨਾ ਅਤੇ ਨਾਲ ਇੱਕ ਅਹਿਲਮਦ (ਕਲਰਕ) ਦੀ ਅਸਾਮੀ ਦੀ ਰਚਨਾ ਕਰਨਾ, ਡੀਸੀ ਦਫਤਰਾਂ ਦੇ ਸੁਪਰਡੈਂਟ ਗ੍ਰੇਡ-1 ਦੀ ਅਗਲੀ ਪ੍ਰਮੋਸ਼ਨ ਡਵੀਜ਼ਨ ਪੱਧਰ ਤੇ ਅਧੀਨ ਸਕੱਤਰ ਵਜੋਂ ਕਰਨਾ, ਨਾਰਮਜ ਅਨੁਸਾਰ ਡੀਸੀ ਦਫਤਰਾਂ, ਐੱਸਡੀਐੱਮ, ਤਹਿਸੀਲ ਅਤੇ ਸਬ ਤਹਿਸੀਲ ਦਫਤਰਾਂ ਵਿੱਚ ਅਸਾਮੀਆਂ ਦੀ ਰਚਨਾ ਕਰਨਾ, ਸਟੈਨੋ ਕਾਡਰ ਦੀ ਪਰਮੋਸ਼ਨ ਦੇ ਮੌਕੇ ਵਧਾਉਣਾ, ਅੰਤਰ ਜ਼ਿਲ੍ਹਾ ਬਦਲੀਆਂ ਸਬੰਧੀ ਦੋਨਾਂ ਜ਼ਿਲ੍ਹਿਆਂ ਪਾਸੋਂ ਇਤਰਾਜ਼ਹੀਣਤਾ ਸਰਟੀਫਿਕੇਟ ਜਾਰੀ ਹੋਣ ਵਾਲੇ ਕਰਮਚਾਰੀਆਂ ਦੀਆਂ ਬਦਲੀਆਂ ਸਬੰਧੀ ਹੁਕਮ ਜਾਰੀ ਕਰਨ, ਰਜਿਸਟਰੀ ਕਲਰਕ ਦੇ ਪੇਪਰ ਪਾਸ ਸਮੂਹ ਕਰਮਚਾਰੀਆਂ ਨੂੰ ਹੀ ਰਜਿਸਟਰੀ ਕਲਰਕ ਤਾਇਨਾਤ ਕਰਨ, ਡੀਸੀ ਦਫਤਰਾਂ, ਐਸਡੀਐੱਮ, ਤਹਿਸੀਲ ਅਤੇ ਸਬ ਤਹਿਸੀਲ ਦਫਤਰਾਂ ਦੇ ਕਰਮਚਾਰੀਆਂ ਨੂੰ 5% ਪ੍ਰਸ਼ਾਸ਼ਕੀ ਭੱਤਾ ਦੇਣ ਬਾਰੇ, ਸੁਪਰਡੈਂਟ ਗ੍ਰੇਡ-1 ਦੀਆਂ ਖਾਲੀ ਪਈਆਂ ਅਸਾਮੀਆਂ ਤੇ ਪ੍ਰਮੋਸ਼ਨਾ ਕਰਨਾ, ਆਊਟਸੋਰਸ ਅਤੇ ਠੇਕੇ ’ਤੇ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਕਰਨ ਅਤੇ ਪੱਕੇ ਕਰਨਾ, 17-07-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪਹਿਲੇ ਕਰਮਚਾਰੀਆਂ ਦੀ ਤਰ੍ਹਾਂ ਬਣਦੀ ਮੁੱਢਲੀ ਤਨਖਾਹ ਦੇਣਾ, ਪੁਰਾਣੀ ਪੈਨਸ਼ਨ, ਏ.ਸੀ.ਪੀ. ਸਕੀਮ ਬਹਾਲ ਕਰਨ ਅਤੇ 18% ਡੀਏ ਦੀਆਂ ਕਿਸ਼ਤਾਂ ਜਾਰੀ ਕਰਨਾ, ਜੱਥੇਬੰਦੀ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਤੇ ਥਾਣਾ ਜੰਡਿਆਲਾ ਗੁਰੂ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੁਲਿਸ ਪਾਰਟੀ ਵੱਲੋਂ ਅਣਮਨੁੱਖੀ ਵਤੀਰਾ ਕਰਕੇ ਤਸ਼ੱਦਦ ਕਰਨ ਵਾਲੇ ਸਬੰਧਤ ਪੁਲਿਸ ਕਰਮੀਆਂ ਤੇ ਕਾਰਵਾਈ ਕਰਨਾ ਆਦਿ ਮੰਗਾਂ ਸਰਕਾਰ ਵੱਲ ਲੰਬੇ ਸਮੇਂ ਤੋਂ ਲੰਬਿਤ ਪਈਆਂ ਹਨ। ਵਿੱਤ ਕਮਿਸ਼ਨਰ (ਮਾਲ) ਨਾਲ ਮਿਤੀ 7 ਮਈ ਅਤੇ ਫਿਰ ਮਾਲ ਮੰਤਰੀ ਪੰਜਾਬ ਨਾਲ 30 ਮਈ ਨੂੰ ਹੋਈਆਂ ਮੀਟਿੰਗਾਂ ਵਿੱਚ ਕਿਸੇ ਮੰਗ ਦੀ ਪੂਰਤੀ ਨਹੀਂ ਹੋਈ ਜਿਸ ਦੇ ਰੋਸ ਵਜੋਂ ਮੋਗਾ ਵਿਖੇ ਸੂਬਾ ਪੱਧਰੀ ਮੀਟਿੰਗ ਵਿੱਚ ਸਾਰੇ ਆਗੂਆਂ ਦੇ ਆਏ ਵਿਚਾਰਾਂ ਦੇ ਮੱਦੇਨਜ਼ਰ ਫੈਸਲਾ ਲੈਂਦੇ ਹੋਏ ਸਰਕਾਰ ਨੂੰ ਨੋਟਿਸ ਭੇਜਦੇ ਹੋਏ 9 ਜੁਲਾਈ ਤੋਂ 12 ਜੁਲਾਈ ਤੱਕ ਕਲਮਛੋੜ/ਕੰਪਿਊਟਰ ਬੰਦ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਗਿਆ। ਨਾਲ ਹੀ ਸਰਕਾਰ ਨੂੰ ਚਿਤਵਾਨੀ ਦਿੱਤੀ ਗਈ ਕਿ ਜੇਕਰ ਇਸ ਦੌਰਾਨ ਵੀ ਉਨਾਂ ਦੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਗਈ ਤਾਂ ਮਿਤੀ 12 ਜੁਲਾਈ ਨੂੰ ਆਨਲਾਈਨ ਮੀਟਿੰਗ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸਖਤ ਫੈਸਲੇ ਲਏ ਜਾਣਗੇ।