ਪੰਜਾਬ ’ਚ ਹੱਤਿਆ ਦਾ ਮੁਲਜ਼ਮ ਵੰਡ ਰਿਹਾ ਸੀ ਲੰਗਰ, ਕਪੂਰਥਲਾ ਪੁਲਿਸ ਨੇ ਕੀਤਾ ਕਾਬੂ
24 ਅਪ੍ਰੈਲ ਨੂੰ ਕਪੂਰਥਲਾ
Publish Date: Wed, 24 Jun 2026 10:24 PM (IST)
Updated Date: Wed, 24 Jun 2026 10:25 PM (IST)

24 ਅਪ੍ਰੈਲ ਨੂੰ ਕਪੂਰਥਲਾ ’ਚ ਗੈਸ ਏਜੰਸੀ ਮੁਲਾਜ਼ਮ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਦਾ ਹੈ ਮੁੱਖ ਮੁਲਜ਼ਮ ਬੇਡਾਣੂ ’ਚ ਸ਼ਰਧਾਲੂ ਬਣ ਕੇ ਲੰਗਰ ਖਾਣ ਪੁੱਜੀ ਪੁਲਿਸ, ਮੁਲਜ਼ਮ ਨੇ ਹੀ ਟੀਮ ਨੂੰ ਵੰਡਿਆ ਲੰਗਰ ਜਾਗਰਣ ਟੀਮ, ਗੋਪੇਸ਼ਵਰ (ਚਮੋਲੀ)/ਕਪੂਰਥਲਾ : ਪੰਜਾਬ ਦੇ ਕਪੂਰਥਲਾ ਵਿਚ ਗੈਸ ਏਜੰਸੀ ਦੇ ਮੁਲਾਜ਼ਮ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਦੇ ਮਾਮਲੇ ’ਚ ਮੁੱਖ ਸਾਜ਼ਿਸ਼ਕਰਤਾ ਨਵਜੋਤ ਸਿੰਘ ਉਰਫ ਮਨੀ ਬਾਬਾ ਚਮੋਲੀ ਜ਼ਿਲ੍ਹੇ ਵਿਚ ਹੇਮਕੁੰਟ ਸਾਹਿਬ ਯਾਤਰਾ ਮਾਰਗ ’ਤੇ ਲੰਗਰ ਵੰਡਦਾ ਮਿਲਿਆ। ਉਸ ਦੀ ਤਲਾਸ਼ ਵਿਚ ਕਪੂਰਥਲਾ ਥਾਣਾ ਸਿਟੀ ਦੀ ਟੀਮ ਐੱਸਐੱਚਓ ਇੰਸਪੈਕਟਰ ਅਮਨਦੀਪ ਨਾਹਰ ਦੀ ਅਗਵਾਈ ਵਿਚ ਚਮੋਲੀ ਪੁਲਿਸ ਨਾਲ ਉਸ ਨੂੰ ਕਾਬੂ ਕਰਨ ਲਈ ਲੰਗਰ ਖਾਣ ਪਹੁੰਚ ਗਈ। ਉੱਥੇ ਮੁਲਜ਼ਮ ਨੇ ਸ਼ਰਧਾਲੂ ਬਣ ਕੇ ਪੁਲਿਸ ਟੀਮ ਨੂੰ ਲੰਗਰ ਵੰਡਿਆ। ਜਿਉਂ ਹੀ ਪੁਲਿਸ ਨੇ ਮੁਲਜ਼ਮ ਦੀ ਪਛਾਣ ਪੱਕੀ ਕੀਤੀ, ਚਮੋਲੀ ਤੇ ਪੰਜਾਬ ਦੀ ਸਾਂਝੀ ਟੀਮ ਨੇ ਉਸ ਨੂੰ ਮੌਕੇ ਤੋਂ ਕਾਬੂ ਕਰ ਲਿਆ। ਇਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਆਪਣੇ ਨਾਲ ਲੈ ਕੇ ਕਪੂਰਥਲਾ ਲਈ ਨਿਕਲ ਗਈ। 24 ਅਪ੍ਰੈਲ 2026 ਨੂੰ ਕਪੂਰਥਲਾ ਦੇ ਥਾਣਾ ਸਿਟੀ ਅਧੀਨ ਔਜਲਾ ਰੋਡ ’ਤੇ ਸਥਿਤ ਇਕ ਗੈਸ ਏਜੰਸੀ ਦੇ ਮੁਲਾਜ਼ਮ ਦੀਪਕ, ਜੋ ਕਿ ਵਰੀਆਹ ਦੋਨਾਂ ਦਾ ਵਾਸੀ ਸੀ, ਦੀ ਅਗਵਾ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾ ਨਵਜੋਤ ਸਿੰਘ ਉਰਫ ਮਨੀ ਬਾਬਾ ਵਾਸੀ ਮੁਸ਼ਕਵੇਦ, ਥਾਣਾ ਸਿਟੀ ਕਪੂਰਥਲਾ ਹੈ। ਪੁਲਿਸ ਨੇ ਮਾਮਲੇ ਵਿਚ ਮਨੀ ਬਾਬਾ ਸਮੇਤ ਪੰਜ ਮੁਲਜ਼ਮਾਂ ’ਤੇ ਮੁਕੱਦਮਾ ਦਰਜ ਕੀਤਾ ਸੀ। ਕਪੂਰਥਲਾ ਪੁਲਿਸ ਤਿੰਨ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਸੀ, ਜਦਕਿ ਦੋ ਫਰਾਰ ਸਨ। ਪੁਲਿਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਨਵਜੋਤ ਸਿੰਘ ਉਰਫ ਮਨੀ ਬਾਬਾ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਗਿਆ ਹੈ। ਇਸ ’ਤੇ ਪੰਜਾਬ ਪੁਲਿਸ ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਦੇ ਰਸਤੇ ’ਤੇ ਮੁਲਜ਼ਮ ਦੀ ਤਲਾਸ਼ ਵਿਚ ਲੱਗ ਗਈ। ਇਸ ਦੌਰਾਨ ਨਵਜੋਤ ਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ, ਜਿਸ ਨਾਲ ਉਸ ਦੇ ਚਮੋਲੀ ਵਿਚ ਹੋਣ ਦਾ ਪਤਾ ਲੱਗਾ। ਇਸ ’ਤੇ ਪੰਜਾਬ ਪੁਲਿਸ ਦੀ ਟੀਮ ਚਮੋਲੀ ਪਹੁੰਚ ਗਈ। ਇਸ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਹੱਤਿਆ ਦੇ ਮੁਲਜ਼ਮ ਨਵਜੋਤ ਚਮੋਲੀ ਜ਼ਿਲ੍ਹੇ ਵਿਚ ਹੇਮਕੁੰਟ ਸਾਹਿਬ ਯਾਤਰਾ ਮਾਰਗ ’ਤੇ ਹੀ ਕਿਤੇ ਮੌਜੂਦ ਹੈ। ਪਿਛਲੇ ਦਿਨਾਂ ਤੋਂ ਪੰਜਾਬ ਪੁਲਿਸ ਚਮੋਲੀ ਪੁਲਿਸ ਨਾਲ ਮਿਲ ਕੇ ਉਸ ਦੀ ਤਲਾਸ਼ ਵਿਚ ਸੀ। ਬੁੱਧਵਾਰ ਨੂੰ ਕਰਨਪ੍ਰਯਾਗ ਕੋਤਵਾਲੀ ਦੇ ਲੰਗਾਸੂ ਚੌਕੀ ਖੇਤਰ ਵਿਚ ਬਦਰੀਨਾਥ ਹਾਈਵੇ ’ਤੇ ਬੇਡਾਣੂ ਪਿੰਡ ਵਿਚ ਲੰਗਰ ਵਿਚ ਮੁਲਜ਼ਮ ਦੇ ਹੋਣ ਦੀ ਜਾਣਕਾਰੀ ਪੁਲਿਸ ਨੂੰ ਮਿਲੀ। ਇਸ ’ਤੇ ਪੰਜਾਬ ਪੁਲਿਸ ਦੇ ਨਾਲ ਚਮੋਲੀ ਪੁਲਿਸ ਦੇ ਮੁਲਾਜ਼ਮ ਤੇ ਅਧਿਕਾਰੀ ਸਾਦੇ ਕੱਪੜਿਆਂ ਵਿਚ ਸ਼ਰਧਾਲੂ ਬਣ ਕੇ ਲੰਗਰ ਖਾਣ ਪਹੁੰਚ ਗਏ। ਉੱਥੇ ਮੁਲਜ਼ਮ ਨਵਜੋਤ ਸ਼ਰਧਾਲੂਆਂ ਦੇ ਭੇਸ ਵਿਚ ਮੌਜੂਦ ਪੁਲਿਸ ਟੀਮ ਨੂੰ ਲੰਗਰ ਵਰਤਾਉਂਦਾ ਰਿਹਾ। ਜਿਉਂ ਹੀ ਮੁਲਜ਼ਮ ਦੀ ਪਛਾਣ ਪੱਕੀ ਹੋਈ, ਪੁਲਿਸ ਆਪਣੇ ਅਸਲੀ ਰੂਪ ਵਿਚ ਆਈ ਅਤੇ ਮੁਲਜ਼ਮ ਨੂੰ ਉੱਥੇ ਹੀ ਕਾਬੂ ਕਰ ਲਿਆ। ਐੱਸਪੀ ਤ੍ਰਿਵੇਂਦਰ ਸਿੰਘ ਰਾਣਾ ਨੇ ਦੱਸਿਆ ਕਿ ਹੱਤਿਆ ਦੇ ਮੁਲਜ਼ਮ ਨਵਜੋਤ ਸਿੰਘ ਉਰਫ ਮਨੀ ਬਾਬਾ ਨੂੰ ਪੰਜਾਬ ਪੁਲਿਸ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਕਪੂਰਥਲਾ ਲੈ ਗਈ ਹੈ। ਕਪੂਰਥਲਾ ਸਬ-ਡਵੀਜ਼ਨ ਦੇ ਡੀਐੱਸਪੀ ਡਾ. ਸ਼ੀਤਲ ਸਿੰਘ ਨੇ ਮੁੱਖ ਮੁਲਜ਼ਮ ਨਵਜੋਤ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਥਾਣਾ ਸਿਟੀ ਦੀ ਪੁਲਿਸ ਉਸ ਨੂੰ ਬੁੱਧਵਾਰ ਦੇਰ ਰਾਤ ਤੱਕ ਕਪੂਰਥਲਾ ਪਹੁੰਚਾ ਦੇਵੇਗੀ। ਮਨੀ ਬਾਬਾ ਇਕ ਪੇਸ਼ੇਵਰ ਅਪਰਾਧੀ ਹੈ। ਉਸ ’ਤੇ ਪਹਿਲਾਂ ਹੀ ਕਈ ਕੇਸ ਦਰਜ ਹਨ। ਇਹ ਸੀ ਮਾਮਲਾ 23 ਅਪ੍ਰੈਲ ਨੂੰ ਸਵੇਰੇ ਪਿੰਡ ਔਜਲਾ ਰੋਡ ’ਤੇ ਸਥਿਤ ਗੈਸ ਕੰਪਨੀ ’ਤੇ ਮੌਜੂਦ ਦੀਪਕ ਨੂੰ ਕੁਝ ਬਦਮਾਸ਼ਾਂ ਨੇ ਮਾਰਕੁੱਟ ਕਰ ਕੇ ਗੰਨ ਪੁਆਇੰਟ ’ਤੇ ਕਾਰ ਵਿਚ ਜਬਰੀ ਬਿਠਾ ਕੇ ਅਗਵਾ ਕਰ ਲਿਆ ਅਤੇ ਰੇਲਵੇ ਫਾਟਕ ਦੀ ਸਾਈਡ ਵੱਲ ਭੱਜ ਗਏ। ਮੁਲਜ਼ਮ ਕਰਤਾਰਪੁਰ ਵੱਲ ਭੱਜਦੇ ਹੋਏ ਪਿੰਡ ਦਿਆਲਪੁਰ ਨੇੜੇ ਦੀਪਕ ਨੂੰ ਗੰਭੀਰ ਰੂਪ ਵਿਚ ਜ਼ਖਮੀ ਹਾਲਤ ਵਿਚ ਸੜਕ ਕਿਨਾਰੇ ਸੁੱਟ ਕੇ ਫਰਾਰ ਹੋ ਗਏ ਸਨ ਜਿਸ ਦੀ ਕਰਤਾਰਪੁਰ ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।