ਮਾਨਸੂਨ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਜ਼ਰੂਰੀ: ਡਿਪਟੀ ਕਮਿਸ਼ਨਰ
ਮਾਨਸੂਨ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਜ਼ਰੂਰੀ: ਡਿਪਟੀ ਕਮਿਸ਼ਨਰ ਨੇ 30 ਜੂਨ ਦੀ ਡੈੱਡਲਾਈਨ ਦਿੱਤੀ
Publish Date: Fri, 19 Jun 2026 07:19 PM (IST)
Updated Date: Sat, 20 Jun 2026 04:06 AM (IST)

30 ਜੂਨ ਦੀ ਡੈੱਡਲਾਈਨ ਦਿੱਤੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਅੱਜ ਮਾਨਸੂਨ ਦੀਆਂ ਤਿਆਰੀਆਂ ਅਤੇ ਹੜ੍ਹ ਪ੍ਰਬੰਧਨ ਸਬੰਧੀ ਜ਼ਿਲ੍ਹੇ ਭਰ ਵਿੱਚ ਚੱਲ ਰਹੇ ਨਿਕਾਸੀ ਨਾਲਿਆਂ ਅਤੇ ਸੀਵਰੇਜ ਦੀ ਸਾਫ਼-ਸਫ਼ਾਈ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਡਰੇਨੇਜ ਵਿਭਾਗ, ਨਗਰ ਨਿਗਮ ਕਪੂਰਥਲਾ, ਨਗਰ ਨਿਗਮ ਫਗਵਾੜਾ, ਨਗਰ ਕੌਂਸਲ ਸੁਲਤਾਨਪੁਰ ਲੋਧੀ ਅਤੇ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਨਿਕਾਸੀ ਨਾਲਿਆਂ, ਮਿਉਂਸੀਪਲ ਸੀਵਰੇਜ ਨਾਲਿਆਂ, ਸੀਵਰੇਜ ਨੈੱਟਵਰਕ ਅਤੇ ਸਟੋਰਮ ਸੀਵਰ ਪ੍ਰਣਾਲੀਆਂ ਦੀ ਸਫ਼ਾਈ 30 ਜੂਨ ਤੱਕ ਹਰ ਹਾਲ ਵਿੱਚ ਯਕੀਨੀ ਬਣਾਈ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਨਸੂਨ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਸਾਰੇ ਚੱਲ ਰਹੇ ਕੰਮ ਮੁਕੰਮਲ ਕੀਤੇ ਜਾਣ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਕੱਢੇ ਗਏ ਨਦੀਨਾਂ, ਜੰਗਲੀ ਬੂਟੀ ਅਤੇ ਜਲਕੁੰਭੀ ਦਾ ਯੋਗ ਨਿਪਟਾਰਾ ਯਕੀਨੀ ਬਣਾਇਆ ਜਾਵੇ ਤਾਂ ਜੋ ਬਾਰਸ਼ ਦੌਰਾਨ ਇਹ ਕੂੜਾ ਮੁੜ ਨਾਲਿਆਂ ਵਿੱਚ ਨਾ ਵਹਿ ਜਾਵੇ। ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਵਿਭਾਗ ਅਧੀਨ 1.62 ਕਰੋੜ ਰੁਪਏ ਦੀ ਲਾਗਤ ਵਾਲੇ ਖੁੱਲ੍ਹੇ ਨਾਲਿਆਂ ਦੀ ਸਫ਼ਾਈ ਦੇ ਕੰਮ ਮੁਕੰਮਲ ਹੋਣ ਦੇ ਨੇੜੇ ਹਨ। ਇਨ੍ਹਾਂ ਕੰਮਾਂ ਵਿੱਚ ਜ਼ਿਲ੍ਹੇ ਭਰ ਦੇ ਨਾਲਿਆਂ ਵਿੱਚੋਂ ਸਰਕੰਡਾ, ਨਦੀਨ, ਜੰਗਲੀ ਬਨਸਪਤੀ, ਜਾਲਾ, ਬੂਟੀ ਅਤੇ ਜਲਕੁੰਭੀ ਨੂੰ ਹਟਾਉਣਾ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਫ਼ਾਈ ਮੁਹਿੰਮ ਪੱਛਮੀ ਬੇਂਈ (ਪਵਿੱਤਰ/ਕਾਲੀ ਬੇਂਈ), ਪੂਰਵੀ ਬੇਂਈ (ਚਿੱਟੀ ਬੇਂਈ) ਅਤੇ ਭੁਲੱਥ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਫਗਵਾੜਾ ਤਹਿਸੀਲਾਂ ਵਿੱਚ ਪੈਂਦੇ ਵੱਖ-ਵੱਖ ਨਾਲਿਆਂ ਵਿੱਚ ਚਲਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਜਿੱਥੇ ਪਾਣੀ ਦੇ ਵਹਾਅ ਵਿੱਚ ਸੁਧਾਰ ਹੋਵੇਗਾ, ਜਲ-ਥਲ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਮਾਨਸੂਨ ਦੌਰਾਨ ਨਿਕਾਸੀ ਸੁਚਾਰੂ ਰਹੇਗੀ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਸਾਰੇ ਕੰਮ ਮਿੱਥੇ ਸਮੇਂ ਦੇ ਅੰਦਰ ਮੁਕੰਮਲ ਕਰ ਲਏ ਜਾਣਗੇ। ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਸਖ਼ਤ ਹਦਾਇਤ ਕੀਤੀ ਕਿ ਡਰੇਨਾਂ ਅਤੇ ਸੀਵਰੇਜ ਦੀ ਸਫ਼ਾਈ ਦੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਇੱਕ ਨਿਗਰਾਨੀ ਪ੍ਰਣਾਲੀ ਸਥਾਪਤ ਕੀਤੀ ਜਾਵੇ ਤਾਂ ਜੋ ਬਰਸਾਤ ਦੇ ਮੌਸਮ ਵਿੱਚ ਲੋਕਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਮੁੜ ਕਿਹਾ ਕਿ ਮਾਨਸੂਨ ਦੌਰਾਨ ਹੜ੍ਹਾਂ ਦੀ ਰੋਕਥਾਮ ਅਤੇ ਜਨਤਕ ਸੁਰੱਖਿਆ ਲਈ ਪ੍ਰਭਾਵਸ਼ਾਲੀ ਡਰੇਨੇਜ ਅਤੇ ਸੀਵਰੇਜ ਪ੍ਰਬੰਧਨ ਬੇਹੱਦ ਜ਼ਰੂਰੀ ਹੈ, ਅਤੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਸਥਾਨਾਂ ਦੀ ਨਿਰੰਤਰ ਨਿਗਰਾਨੀ ਕਰਨ ’ਤੇ ਜ਼ੋਰ ਦਿੱਤਾ।