- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਬਚਾਉਣ ਲਈ ਹੁਣ ਸਮਾਜ ਨੂੰ ਵੀ ਖ਼ੁਦ ਅੱਗੇ ਆਉਣਾ ਪਵੇਗਾ। ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਆਪਸੀ ਕੜੀ ਤੋੜੇ ਬਿਨਾਂ ਚਿੱਟੇ ਵਰਗੇ ਮਾਰੂ ਨਸ਼ੇ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ।

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਸੀਚੇਵਾਲ ਤੋਂ ‘ਚਿੱਟਾ ਮੁਕਤ ਪਿੰਡ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਨਸ਼ਿਆਂ ਖ਼ਿਲਾਫ਼ ਸਮਾਜਿਕ ਭਾਗੀਦਾਰੀ ਦਾ ਸੱਦਾ ਦਿੱਤਾ। ਨਿਰਮਲ ਕੁਟੀਆ ਸੀਚੇਵਾਲ ਵਿਖੇ ਹੋਏ ਵਿਸ਼ਾਲ ਇਕੱਠ ਵਿਚ ਕਰੀਬ 32 ਪਿੰਡਾਂ ਦੇ ਸਰਪੰਚਾਂ, ਪੰਚਾਂ, ਮੋਹਤਬਰ ਵਿਅਕਤੀਆਂ ਤੇ ਪੁਲਿਸ ਅਧਿਕਾਰੀਆਂ ਨੇ ਸ਼ਮੂਲੀਅਤ ਕਰਦਿਆਂ ਆਪਣੇ-ਆਪਣੇ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਉਣ, ਸੀਸੀਟੀਵੀ ਕੈਮਰੇ ਸਥਾਪਤ ਕਰਨ ਅਤੇ ਪੁਲਿਸ ਪ੍ਰਸ਼ਾਸਨ ਨਾਲ ਵਾਟਸਐਪ ਗਰੁੱਪਾਂ ਰਾਹੀਂ ਲਗਾਤਾਰ ਤਾਲਮੇਲ ਬਣਾਈ ਰੱਖਣ ਦਾ ਅਹਿਦ ਲਿਆ।
ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਬਚਾਉਣ ਲਈ ਹੁਣ ਸਮਾਜ ਨੂੰ ਵੀ ਖ਼ੁਦ ਅੱਗੇ ਆਉਣਾ ਪਵੇਗਾ। ਨਸ਼ਾ ਖਰੀਦਣ ਅਤੇ ਵੇਚਣ ਵਾਲਿਆਂ ਦੀ ਆਪਸੀ ਕੜੀ ਤੋੜੇ ਬਿਨਾਂ ਚਿੱਟੇ ਵਰਗੇ ਮਾਰੂ ਨਸ਼ੇ 'ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਚਿੱਟੇ ਦੀ ਆਦਤ ਕਾਰਨ ਨੌਜਵਾਨ ਚੋਰੀਆਂ, ਲੁੱਟਾਂ-ਖੋਹਾਂ ਅਤੇ ਹੋਰ ਅਪਰਾਧਾਂ ਵੱਲ ਧੱਕੇ ਜਾ ਰਹੇ ਹਨ, ਜਿਸ ਨਾਲ ਪਰਿਵਾਰ ਅਤੇ ਸਮਾਜ ਦੋਵੇਂ ਤਬਾਹ ਹੋ ਰਹੇ ਹਨ। ਸੰਤ ਸੀਚੇਵਾਲ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਆਦਤ ਦੇ ਸ਼ਿਕਾਰ ਨੌਜਵਾਨਾਂ ਨਾਲ ਨਫ਼ਰਤ ਨਹੀਂ, ਸਗੋਂ ਹਮਦਰਦੀ ਦਾ ਰਵੱਈਆ ਅਪਣਾਇਆ ਜਾਵੇ ਅਤੇ ਪਿੰਡ ਪੱਧਰ ’ਤੇ ਉਨ੍ਹਾਂ ਨੂੰ ਮੁੜ ਸਿਹਤਮੰਦ ਜੀਵਨ ਵੱਲ ਲਿਆਉਣ ਲਈ ਪਰਿਵਾਰਾਂ, ਖ਼ਾਸ ਕਰਕੇ ਮਾਵਾਂ ਦੀ ਭੂਮਿਕਾ ਨੂੰ ਮਜ਼ਬੂਤ ਕੀਤਾ ਜਾਵੇ। ਨਵੇਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾਉਣਾ ਵੀ ਹਰ ਪਿੰਡ ਦੀ ਸਾਂਝੀ ਜ਼ਿੰਮੇਵਾਰੀ ਹੈ।
ਇਸ ਮੌਕੇ ਬਾਬਾ ਗੁਰਮੇਜ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਨਸ਼ਿਆਂ ਦੀ ਹੈ ਅਤੇ ਇਸ ਦਾ ਹੱਲ ਲੋਕਾਂ ਤੇ ਪੁਲਿਸ ਦੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੈ। ਅੱਜ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਨਸ਼ੇ ਵਿਚ ਲੱਗ ਚੁੱਕੇ ਹਨ, ਉਨ੍ਹਾਂ ਦੇ ਮਾਪੇ ਵੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਸੁਲਤਾਨਪੁਰ ਲੋਧੀ ਤੋਂ ਏਐਸਪੀ ਐਸਡੀ ਧੀਰੇਂਦਰ ਵਰਮਾ ਨੇ ਸੰਤ ਸੀਚੇਵਾਲ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਲੜਾਈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ। ਪਹਿਲਾਂ ਵੀ ਲੋਕਾਂ ਦੀ ਸੂਚਨਾ ਦੇ ਆਧਾਰ 'ਤੇ ਕਈ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਪੁਲਿਸ ਅਜਿਹੀਆਂ ਮੁਹਿੰਮਾਂ ਵਿੱਚ ਪੂਰਾ ਸਹਿਯੋਗ ਦੇਵੇਗੀ। ਐਡਵੋਕੇਟ ਚਾਹਲ ਨੇ ਕਿਹਾ ਕਿ ਲੋਕ ਪੁਲਿਸ ਦੀ ਮਦਦ ਲਈ ਤਿਆਰ ਹਨ, ਪਰ ਸੂਚਨਾ ਦੇਣ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖਣੀ ਚਾਹੀਦੀ ਹੈ, ਜਿਸ ਨਾਲ ਹੋਰ ਲੋਕ ਵੀ ਨਿਡਰ ਹੋ ਕੇ ਅੱਗੇ ਆ ਸਕਣ।
ਇਸ ਮੌਕੇ ਥਾਣਾ ਸੁਲਤਾਨਪੁਰ ਲੋਧੀ ਦੇ ਐਸਐਚਓ ਦਵਿੰਦਰ ਪਾਲ ਸਿੰਘ, ਥਾਣਾ ਲੋਹੀਆਂ ਦੇ ਐਸਐਚਓ ਸੁਖਜਿੰਦਰ ਖੈੜਾ, ਸੰਤ ਸੁਖਜੀਤ ਸਿੰਘ ਸੀਚੇਵਾਲ, ਬਾਬਾ ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਸਰਪੰਚ ਬੂਟਾ ਸਿੰਘ ਸੀਚੇਵਾਲ, ਦਇਆ ਸਿੰਘ ਸੀਚੇਵਾਲ, ਬਲਾਕ ਸੰਮਤੀ ਮੈਂਬਰ ਸੂਬਾ ਸਿੰਘ ਚੱਕ ਚੇਲਾ, ਤੇਗ਼ ਸਿੰਘ ਚੱਕ ਚੇਲਾ, ਪ੍ਰੋਫੈਸਰ ਕੁਲਵਿੰਦਰ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਧੀਰ ਸਿੰਘ ਧੀਰਾ, ਡਾ. ਸੁਖਜੀਤ ਪਾਲ ਸਿੰਘ ਨਿਹਾਲੂਵਾਲ, ਸਰਪੰਚ ਅਮਰੀਕ ਸਿੰਘ ਤਲਵੰਡੀ ਮਾਧੋ, ਬਲਜੀਤ ਸਿੰਘ ਸਰਪੰਚ ਰੂਪੇਵਾਲ, ਕਰਮ ਸਿੰਘ ਰੂਪੇਵਾਲ, ਤੀਰਥ ਸਿੰਘ ਸਾਬਕਾ ਸਰਪੰਚ ਸ਼ੇਰਪੁਰ ਦੋਨਾ, ਦੇਸ ਰਾਜ ਸਰਪੰਚ ਮਹਿਰਾਜਵਾਲਾ, ਗੁਰਜੀਤ ਸਿੰਘ ਸਰਪੰਚ ਮਲਸੀਆਂ, ਸੁਖਵਿੰਦਰ ਸਿੰਘ ਨੇਕੀ ਸਰਪੰਚ ਸਿੱਧਵਾਂ ਦੋਨਾ, ਗੁਰਪ੍ਰੀਤ ਸਿੰਘ ਬਲਾਕ ਪ੍ਰਧਾਨ ਭਾਣੋਲੰਗਾ, ਗੁਰਦੇਵ ਸਿੰਘ ਫੌਜੀ ਕਲੋਨੀ, ਹਰਜਿੰਦਰ ਸਿੰਘ ਸੀਚੇਵਾਲ, ਕੁਲਦੀਪ ਕੌਰ ਸਰਪੰਚ ਵਾੜਾ ਜਗੀਰ, ਹਾਕਮ ਸਿੰਘ ਰਾਈਵਾਲ ਦੋਨਾ, ਬੂਟਾ ਸਿੰਘ ਸਾਬਕਾ ਸਰਪੰਚ ਮੁਰੀਦਵਾਲ, ਕੇਵਲ ਸਿੰਘ ਰੂਪੇਵਾਲ, ਚੇਅਰਮੈਨ ਗੁਰਮੁਖ ਸਿੰਘ ਕੋਟਲਾ ਸੂਰਜਮੱਲ, ਅਮਰੀਕ ਸਿੰਘ ਲੰਬੜਦਾਰ ਮਾਲੂਪੁਰ ,ਲਖਵੀਰ ਸਿੰਘ ਪੰਚ ਮੋਤੀਪੁਰ, ਕਰਮ ਸਿੰਘ ਸਰਪੰਚ ਸਿਹਾਰੀਵਾਲ , ਹਰਦੇਵ ਸਿੰਘ ਨੰਬਰਦਾਰ ਸ਼ੇਰਪੁਰ ਦੋਨਾ , ਸੁਰਜੀਤ ਸਿੰਘ ਸਰਪੰਚ ਰਾਈਵਾਲ, ਪ੍ਰਭਜੋਤ ਸਿੰਘ ਸਰਪੰਚ ਮਾਲ੍ਹਾ ਸਮੇਤ ਵੱਡੀ ਗਿਣਤੀ ਵਿਚ ਪੰਚ-ਸਰਪੰਚ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
---
ਨਸ਼ਿਆਂ ਦੇ ਖ਼ਾਤਮੇ ਲਈ ਸਭ ਦਾ ਸਹਿਯੋਗ ਜ਼ਰੂਰੀ
ਸੰਤ ਸੀਚੇਵਾਲ ਨੇ ਕਿਹਾ ਕਿ ਥਾਣਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਸੀਮਤ ਹੈ, ਇਸ ਲਈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਿਆਂ ਅਤੇ ਅਪਰਾਧਾਂ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਸੰਭਵ ਨਹੀਂ। ਇਸ ਲਈ ਹਰ ਪਿੰਡ ਵਿੱਚ ਠੀਕਰੀ ਪਹਿਰੇ, ਸੀਸੀਟੀਵੀ ਨਿਗਰਾਨੀ, ਸ਼ੱਕੀ ਵਿਅਕਤੀਆਂ ਦੀ ਸੂਚਨਾ ਅਤੇ ਪਿੰਡਾਂ ਦਰਮਿਆਨ ਤੁਰੰਤ ਸੰਪਰਕ ਪ੍ਰਣਾਲੀ ਵਟਸਐਪ ਗੁਰੱਪ ਬਣਾਉਣ ਦੀ ਲੋੜ ਹੈ। ਜਦੋਂ ਅਸੀਂ ਆਪਣਾ ਪਿੰਡ ਸੰਭਾਲ ਲਵਾਂਗੇ ਤਾਂ ਇਲਾਕਾ ਅਤੇ ਫਿਰ ਸਾਰਾ ਪੰਜਾਬ ਆਪਣੇ ਆਪ ਸੰਭਲ ਜਾਵੇਗਾ।