ਕਪੂਰਥਲਾ ਦੇ ਜ਼ਿਲ੍ਹਾ ਤੇ ਮੰਡਲ ਪ੍ਰਧਾਨਾਂ ਨੇ ਰਾਸ਼ਟਰੀ ਪ੍ਰਧਾਨ ਤੋਂ ਲਏ ਟਿਪਸ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਅਤੇ ਮੰਡਲ ਪ੍ਰਧਾਨਾਂ ਨਾਲ ਕੀਤੀ ਮੀਟਿੰਗ,ਦਿੱਤੇ ਟਿਪਸ
Publish Date: Mon, 22 Jun 2026 09:27 PM (IST)
Updated Date: Mon, 22 Jun 2026 09:30 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਕਪੂਰਥਲਾ : ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸਿਲਸਿਲੇ ਵਿਚ ਆਪਣੇ ਤਿੰਨ ਦਿਨਾਂ ਪੰਜਾਬ ਦੌਰੇ ਦੌਰਾਨ ਲੁਧਿਆਣਾ ਪਹੁੰਚੇ। ਇਸ ਦੌਰਾਨ ਲੁਧਿਆਣਾ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੇ ਮੰਡਲ ਪ੍ਰਧਾਨਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਵਿਚ ਕਪੂਰਥਲਾ ਭਾਜਪਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਤੁਲੀ, ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਹੈਰੀ ਸ਼ਰਮਾ ਤੇ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ ਦੀ ਅਗਵਾਈ ਵਿਚ ਕਪੂਰਥਲਾ ਤੋਂ ਵੱਡੀ ਗਿਣਤੀ ਵਿਚ ਭਾਜਪਾ ਆਗੂਆਂ ਨੇ ਭਾਗ ਲਿਆ। ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਪਾਰਟੀ ਵਰਕਰਾਂ ਨੂੰ ਨਵੇਂ ਟੀਚਿਆਂ ਨਾਲ ਸਰਗਰਮ ਰਹਿਣ ਤੇ ਜ਼ਮੀਨੀ ਪੱਧਰ ’ਤੇ ਜੁੜਨ ਲਈ ਮਹੱਤਵਪੂਰਨ ਸੁਝਾਅ ਦਿੱਤੇ। ਉਨ੍ਹਾਂ ਪਾਰਟੀ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਤੇ ਸੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫਵਾਹਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਖੰਡਨ ਕਰਨ ਦੀ ਅਪੀਲ ਕੀਤੀ। ਮੀਟਿੰਗ ਤੋਂ ਬਾਅਦ ਭਾਜਪਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਤੁਲੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਪਿਛਲੇ 12 ਸਾਲਾਂ ਵਿਚ ਵਿਕਾਸ, ਸੁਸ਼ਾਸਨ, ਸੁਰੱਖਿਆ, ਸੱਭਿਆਚਾਰਕ ਪੁਨਰਜਾਗਰਣ ਤੇ ਗਰੀਬਾਂ ਦੀ ਭਲਾਈ ਦੇ ਖੇਤਰਾਂ ਵਿਚ ਬੇਮਿਸਾਲ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਇਹ ਯਾਤਰਾ ਸਿਰਫ਼ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਨਹੀਂ ਹੈ, ਸਗੋਂ 1.4 ਅਰਬ ਦੇਸ਼ ਵਾਸੀਆਂ ਦੇ ਵਿਸ਼ਵਾਸ, ਭਾਗੀਦਾਰੀ ਤੇ ਦ੍ਰਿੜ ਇਰਾਦੇ ਬਾਰੇ ਹੈ। ਮੋਦੀ ਸਰਕਾਰ ਨੇ ਵਿਕਾਸ ਦੇ ਲਾਭ ਸਮਾਜ ਦੇ ਸਭ ਤੋਂ ਹੇਠਲੇ ਪੱਧਰ ਤੱਕ ਵੀ ਪਹੁੰਚਾਉਣ ਲਈ ਕੰਮ ਕੀਤਾ ਹੈ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸਰਬਜੀਤ ਸਿੰਘ ਦਿਓਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਾ ਸਿਰਫ਼ ਵਿਕਾਸ ਕਰਵਾਇਆ ਹੈ ਬਲਕਿ ਦਹਾਕਿਆਂ ਤੋਂ ਲਟਕਦੇ ਰਾਸ਼ਟਰੀ ਸੰਕਲਪਾਂ ਨੂੰ ਵੀ ਪੂਰਾ ਕੀਤਾ ਹੈ। ਧਾਰਾ 370 ਨੂੰ ਖਤਮ ਕਰਨ ਨਾਲ ਜੰਮੂ-ਕਸ਼ਮੀਰ ਨੂੰ ਦੇਸ਼ ਦੀ ਮੁੱਖ ਧਾਰਾ ਨਾਲ ਪੂਰੀ ਤਰ੍ਹਾਂ ਜੋੜ ਦਿੱਤਾ ਗਿਆ ਹੈ, ਜਿਸ ਨਾਲ ਉਥੇ ਲੋਕਤੰਤਰ ਤੇ ਵਿਕਾਸ ਦੇ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਲਈ ਇਕ ਸ਼ਾਨਦਾਰ ਮੰਦਰ ਦਾ ਨਿਰਮਾਣ ਲੱਖਾਂ ਦੇਸ਼ਵਾਸੀਆਂ ਦੀ ਆਸਥਾ, ਸ਼ਰਧਾ ਤੇ ਸੱਭਿਆਚਾਰਕ ਪਛਾਣ ਹੈ। ਪ੍ਰਧਾਨ ਮੰਤਰੀ ਨੇ ਮੁਸਲਿਮ ਔਰਤਾਂ ਨੂੰ ਤਿੰਨ ਤਲਾਕ ਦੀ ਬੁਰਾਈ ਪ੍ਰਥਾ ਤੋਂ ਮੁਕਤ ਕਰਵਾਇਆ ਹੈ ਤੇ ਉਨ੍ਹਾਂ ਨੂੰ ਸਨਮਾਨ, ਸੁਰੱਖਿਆ ਤੇ ਬਰਾਬਰ ਅਧਿਕਾਰ ਪ੍ਰਦਾਨ ਕੀਤੇ ਹਨ। ਇਹ ਫੈਸਲਾ ਮਹਿਲਾ ਸਸ਼ਕਤੀਕਰਨ ਤੇ ਸਮਾਜਿਕ ਨਿਆਂ ਵੱਲ ਇਕ ਇਤਿਹਾਸਕ ਕਦਮ ਹੈ। ਇਸ ਮੌਕੇ ਸੰਜੀਵ ਖੰਨਾ, ਲੱਕੀ ਸਰਪੰਚ, ਮੱਸਾ ਸਿੰਘ, ਭਾਰਦਵਾਜ, ਹਰਿਕ ਜੋਸ਼ੀ, ਅਸ਼ੀਸ਼ ਮਹਿਤਾ, ਗੁਰਸਾਹਿਬ ਸਿੰਘ, ਵਿਕਾਸ ਸ਼ਾਸਤਰੀ, ਰੋਸ਼ਨ ਲਾਲ ਸੱਭਰਵਾਲ, ਰਜਿੰਦਰ ਰਾਜੂ, ਕਮਲ ਪ੍ਰਭਾਕਰ, ਅਸ਼ੋਕ ਮਾਹਲਾ, ਸੁਨੀਲ ਅਰੋੜਾ ਆਦਿ ਹਾਜ਼ਰ ਸਨ।