ਐਸਆਈਆਰ ਨੂੰ ਲੈ ਕੇ ਭਾਜਪਾ ਵੱਲੋਂ ਵਿਚਾਰ-ਚਰਚਾ ਐਸਆਈਆਰ ਨੂੰ ਲੈ ਕੇ ਭਾਜਪਾ ਵੱਲੋਂ ਵਿਚਾਰ ਚਰਚਾ
Publish Date: Mon, 13 Jul 2026 07:35 PM (IST)
Updated Date: Tue, 14 Jul 2026 04:07 AM (IST)
ਸਹੀ ਵੋਟਰਾਂ ਦੇ ਅਧਿਕਾਰਾਂ ਦੀ ਰੱਖਿਆ ’ਤੇ ਦਿੱਤਾ ਜ਼ੋਰ : ਚੌਧਰੀ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਡਾ. ਰਾਕੇਸ਼ ਪੁਰੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਸੈਕਟਰੀ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਐਸਆਈਆਰ ਇੰਚਾਰਜ ਸ਼ਿਵਰਾਜ ਚੌਧਰੀ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦੌਰਾਨ ਐੱਸਆਈਆਰ ਸਬੰਧੀ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸ਼ਿਵਰਾਜ ਚੌਧਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਐੱਸਆਈਆਰ ਵੋਟਰ ਸੂਚੀ ਨੂੰ ਸਹੀ, ਪਾਰਦਰਸ਼ੀ ਅਤੇ ਅਪਡੇਟ ਕਰਨ ਦੀ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ। ਇਸ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵੋਟਰ ਸੂਚੀ ਵਿੱਚ ਸਿਰਫ਼ ਯੋਗ ਨਾਗਰਿਕਾਂ ਦੇ ਨਾਮ ਦਰਜ ਹੋਣ ਤੇ ਕਿਸੇ ਵੀ ਯੋਗ ਵਿਅਕਤੀ ਦਾ ਨਾਮ ਬਿਨਾਂ ਕਾਰਨ ਵੋਟਰ ਸੂਚੀ ਵਿੱਚੋਂ ਨਾ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਐਸਆਈਆਰ ਪ੍ਰਕਿਰਿਆ ਦੌਰਾਨ ਵੋਟਰਾਂ ਦੀ ਜਾਣਕਾਰੀ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਵੋਟਰ ਸੂਚੀ ਵਿੱਚ ਪਾਰਦਰਸ਼ਤਾ ਬਣੀ ਰਹੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟਰ ਵੇਰਵਿਆਂ ਦੀ ਜਾਂਚ ਕਰਨ, ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਅਤੇ ਜੇਕਰ ਕਿਸੇ ਤਰ੍ਹਾਂ ਦੀ ਗਲਤੀ ਹੋਵੇ ਤਾਂ ਉਸ ਨੂੰ ਠੀਕ ਕਰਵਾਉਣ ਲਈ ਅੱਗੇ ਆਉਣ।ਸ਼ਿਵਰਾਜ ਚੌਧਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ ਦੀ ਡਿਊਟੀ ਇਸ ਲਈ ਲਗਾਈ ਗਈ ਹੈ ਤਾਂ ਜੋ ਲੋਕਾਂ ਤੱਕ ਐਸਆਈਆਰ ਬਾਰੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਯੋਗ ਵੋਟਰ ਦੀ ਵੋਟ ਨਾ ਕੱਟੇ, ਇਸ ਲਈ ਪਾਰਟੀ ਵਰਕਰ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ। ਉਨ੍ਹਾਂ ਅੱਗੇ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਸਹੀ ਅਤੇ ਅਪਡੇਟ ਵੋਟਰ ਸੂਚੀ ਬਹੁਤ ਜ਼ਰੂਰੀ ਹੈ। ਵੋਟ ਦਾ ਅਧਿਕਾਰ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਅਤੇ ਇਸ ਦੀ ਰੱਖਿਆ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਮੰਡਲ ਪ੍ਰਧਾਨ ਡਾ. ਰਾਕੇਸ਼ ਪੁਰੀ ਵੱਲੋਂ ਭਾਜਪਾ ਦੇ ਸੂਬਾ ਸੈਕਟਰੀ ਸ਼ਿਵਰਾਜ ਚੌਧਰੀ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਾ. ਰਾਕੇਸ਼ ਪੁਰੀ ਨੇ ਕਿਹਾ ਕਿ ਪਾਰਟੀ ਵੱਲੋਂ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ’ਤੇ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਐਸਆਈਆਰ ਸਬੰਧੀ ਵੀ ਲੋਕਾਂ ਨੂੰ ਸਹੀ ਜਾਣਕਾਰੀ ਦੇਣਾ ਸਮੇਂ ਦੀ ਲੋੜ ਹੈ। ਇਸ ਮੌਕੇ ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ, ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਸੰਨੀ ਬੈਂਸ, ਮੁਕੇਸ਼ ਧੀਰ, ਪ੍ਰੇਮ ਭਗਤ, ਅਸ਼ਵਨੀ ਸ਼ਰਮਾ, ਜੱਗਾ ਸਿੰਘ, ਜਰਨੈਲ ਸਿੰਘ, ਅਜੈ-ਸ਼ੰਕਰ ਜੋਸ਼ੀ, ਹਰਭਾਲ ਸਿੰਘ, ਪੁਨੀਤ ਸਿੰਘ, ਕਰਨਪੁਰੀ, ਰਵਿੰਦਰ ਜੈਨ, ਰੇਖਾ ਰਾਣੀ, ਮਾਨਵ, ਗੌਰਵ ਕੁਮਾਰ, ਬਲਵਿੰਦਰ ਕੁਮਾਰ, ਸਰਬਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ।