ਸੁੰਦਰ ਪਾਰਕ ਬਣਿਆ ਪਸ਼ੂਆਂ ਦੀ ਚਰਾਂਦ
ਸੁੰਦਰ ਪਾਰਕ ਬਣੇ ਪਸ਼ੂਆਂ ਦੀ ਚਾਰਗਾਹ, ਕਰ ਰਹੇ ਉਜਾੜਾ
Publish Date: Sat, 20 Jun 2026 08:54 PM (IST)
Updated Date: Sat, 20 Jun 2026 08:57 PM (IST)

ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ਼ਹਿਰ ਦੀ ਪ੍ਰਮੁੱਖ ਰਿਹਾਇਸ਼ੀ ਤੇ ਪੌਸ਼ ਕਲੋਨੀ ਵਜੋਂ ਜਾਣੀ ਜਾਂਦੀ ਬੇਬੇ ਨਾਨਕੀ ਅਰਬਨ ਅਸਟੇਟ (ਪੁੱਡਾ ਕਲੋਨੀ) ਵਿਚ ਲੋਕਾਂ ਲਈ ਸੈਰ-ਸਪਾਟੇ ਤੇ ਬੱਚਿਆਂ ਦੇ ਖੇਡਣ ਵਾਸਤੇ ਬਣਾਏ ਗਏ ਸੁੰਦਰ ਪਾਰਕ ਹੁਣ ਆਪਣੀ ਬਦਹਾਲੀ ਤੇ ਹੰਝੂ ਵਹਾਉਂਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਪਾਰਕਾਂ ਨੂੰ ਹਰਿਆਲੀ, ਸਫ਼ਾਈ ਤੇ ਸਿਹਤਮੰਦ ਮਾਹੌਲ ਦਾ ਪ੍ਰਤੀਕ ਬਣਨਾ ਚਾਹੀਦਾ ਸੀ, ਉਹ ਅੱਜ ਪਸ਼ੂਆਂ ਦੀ ਆਰਾਮਗਾਹ ਬਣ ਕੇ ਰਹਿ ਗਏ ਹਨ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਪਾਰਕਾਂ ਵਿਚ ਅਕਸਰ ਲੋਕਾਂ ਦੀਆਂ ਮੱਝਾਂ ਤੇ ਹੋਰ ਪਸ਼ੂ ਖੁੱਲ੍ਹੇਆਮ ਘੁੰਮਦੇ ਤੇ ਆਰਾਮ ਕਰਦੇ ਦਿਖਾਈ ਦਿੰਦੇ ਹਨ। ਪਾਰਕਾਂ ਦੇ ਅੰਦਰ ਪਸ਼ੂਆਂ ਦੀ ਮੌਜੂਦਗੀ ਕਾਰਨ ਨਾ ਸਿਰਫ਼ ਹਰਿਆਲੀ ਨੂੰ ਨੁਕਸਾਨ ਪਹੁੰਚ ਰਿਹਾ ਹੈ, ਸਗੋਂ ਚਾਰੋਂ ਪਾਸੇ ਗੰਦਗੀ ਦੇ ਢੇਰ ਵੀ ਲੱਗ ਰਹੇ ਹਨ। ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਬੱਚੇ ਖੇਡਣ ਲਈ ਤੇ ਬਜ਼ੁਰਗ ਸੈਰ ਕਰਨ ਲਈ ਪਾਰਕਾਂ ਵਿਚ ਜਾਣ ਤੋਂ ਕਤਰਾਉਣ ਲੱਗ ਪਏ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਲੱਖਾਂ ਰੁਪਏ ਮੇਨਟੇਨੈਂਸ ਤੇ ਹੋਰ ਫੀਸਾਂ ਦੇ ਰੂਪ ਵਿਚ ਅਦਾ ਕਰਦੇ ਹਨ, ਪਰ ਇਸ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਦਾ ਸਵਾਲ ਹੈ ਕਿ ਜੇਕਰ ਮੇਨਟੇਨੈਂਸ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਤਾਂ ਫਿਰ ਪਾਰਕਾਂ ਦੀ ਇਹ ਦੁਰਦਸ਼ਾ ਕਿਉਂ ਹੈ? ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਅਧਿਕਾਰੀ ਦਫ਼ਤਰਾਂ ਵਿਚ ਬੈਠ ਕੇ ਕਾਗਜ਼ੀ ਦਾਅਵੇ ਤਾਂ ਕਰ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਪਾਰਕਾਂ ਦੀ ਸਥਿਤੀ ਇਹ ਦਰਸਾ ਰਹੀ ਹੈ ਕਿ ਸੰਭਾਲ ਤੇ ਨਿਗਰਾਨੀ ਦਾ ਪ੍ਰਬੰਧ ਲਗਭਗ ਨਾਮਾਤਰ ਰਹਿ ਗਿਆ ਹੈ। ਲੋਕਾਂ ਨੇ ਸਵਾਲ ਉਠਾਇਆ ਹੈ ਕਿ ਜਦੋਂ ਰਿਹਾਇਸ਼ੀ ਕਾਲੋਨੀ ਦੇ ਪਾਰਕ ਹੀ ਸੁਰੱਖਿਅਤ ਤੇ ਸਾਫ਼ ਨਹੀਂ ਰਹੇ ਤਾਂ ਫਿਰ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਦਾਅਵਿਆਂ ਦੀ ਅਸਲੀਅਤ ਕੀ ਹੈ? ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਾਰਕਾਂ ਵਿਚ ਪਸ਼ੂਆਂ ਦੇ ਦਾਖਲੇ ਨੂੰ ਤੁਰੰਤ ਰੋਕਿਆ ਜਾਵੇ, ਨਿਯਮਿਤ ਸਫ਼ਾਈ ਕਰਵਾਈ ਜਾਵੇ ਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਤਾਂ ਜੋ ਪਾਰਕ ਇਕ ਵਾਰ ਫਿਰ ਬੱਚਿਆਂ, ਬਜ਼ੁਰਗਾਂ ਤੇ ਪਰਿਵਾਰਾਂ ਲਈ ਸੁਰੱਖਿਅਤ ਤੇ ਸੁੰਦਰ ਬਣ ਸਕਣ। ਇਸ ਵੇਲੇ ਤਾਂ ਹਾਲਾਤ ਇਹ ਹਨ ਕਿ ਜਿਨ੍ਹਾਂ ਪਾਰਕਾਂ ਨੂੰ ਕਾਲੋਨੀ ਦੀ ਸ਼ਾਨ ਹੋਣਾ ਚਾਹੀਦਾ ਸੀ, ਉਹ ਪ੍ਰਸ਼ਾਸਨ ਦੀ ਲਾਪਰਵਾਹੀ ਦੀ ਜਿਉਂਦੀ-ਜਾਗਦੀ ਤਸਵੀਰ ਬਣੇ ਹੋਏ ਹਨ।