ਸਾਵਧਾਨ ਤੁਹਾਨੂੰ ਵੀ ਹੋ ਸਕਦੀ ਵਿਟਾਮਿਨ ਡੀ ਦੀ ਕਮੀ : ਡਾ. ਕਲੇਰ
ਵਿਟਾਮਿਨ ਡੀ ਦੀ ਕਮੀ ਦਾ ਹੋ ਸਕਦਾ ਹੈ ਸੰਕੇਤ - ਡਾ ਕੁਲਦੀਪ ਕਲੇਰ
Publish Date: Tue, 16 Jun 2026 09:32 PM (IST)
Updated Date: Tue, 16 Jun 2026 09:33 PM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਥਕਾਵਟ, ਕਮਜ਼ੋਰੀ ਤੇ ਸੁਸਤੀ ਮਹਿਸੂਸ ਹੋਣਾ ਆਮ ਗੱਲ ਹੈ ਪਰ ਬਹੁਤੇ ਲੋਕ ਇਨ੍ਹਾਂ ਸਮੱਸਿਆਵਾਂ ਨੂੰ ਤਣਾਅ, ਨੀਂਦ ਦੀ ਘਾਟ ਜਾਂ ਕੰਮ ਦੇ ਵੱਧ ਬੋਝ ਨਾਲ ਜੋੜ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਮਾਹਿਰਾਂ ਮੁਤਾਬਕ ਕਈ ਵਾਰ ਇਹ ਲੱਛਣ ਸਰੀਰ ਵਿਚ ਵਿਟਾਮਿਨ ਡੀ ਦੀ ਕਮੀ ਦਾ ਸੰਕੇਤ ਵੀ ਹੋ ਸਕਦੇ ਹਨ। ਡਾ. ਕੁਲਦੀਪ ਕਲੇਰ ਦਿਲ, ਸ਼ੂਗਰ ਤੇ ਸਕੈਨਿੰਗ ਦੇ ਮਾਹਿਰ (ਐੱਮਬੀਬੀਐੱਸ, ਐੱਮਡੀ, ਐਕਸ ਪੀਜੀਆਈ ਚੰਡੀਗੜ੍ਹ) ਅਨੁਸਾਰ ਵਿਟਾਮਿਨ ਡੀ ਸਰੀਰ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ, ਮਾਸਪੇਸ਼ੀਆਂ ਦੀ ਕਾਰਗੁਜ਼ਾਰੀ ਨੂੰ ਸੁਧਾਰਨ ਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੀ ਕਮੀ ਸ਼ੁਰੂਆਤੀ ਪੜਾਅ ਵਿਚ ਆਮ ਲੱਛਣਾਂ ਰਾਹੀਂ ਸਾਹਮਣੇ ਆਉਂਦੀ ਹੈ, ਜਿਸ ਕਾਰਨ ਲੋਕ ਅਕਸਰ ਇਸ ਨੂੰ ਪਛਾਣ ਨਹੀਂ ਸਕਦੇ। ਲਗਾਤਾਰ ਥਕਾਵਟ ਤੇ ਐਨਰਜੀ ਦੀ ਕਮੀ ਜੇਕਰ ਪੂਰੀ ਨੀਂਦ ਲੈਣ ਦੇ ਬਾਵਜੂਦ ਵੀ ਤੁਸੀਂ ਦਿਨ ਭਰ ਥਕਾਵਟ ਮਹਿਸੂਸ ਕਰਦੇ ਹੋ ਤੇ ਸਰੀਰ ਵਿਚ ਤਾਜ਼ਗੀ ਦੀ ਘਾਟ ਰਹਿੰਦੀ ਹੈ, ਤਾਂ ਇਹ ਵਿਟਾਮਿਨ ਡੀ ਦੀ ਕਮੀ ਦਾ ਸੰਕੇਤ ਹੋ ਸਕਦਾ ਹੈ। ਲੰਬੇ ਸਮੇਂ ਤੱਕ ਰਹਿਣ ਵਾਲੀ ਥਕਾਵਟ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਮਾਸਪੇਸ਼ੀਆਂ ਦੀ ਕਮਜ਼ੋਰੀ ਵਿਟਾਮਿਨ ਡੀ ਦੀ ਕਮੀ ਕਾਰਨ ਮਾਸਪੇਸ਼ੀਆਂ ਦੀ ਤਾਕਤ ਘੱਟ ਹੋ ਸਕਦੀ ਹੈ। ਕਈ ਲੋਕਾਂ ਨੂੰ ਲੱਤਾਂ ਜਾਂ ਕਮਰ ਵਿਚ ਭਾਰੀਪਨ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ। ਇਹ ਸਮੱਸਿਆ ਅਕਸਰ ਉਮਰ ਜਾਂ ਕਸਰਤ ਦੀ ਘਾਟ ਨਾਲ ਜੋੜੀ ਜਾਂਦੀ ਹੈ, ਪਰ ਇਸ ਦੇ ਪਿੱਛੇ ਵਿਟਾਮਿਨ ਡੀ ਦੀ ਕਮੀ ਵੀ ਹੋ ਸਕਦੀ ਹੈ। ਹੱਡੀਆਂ ਤੇ ਜੋੜਾਂ ਵਿਚ ਦਰਦ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਹੱਡੀਆਂ, ਜੋੜਾਂ ਜਾਂ ਸਰੀਰ ਵਿਚ ਦਰਦ ਤੇ ਜਕੜਨ ਮਹਿਸੂਸ ਹੋਣਾ ਵੀ ਇਸ ਕਮੀ ਦਾ ਸੰਕੇਤ ਹੋ ਸਕਦਾ ਹੈ। ਵਿਟਾਮਿਨ ਡੀ ਸਰੀਰ ਵਿਚ ਕੈਲਸ਼ੀਅਮ ਦੇ ਅਵਸ਼ੋਸ਼ਣ ਵਿਚ ਮਦਦ ਕਰਦਾ ਹੈ, ਜਿਸ ਦੀ ਘਾਟ ਹੱਡੀਆਂ ਨੂੰ ਕਮਜ਼ੋਰ ਬਣਾ ਸਕਦੀ ਹੈ। ਵਾਲਾਂ ਦਾ ਝੜਨਾ ਤੇ ਮੂਡ ਸਵਿੰਗ ਵਿਟਾਮਿਨ ਡੀ ਦੀ ਕਮੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਚਿੜਚਿੜਾਪਨ, ਉਦਾਸੀ, ਉਤਸ਼ਾਹ ਦੀ ਘਾਟ ਤੇ ਮੂਡ ਵਿਚ ਵਾਰ-ਵਾਰ ਬਦਲਾਅ ਇਸ ਦੇ ਲੱਛਣ ਹੋ ਸਕਦੇ ਹਨ। ਇਸ ਦੇ ਨਾਲ ਹੀ ਵਾਲ ਝੜਨਾ ਵੀ ਕਈ ਵਾਰ ਇਸ ਕਮੀ ਨਾਲ ਜੁੜਿਆ ਹੋ ਸਕਦਾ ਹੈ। ਵਾਰ-ਵਾਰ ਇਨਫੈਕਸ਼ਨ ਹੋਣਾ ਜੇਕਰ ਤੁਹਾਨੂੰ ਅਕਸਰ ਜ਼ੁਕਾਮ, ਖੰਘ ਜਾਂ ਹੋਰ ਇਨਫੈਕਸ਼ਨ ਹੁੰਦੇ ਹਨ ਤੇ ਠੀਕ ਹੋਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ, ਤਾਂ ਇਹ ਕਮਜ਼ੋਰ ਇਮਿਊਨ ਸਿਸਟਮ ਦਾ ਸੰਕੇਤ ਹੋ ਸਕਦਾ ਹੈ। ਵਿਟਾਮਿਨ ਡੀ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦਾ ਹੈ। ਕਿਹੜੇ ਲੋਕਾਂ ਨੂੰ ਹੈ ਵੱਧ ਖਤਰਾ ਜੋ ਲੋਕ ਜ਼ਿਆਦਾਤਰ ਸਮਾਂ ਘਰਾਂ ਜਾਂ ਦਫ਼ਤਰਾਂ ਦੇ ਅੰਦਰ ਬਿਤਾਉਂਦੇ ਹਨ ਤੇ ਸੂਰਜ ਦੀ ਰੌਸ਼ਨੀ ਦੇ ਘੱਟ ਸੰਪਰਕ ਵਿਚ ਰਹਿੰਦੇ ਹਨ, ਉਨ੍ਹਾਂ ਵਿਚ ਵਿਟਾਮਿਨ ਡੀ ਦੀ ਕਮੀ ਦਾ ਖਤਰਾ ਵੱਧ ਹੁੰਦਾ ਹੈ। ਇਸ ਤੋਂ ਇਲਾਵਾ ਬਜ਼ੁਰਗ, ਗਰਭਵਤੀ ਔਰਤਾਂ, ਮੀਨੋਪੌਜ਼ ਤੋਂ ਬਾਅਦ ਦੀਆਂ ਔਰਤਾਂ ਤੇ ਪ੍ਰਦੂਸ਼ਿਤ ਖੇਤਰਾਂ ਵਿਚ ਰਹਿਣ ਵਾਲੇ ਲੋਕ ਵੀ ਇਸ ਸਮੱਸਿਆ ਦਾ ਵੱਧ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਲੱਛਣ ਕਈ ਹਫ਼ਤਿਆਂ ਤੱਕ ਲਗਾਤਾਰ ਬਣੇ ਰਹਿਣ, ਤਾਂ ਆਪਣੇ ਡਾਕਟਰ ਨਾਲ ਸਲਾਹ ਕਰਕੇ ਵਿਟਾਮਿਨ ਡੀ ਦੀ ਜਾਂਚ ਕਰਵਾਉਣਾ ਬਿਹਤਰ ਰਹੇਗਾ। ਸਮੇਂ ਸਿਰ ਪਛਾਣ ਤੇ ਸਹੀ ਇਲਾਜ ਨਾਲ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।