ਬੀਬੀਐੱਮਬੀ ਵੱਲੋਂ ਪਾਣੀ ਛੱਡਣ ’ਤੇ ਮੰਡ ਖੇਤਰ ’ਚ ਡਰ ਦਾ ਮਾਹੌਲ
ਬੀਬੀਐਮਬੀ ਵੱਲੋਂ ਡੈਮ ਚੋਂ ਪਾਣੀ ਰਿਲੀਜ਼ ਕਰਨ ਤੇ ਮੰਡ ਖੇਤਰ ਵਿੱਚ ਡਰ ਤੇ ਸਹਿਮ ਵਾਲਾ ਮਾਹੌਲ
Publish Date: Sun, 14 Jun 2026 07:39 PM (IST)
Updated Date: Sun, 14 Jun 2026 07:42 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਕੀ ਕੁਦਰਤ ਦਾ ਕਹਿਰ ਇਸ ਸਾਲ ਵੀ 2026 ਵਿਚ ਬੀਤੇ ਸਾਲ ਵਾਂਗ ਬਰਪੇਗਾ। ਇਹ ਸਵਾਲ ਅੱਜ ਹਲਕਾ ਸੁਲਤਾਨਪੁਰ ਲੋਧੀ ਵਿਚ ਪੈਂਦੇ ਮੰਡ ਖੇਤਰ ਦੇ ਕਿਸਾਨਾਂ ਦੀ ਜ਼ੁਬਾਨ ’ਤੇ ਉਭਰਨਾ ਸ਼ੁਰੂ ਹੋ ਗਿਆ ਕਿਉਂਕਿ ਹਾਲੇ ਮਾਨਸੂਨ ਸ਼ੁਰੂ ਨਾ ਹੋਣ ਦੇ ਬਾਵਜੂਦ ਪਹਾੜੀ ਤੇ ਮੈਦਾਨੀ ਖੇਤਰ ਵਿਚ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਬੀਬੀਐੱਮਬੀ ਵੱਲੋਂ ਦਰਿਆ ਬਿਆਸ ਵਿਚ ਪਹਿਲਾਂ ਪਾਣੀ ਛੱਡਣਾ ਪਿਆ। ਹਾਲਾਂਕਿ ਇਸ ਸਮੇਂ ਅਜਿਹੀ ਕੋਈ ਵੀ ਖਤਰਨਾਕ ਸੂਰਤ ਨਹੀਂ ਹੈ ਪ੍ਰੰਤੂ ਫਿਰ ਵੀ ਜੇ ਮਾਨਸੂਨ ਵਿਚ ਭਾਰੀ ਬਾਰਿਸ਼ ਤੇ ਡੈਮਾਂ ਤੋਂ ਪਾਣੀ ਛੱਡਣਾ ਪਿਆ ਤਾਂ ਅਜਿਹੇ ਹਾਲਾਤ ਪੈਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ 2023 ਤੇ ਫਿਰ 2025 ਵਿਚ ਦਰਿਆ ਬਿਆਸ ਵਿਚ ਪੈਂਦੇ ਪਿੰਡ ਬਾਊਪੁਰ ਜਦੀਦ ਆਰਜੀ ਬੰਨ੍ਹ ਟੁੱਟਣ ਕਾਰਨ ਇਸ ਦਰਿਆ ਦੇ ਪਾਣੀ ਨੇ ਕਰੀਬ 20-25 ਪਿੰਡਾਂ ਵਿਚ ਆਪਣਾ ਪੂਰਾ ਕਹਿਰ ਮਚਾਇਆ ਸੀ ਤੇ 25 ਤੋਂ 40 ਹਜ਼ਾਰ ਏਕੜ ਫਸਲ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ ਤੇ ਇਹ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ। ਪਿਛਲੀ ਵਾਰ ਇਸ ਖੇਤਰ ਵਿਚ ਮਚਾਈ ਪਾਣੀ ਦੀ ਤਬਾਹੀ ਕਾਰਨ 11 ਘਰ ਵੀ ਪਾਣੀ ਵਿਚ ਰੁੜ੍ਹ ਗਏ ਸਨ। ਖੇਤਾਂ ਵਿਚ ਭਰੀ ਰੇਤ ਅੱਜ ਵੀ ਕਈ ਕਿਸਾਨਾਂ ਲਈ ਮੁਸੀਬਤ ਬਣੀ ਹੋਈ ਹੈ। ਵਾਰ-ਵਾਰ ਹੜ੍ਹਾਂ ਦੀ ਮਾਰ ਕਾਰਨ ਕਿਸਾਨ ਕਰਜ਼ੇ ਦੇ ਬੋਝ ਹੇਠ ਦੱਬੇ ਹੋਏ ਹਨ ਜਦਕਿ ਕਈ ਪਰਿਵਾਰਾਂ ਨੂੰ ਅਜੇ ਤੱਕ ਮੁਆਵਜ਼ਾ ਵੀ ਨਹੀਂ ਮਿਲਿਆ। ਹੜ੍ਹ ਦੇ ਸੰਭਾਵੀ ਖਤਰੇ ਨੂੰ ਵੇਖਦਿਆਂ ਹਾਲੇ ਤੱਕ ਇਨ੍ਹਾਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ। ਡੈਮ ਤੋਂ ਪਾਣੀ ਲਗਾਤਾਰ ਰਿਲੀਜ਼ ਕਰਨ ਦੀ ਕੀਤੀ ਮੰਗ- ਮੰਡ ਖੇਤਰ ਦੇ ਕਿਸਾਨ ਆਗੂ ਅਮਰ ਸਿੰਘ ਮੰਡ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹੜ੍ਹਾਂ ਦਾ ਮੁੱਖ ਕਾਰਨ ਡੈਮ ’ਚੋਂ ਪਾਣੀ ਇਕੱਠੇ ਰਿਲੀਜ਼ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇ ਬੀਬੀਐੱਮਬੀ ਵਾਧੂ ਪਾਣੀ ਨੂੰ ਸਟੋਰ ਕਰਨ ਦੀ ਬਜਾਏ ਲਗਾਤਾਰ ਰਿਲੀਜ਼ ਕਰਦੀ ਰਹੇ ਤਾਂ ਹੜ੍ਹਾਂ ਦਾ ਖਤਰਾ ਘੱਟ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਫਿਰ ਹਰੀਕੇ ਤੋਂ ਵੀ ਲਗਾਤਾਰ ਰਿਲੀਜ਼ ਕੀਤਾ ਜਾਵੇ ਜਿਸ ਨਾਲ ਕਿਸਾਨ ਤੇ ਫਸਲਾਂ ਦੋਵੇਂ ਬਚ ਸਕਦੀਆਂ ਹਨ। ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਬੰਨ੍ਹ ਮਜ਼ਬੂਤ ਕਰਨ ਦੀ ਕੀਤੀ ਮੰਗ ਮੰਡ ਖੇਤਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਸਰਵਣ ਸਿੰਘ ਬਾਊਪੁਰ, ਸ਼ੇਰ ਸਿੰਘ ਮਹੀਵਾਲ, ਕੁਲਦੀਪ ਸਿੰਘ ਸਾਂਗਰਾ, ਸਰਪੰਚ ਗੁਰਮੀਤ ਸਿੰਘ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਹੜ੍ਹ ਆਉਣ ਦੀ ਉਡੀਕ ਕਰਨ ਦੀ ਬਜਾਏ ਹੁਣ ਤੋਂ ਹੀ ਬਿਆਸ ਦਰਿਆ ਦੀ ਸਫਾਈ ਤੇ ਡੁੰਘਾਈ ਵਧਾਉਣ ਦੇ ਕੰਮ ਨੂੰ ਸ਼ੁਰੂ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਪਾਣੀ ਹੇਠਲੇ ਪਾਸੇ ਨਿਕਲ ਸਕੇ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ 2019-2023-2025 ਵਿਚ ਪ੍ਰਭਾਵਿਤ ਹੋਏ ਬੰਨ੍ਹਾਂ ਨੂੰ ਤੁਰੰਤ ਮਜ਼ਬੂਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੱਡੀ ਤਬਾਹੀ ਤੋਂ ਬਚਿਆ ਜਾ ਸਕੇ। ਇਹ ਕਮਜ਼ੋਰ ਬੰਨ੍ਹ ਹਜ਼ਾਰਾਂ ਏਕੜ ਫਸਲ ਤੇ ਦਰਜਨਾਂ ਪਿੰਡਾਂ ਲਈ ਖਤਰਨਾਕ ਬਣ ਸਕਦੇ ਹਨ।