ਬੀਐੱਲਓ ਅਧਿਆਪਕਾਂ ਦੇ ਤਬਾਦਲਿਆਂ 'ਤੇ ਰੋਕ ਲਗਾਉਣਾ ਸਰਕਾਰੀ ਤਾਨਾਸ਼ਾਹੀ : ਜੀਟੀਯੂ
ਬੀਐਲਓ ਕੰਮ ਵਿੱਚ ਲੱਗੇ ਅਧਿਆਪਕਾਂ ਦੇ ਤਬਾਦਲਿਆਂ 'ਤੇ ਰੋਕ ਲਗਾਉਣਾ ਸਰਕਾਰੀ ਤਾਨਾਸ਼ਾਹੀ-ਜੀ.ਟੀ.ਯੂ. ਪੰਜਾਬ
Publish Date: Thu, 18 Jun 2026 09:26 PM (IST)
Updated Date: Thu, 18 Jun 2026 09:27 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ, ਜ਼ਿਲ੍ਹਾ ਕਪੂਰਥਲਾ ਦੇ ਸੀਨੀਅਰ ਆਗੂ ਦਲਜੀਤ ਸਿੰਘ ਸੈਣੀ, ਤਹਿਸੀਲ ਫਗਵਾੜਾ ਦੇ ਪ੍ਰਧਾਨ ਪਰਮਜੀਤ ਚੌਹਾਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਜਾਰੀ ਪੱਤਰ ਨੰਬਰ ਸੀਈਓ/ਐੱਸਆਈਆਰ-2026/ਪੀ-5839 ਮਿਤੀ 16 ਜੂਨ 2026 ਅਨੁਸਾਰ ਐੱਸਆਈਆਰ-2026 ਲਈ ਨਿਯੁਕਤ ਬੀਐੱਲਓ ਤੇ ਸੁਪਰਵਾਈਜ਼ਰਾਂ ਦੇ ਤਬਾਦਲਿਆਂ ਤੇ 1 ਅਕਤੂਬਰ 2026 ਤੱਕ ਰੋਕ ਲਗਾ ਦਿੱਤੀ ਗਈ ਹੈ। ਜੋ ਸਰਕਾਰ ਤੇ ਚੋਣ ਕਮਿਸ਼ਨ ਦੀ ਤਾਨਾਸ਼ਾਹੀ ਹੈ ਕਿਉਂਕਿ ਲੰਬੇ ਸਮੇਂ ਤੋਂ ਆਪਣੇ ਘਰਾਂ ਤੋਂ ਦੂਰ ਬੈਠੇ ਅਧਿਆਪਕਾਂ ਨੂੰ ਤਬਾਦਲੇ ਦਾ ਇੰਤਜ਼ਾਰ ਹੁੰਦਾ ਹੈ। ਇਕ ਪਾਸੇ ਨਾਲੇ ਤਾਂ ਚੋਣ ਕਮਿਸ਼ਨ ਅਧਿਆਪਕਾਂ ਤੋਂ ਚੋਣਾਂ ਦਾ ਕੰਮ ਲੈ ਰਿਹਾ ਹੈ ਤੇ ਦੂਜੇ ਪਾਸੇ ਚੋਣਾਂ ਦੇ ਕੰਮ ਦੇ ਇਵਜ ਵਿਚ ਉਨ੍ਹਾਂ ਦੀਆਂ ਬਦਲੀਆਂ ’ਤੇ ਰੋਕ ਲਾ ਕੇ ਸਜ਼ਾ ਦੇ ਰਿਹਾ ਜਿਸ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਅਧਿਆਪਕਾਂ ਦੀਆਂ ਬਦਲੀਆਂ ਤੈਅ ਸਮੇਂ ’ਤੇ ਕੀਤੀਆਂ ਜਾਣ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀ ਤਬਾਦਲਾ ਪ੍ਰਕਿਰਿਆ ਪਹਿਲਾਂ ਹੀ ਵੱਖ-ਵੱਖ ਤਕਨੀਕੀ ਖਾਮੀਆਂ, ਸਟੇ ਸਬੰਧੀ ਮਾਮਲਿਆਂ, ਗਲਤ ਡਾਟਾ ਅਪਲੋਡ ਹੋਣ ਤੇ ਤਬਾਦਲਾ ਪੋਰਟਲ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਵਿਵਾਦਾਂ ਵਿਚ ਘਿਰੀ ਹੋਈ ਹੈ। ਅਜਿਹੇ ਸਮੇਂ ਵਿਚ ਚੋਣ ਕਮਿਸ਼ਨ ਦੇ ਇਸ ਨਵੇਂ ਹੁਕਮ ਨੇ ਪੂਰੀ ਪ੍ਰਕਿਰਿਆ ਨੂੰ ਲੈ ਕੇ ਹੋਰ ਵੀ ਭੰਬਲਭੂਸੇ ਤੇ ਅਸਮੰਜਸ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਪੱਤਰ ਵਿਚ ਸਪੱਸ਼ਟ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ 8 ਜੂਨ 2026 ਤੱਕ ਨਿਯੁਕਤ ਬੀਐੱਲਓਜ਼ ਦੀ ਸੂਚੀ ਕਮਿਸ਼ਨ ਨੂੰ ਭੇਜੀ ਜਾ ਚੁੱਕੀ ਹੈ ਤੇ ਉਨ੍ਹਾਂ ਦੇ ਨਾਮ ਗਿਣਤੀ ਪ੍ਰੋਫਾਰਮਿਆਂ ਤੇ ਪਹਿਲਾਂ ਹੀ ਛਪ ਚੁੱਕੇ ਹਨ। ਇਸ ਲਈ ਕਮਿਸ਼ਨ ਦੀ ਪਹਿਲਾਂ ਤੋਂ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਬੀਐੱਲਓ ਨੂੰ ਉਸਦੇ ਮੌਜੂਦਾ ਕਾਰਜ ਸਥਾਨ ਤੋਂ ਤਬਦੀਲ ਨਹੀਂ ਕੀਤਾ ਜਾ ਸਕਦਾ। ਨਾਲ ਹੀ, ਜੇਕਰ ਕਿਸੇ ਬੀਐੱਲਓ ਦਾ ਤਬਾਦਲਾ ਸੂਚੀ ਅੰਤਿਮ ਰੂਪ ਵਿਚ ਤੈਅ ਹੋਣ ਤੋਂ ਬਾਅਦ ਕੀਤਾ ਗਿਆ ਹੈ ਤਾਂ ਉਸਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਯੂਨੀਅਨ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਨੂੰ ਤੁਰੰਤ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਬੀਐੱਲਓ ਡਿਊਟੀ ਨਿਭਾ ਰਹੇ ਅਧਿਆਪਕਾਂ ਦੇ ਤਬਾਦਲਿਆਂ ਸਬੰਧੀ ਕੀ ਨੀਤੀ ਅਪਣਾਈ ਜਾਵੇਗੀ। ਜੇਕਰ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਕਾਰਨ ਅਜਿਹੇ ਅਧਿਆਪਕਾਂ ਦੇ ਤਬਾਦਲਿਆਂ ਤੇ ਰੋਕ ਲਗਣੀ ਹੈ ਤਾਂ ਇਸ ਸਬੰਧੀ ਜਾਣਕਾਰੀ ਪਹਿਲਾਂ ਹੀ ਜਨਤਕ ਕੀਤੀ ਜਾਣੀ ਚਾਹੀਦੀ ਸੀ, ਤਾਂ ਜੋ ਅਧਿਆਪਕ ਬੇਲੋੜੀ ਪ੍ਰੇਸ਼ਾਨੀ ਤੇ ਮਾਨਸਿਕ ਤਣਾਅ ਦਾ ਸ਼ਿਕਾਰ ਨਾ ਹੁੰਦੇ। ਐੱਸਆਈਆਰ ਦਾ ਕੰਮ ਮੁਕੰਮਲ ਹੋਣ ’ਤੇ ਬਦਲੇ ਸਟੇਸ਼ਨ ’ਤੇ ਜਾਣ ਦਿੱਤਾ ਜਾਵੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਸਲਾਹ ਦਿੰਦਿਆਂ ਕਿਹਾ ਜੇਕਰ ਕਿਸੇ ਬੀਐੱਲਓ ਦੀ ਬਦਲੀ ਹੋ ਜਾਂਦੀ ਹੈ ਤਾਂ ਉਸ ਨੂੰ ਬਦਲੀ ਵਾਲੇ ਸਟੇਸ਼ਨ ’ਤੇ ਜੁਆਇਨ ਕਰਨ ਉਪਰੰਤ ਉਸਦੀ ਡਿਊਟੀ ਉਸੇ ਸਕੂਲ ਵਿਚ ਲਗਾ ਦਿੱਤੀ ਜਾਵੇ। ਜਦੋਂ ਐੱਸਆਈਆਰ ਦਾ ਕੰਮ ਪੂਰਾ ਹੋ ਜਾਵੇ ਤਾਂ ਉਸ ਨੂੰ ਬਦਲੇ ਸਟੇਸ਼ਨ ’ਤੇ ਜੁਆਇਨ ਕਰਨ ਦਿੱਤਾ ਜਾਵੇਗ। ਇਸ ਨਾਲ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਤਬਾਦਲਾ ਪ੍ਰਕਿਰਿਆ ਨਾਲ ਜੁੜੇ ਸਾਰੇ ਵਿਵਾਦਾਂ, ਤਕਨੀਕੀ ਸਮੱਸਿਆਵਾਂ ਦਾ ਹੱਲ ਵੀ ਨਿਕਲ ਜਾਵੇਗਾ। ਇਸ ਲਈ ਅਧਿਆਪਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਦਰਸ਼ੀ, ਸਪੱਸ਼ਟ ਤੇ ਇਕਸਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤਾਂ ਜੋ ਬਦਲੀਆਂ ਦੀ ਪੂਰੀ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਤੇ ਵਿਵਾਦ ਰਹਿਤ ਢੰਗ ਨਾਲ ਮੁਕੰਮਲ ਹੋ ਸਕੇ।