ਬਾਬਾ ਮੇਜਰ ਸਿੰਘ ਨੇ ਕੀਤੀ ਕੌਮ ਦੀ ਸੱਚੀ ਸੇਵਾ : ਡਾ. ਗਗਨਦੀਪ ਬਾਬਾ ਮੇਜਰ ਸਿੰਘ ਵਲੋਂ ਉੱਤਰਾਖੰਡ ਤੋਂ ਸਿੰਘਾਂ ਨੂੰ ਵਾਪਿਸ ਲੈ ਕੇ ਆਉਣਾ ਕੌਮ ਦੀ ਸੱਚੀ ਸੇਵਾ : ਡਾ ਗਗਨਦੀਪ ਸਿੰਘ
Publish Date: Tue, 30 Jun 2026 09:19 PM (IST)
Updated Date: Tue, 30 Jun 2026 09:22 PM (IST)
ਉੱਤਰਾਖੰਡ ਤੋਂ ਸਿੰਘਾਂ ਨੂੰ ਵਾਪਸ ਲੈ ਕੇ ਆਉਣਾ ਸ਼ਲਾਘਾਯੋਗ ਕੰਮ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਮੇਤ ਹੋਰ ਨਿਹੰਗ ਸਿੰਘ ਜਥੇਬੰਦੀਆਂ ਨੇ ਉੱਤਰਾਖੰਡ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਕੇ ਗ੍ਰਿਫ਼ਤਾਰ ਕੀਤੇ ਗਏ ਸਿੰਘਾਂ ਦੀ ਸੁਰੱਖਿਅਤ ਰਿਹਾਈ ਯਕੀਨੀ ਬਣਾਈ ਤੇ ਕਈ ਦਿਨਾਂ ਤੋਂ ਚੱਲ ਰਹੇ ਮਸਲੇ ਦਾ ਗੱਲਬਾਤ ਰਾਹੀਂ ਹੱਲ ਕੱਢਿਆ ਗਿਆ। ਇਸ ਸਬੰਧੀ ਗੱਲਬਾਤ ਕਰਦੇ ਹੋਏ ਐਂਟੀ ਡਰੱਗ ਕਲੱਬ ਦੋਆਬਾ ਦੇ ਚੇਅਰਮੈਨ ਡਾ. ਗਗਨਦੀਪ ਸਿੰਘ ਤੇ ਵਾਹਿਗੁਰੂ ਅਕੈਡਮੀ ਦੇ ਐੱਮਡੀ ਨਵਪ੍ਰੀਤ ਸਿੰਘ ਨੇ ਕਿਹਾ ਕਿ ਉਤਰਾਖੰਡ ਦੇ ਕਰਨਪ੍ਰਯਾਗ ਵਿਚ ਪਾਰਕਿੰਗ ਵਿਵਾਦ ਤੋਂ ਪੈਦਾ ਹੋਈ ਤਣਾਅਪੂਰਨ ਸਥਿਤੀ ਦਾ ਸ਼ਾਂਤੀਪੂਰਨ ਹੱਲ ਨਿਕਲ ਗਿਆ ਹੈ। ਉਨ੍ਹਾਂ ਕਿਹਾ ਕਿ ਉਤਰਾਖੰਡ ਵਿਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਇਸ ਮਸਲੇ ਨੂੰ ਹੱਲ ਕਰਨ ਲਈ ਸਿੱਖ ਸੰਗਠਨਾਂ ਦੇ ਵਫ਼ਦ ਵੱਲੋਂ ਵੀ ਆਪਣਾ ਯੋਗਦਾਨ ਪਾਇਆ ਗਿਆ ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਦੀ ਅਗਵਾਈ ਬਾਬਾ ਮੇਜਰ ਸਿੰਘ ਸੋਢੀ ਕਰ ਰਹੇ ਸਨ। ਮੁੱਖ ਮੰਤਰੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਸਿਆਸੀ ਸਕੱਤਰ ਤਰੁਣ ਭੰਡਾਰੀ ਨੇ ਸਿੱਖ ਸੰਗਠਨਾਂ ਨਾਲ ਨਿੱਜੀ ਤੌਰ ’ਤੇ ਉਤਰਾਖੰਡ ਦਾ ਦੌਰਾ ਕੀਤਾ। ਇਸ ਮਸਲੇ ਦੇ ਹੱਲ ਲਈ ਤਰੁਣ ਭੰਡਾਰੀ ਬਾਬਾ ਮੇਜਰ ਸਿੰਘ ਸੋਢੀ ਨਾਲ ਪਾਉਂਟਾ ਸਾਹਿਬ ਪਹੁੰਚੇ ਜਿੱਥੇ ਦੋਵਾਂ ਧਿਰਾਂ ਵੱਲੋਂ ਸਮਾਜਿਕ ਸੰਗਠਨਾਂ ਤੇ ਪ੍ਰਸ਼ਾਸਨਿਕ ਪੱਧਰ ’ਤੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਵਿਵਾਦ ਨੂੰ ਸੁਹਿਰਦ ਮਾਹੌਲ ਵਿਚ ਗੱਲਬਾਤ ਕਰ ਕੇ ਸੁਲਝਾ ਲਿਆ ਗਿਆ। ਡਾ. ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਕੀਤੀ ਗਈ ਕੌਮ ਦੀ ਵੱਡੀ ਸੇਵਾ ਹੈ ਤੇ ਨਿਭਾਈ ਗਈ ਸ਼ਲਾਘਾਯੋਗ ਭੂਮਿਕਾ ਨਾਲ ਇਸ ਮਸਲੇ ਦਾ ਹੱਲ ਤੁਰੰਤ ਹੋਇਆ ਤੇ ਨਿਹੰਗ ਸਿੰਘ ਵਾਪਸ ਪੰਜਾਬ ਪਰਤ ਆਏ। ਗੁਰਦੁਆਰੇ ਸਬੰਧੀ ਚੱਲਿਆ ਵਿਵਾਦ ਆਪਸੀ ਗੱਲਬਾਤ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਾਂਤੀਪੂਰਵਕ ਹੱਲ ਹੋ ਗਿਆ ਹੈ। ਉੱਤਰਾਖੰਡ ਸਰਕਾਰ, ਪ੍ਰਸ਼ਾਸਨ, ਪੁਲਸ ਤੇ ਧਾਰਮਿਕ ਆਗੂਆਂ ਨੇ ਮਿਲ ਕੇ ਹੱਲ ਲੱਭਣ ਲਈ ਸ਼ਲਾਘਾਯੋਗ ਕੰਮ ਕੀਤਾ। ਹੇਮਕੁੰਟ ਸਾਹਿਬ ਯਾਤਰਾ ਬਿਨਾਂ ਕਿਸੇ ਰੁਕਾਵਟ ਦੇ ਆਮ ਵਾਂਗ ਚੱਲ ਰਹੀ ਹੈ। ਇਸ ਦੌਰਾਨ ਸਰਕਾਰ ਤੇ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ ਤੇ ਹੁਣ ਸੰਗਤਾਂ ਗੁਰੂ ਘਰਾਂ ਵਿਚ ਨਤਮਸਤਕ ਹੋਣ ਲਈ ਚਾਲੇ ਪਾ ਰਹੀਆਂ ਹਨ।